ਆਮ ਬਜਟ 2023-24, ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਫ਼ੈਸਲੇ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਦਿਸ਼ਾ
01/29/2023 6:09:49 PM

ਨਵੀਂ ਦਿੱਲੀ- ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਇਸ ਹਫਤੇ ਆਮ ਬਜਟ 2023-24 ਅਤੇ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਫ਼ੈਸਲੇ ਨਾਲ ਤੈਅ ਹੋਵੇਗੀ। ਵਿਸ਼ਲੇਸ਼ਕਾਂ ਨੇ ਇਹ ਰਾਏ ਪ੍ਰਗਟਾਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੌਜੂਦਾ ਤਿਮਾਹੀ ਨਤੀਜਿਆਂ ਦਾ ਸੀਜ਼ਨ, ਗਲੋਬਲ ਬਾਜ਼ਾਰ ਦੇ ਰੁਝਾਨ, ਘਰੇਲੂ ਮੈਕਰੋ-ਆਰਥਿਕ ਅੰਕੜੇ ਅਤੇ ਵਾਹਨਾਂ ਦੀ ਵਿਕਰੀ ਦੇ ਮਹੀਨਾਵਾਰ ਅੰਕੜੇ ਵੀ ਬਾਜ਼ਾਰ ਦੀ ਦਿਸ਼ਾ ਨੂੰ ਪ੍ਰਭਾਵਿਤ ਕਰਨਗੇ।
ਸਵਾਸਤਿਕਾ ਇਨਵੈਸਟਮਾਰਟ ਲਿਮਟਿਡ ਦੀ ਖੋਜ ਮੁਖੀ ਸੰਤੋਸ਼ ਮੀਨਾ ਨੇ ਕਿਹਾ, “ਸਭ ਤੋਂ ਮਹੱਤਵਪੂਰਨ ਘਟਨਾਵਾਂ 1 ਫਰਵਰੀ ਨੂੰ ਪੇਸ਼ ਹੋਣ ਵਾਲਾ ਆਮ ਬਜਟ ਅਤੇ ਉਸੇ ਦਿਨ ਅਮਰੀਕੀ ਕੇਂਦਰੀ ਬੈਂਕ ਦੀ ਮੀਟਿੰਗ ਹੈ। ਜਿੱਥੇ ਕਈ ਕੰਪਨੀਆਂ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਲਈ ਕਮਾਈ ਦੇ ਅੰਕੜਿਆਂ ਦਾ ਐਲਾਨ ਕਰਨਗੀਆਂ, ਉੱਥੇ ਵਾਹਨਾਂ ਦੀ ਮਾਸਿਕ ਵਿਕਰੀ ਦੇ ਅੰਕੜੇ ਵੀ ਹਫ਼ਤੇ ਦੌਰਾਨ ਆਉਣਗੇ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਦੀ ਨਜ਼ਰ ਇਸ ਹਫ਼ਤੇ ਅਡਾਨੀ ਗਰੁੱਪ 'ਤੇ ਵੀ ਰਹੇਗੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਪੀ.ਆਈ) ਦਾ ਪ੍ਰਵਾਹ ਵੀ ਬਾਜ਼ਾਰ ਦੀ ਦਿਸ਼ਾ ਲਈ ਮਹੱਤਵਪੂਰਨ ਹੋਵੇਗੀ।
ਪਿਛਲੇ ਹਫਤੇ ਨਿਵੇਸ਼ ਖੋਜ ਕੰਪਨੀ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਗਰੁੱਪ 'ਤੇ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਗਰੁੱਪ ਦੇ ਸ਼ੇਅਰ ਤੇਜ਼ੀ ਨਾਲ ਹੇਠਾਂ ਆ ਗਏ ਹੈ। ਮੈਕਰੋ-ਆਰਥਿਕ ਮੋਰਚੇ 'ਤੇ, ਨਿਰਮਾਣ ਅਤੇ ਸੇਵਾ ਖੇਤਰਾਂ ਲਈ ਖਰੀਦ ਪ੍ਰਬੰਧਕ ਸੂਚਕਾਂਕ (ਪੀ.ਐੱਮ.ਆਈ) ਡੇਟਾ ਕ੍ਰਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਆਉਣਗੇ। ਸੈਮਕੋ ਸਕਿਓਰਿਟੀਜ਼ ਦੇ ਮਾਰਕੀਟ ਪਰਸਪੈਕਟਿਵ ਐਂਡ ਰਿਸਰਚ ਦੇ ਮੁਖੀ ਅਪੂਰਵਾ ਸੇਠ ਨੇ ਕਿਹਾ ਕਿ ਇਕ ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਣ ਕਾਰਨ ਇਹ ਹਫ਼ਤਾ ਬਹੁਤ ਮਹੱਤਵਪੂਰਨ ਰਹੇਗਾ। ਸ਼ੇਅਰ ਬਾਜ਼ਾਰ ਦੀ ਰਫ਼ਤਾਰ ਦਾ ਅਸਰ ਕੰਪਨੀਆਂ ਦੀ ਤਿਮਾਹੀ ਕਮਾਈ 'ਤੇ ਵੀ ਪੈਂਦਾ ਹੈ। ਐੱਫ.ਓ.ਐੱਮ.ਸੀ. ਦੀ ਮੀਟਿੰਗ 'ਤੇ ਦੁਨੀਆ ਭਰ ਦੇ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ।
ਇਸ ਮਹੀਨੇ ਹੁਣ ਤੱਕ 17,000 ਕਰੋੜ ਰੁਪਏ ਦੀ ਨਿਕਾਸੀ ਕਰ ਚੁੱਕੇ ਵਿਦੇਸ਼ੀ ਨਿਵੇਸ਼ਕਾਂ ਦੀਆਂ ਸਰਗਰਮੀਆਂ ਵੀ ਬਾਜ਼ਾਰ ਦਾ ਰੁਝਾਨ ਤੈਅ ਕਰਨਗੀਆਂ। ਰੇਲੀਗੇਰ ਬ੍ਰੋਕਿੰਗ ਲਿਮਟਿਡ ਦੇ ਟੈਕਨੀਕਲ ਰਿਸਰਚ ਉਪ ਪ੍ਰਧਾਨ ਅਜੀਤ ਮਿਸ਼ਰਾ ਨੇ ਕਿਹਾ, “ਇਹ ਹਫ਼ਤਾ ਕੇਂਦਰੀ ਬਜਟ ਕਾਰਨ ਨਾ ਸਿਰਫ਼ ਵਿੱਤੀ ਬਾਜ਼ਾਰਾਂ ਲਈ, ਸਗੋਂ ਅਰਥਵਿਵਸਥਾ ਲਈ ਵੀ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਇਸ ਤੋਂ ਇਲਾਵਾ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਕੇਂਦਰੀ ਬੈਂਕ ਦੀ ਬੈਠਕ ਦੇ ਨਤੀਜਿਆਂ 'ਤੇ ਰਹੇਗੀ।