ਸ਼੍ਰੀਨਿਵਾਸਨ ਨੂੰ ਫਿਰ ਫੈਡਰਲ ਬੈਂਕ ਦੇ MD, CEO ਨਿਯੁਕਤ ਕਰਨ ਦੀ ਮਨਜ਼ੂਰੀ
Saturday, Jul 10, 2021 - 02:58 PM (IST)
ਕੋਚੀ- ਫੈਡਰਲ ਬੈਂਕ ਦੇ ਸ਼ੇਅਰਧਾਰਕਾਂ ਨੇ ਸ਼ਯਾਮ ਸ਼੍ਰੀਨਵਾਸਨ ਨੂੰ ਤਿੰਨ ਸਾਲ ਲਈ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਰੂਪ ਵਿਚ ਫਿਰ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਦੇ ਸ਼ੇਅਰਧਾਰਕਾਂ ਦੀ 90ਵੀਂ ਸਾਲਾਨਾ ਆਮ ਸਭਾ ਵਿਚ ਇਹ ਫ਼ੈਸਲਾ ਲਿਆ ਗਿਆ। ਮੀਟਿੰਗ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਸੀ।
ਸ਼੍ਰੀਨਿਵਾਸਨ ਨੇ ਆਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਪਿਛਲੇ ਸਾਲ ਕਿਹਾ ਸੀ ਕਿ ਆਸਾਨ, ਡਿਜੀਟਲ, ਸੰਪਰਕ ਰਹਿਤ (ਬੈਂਕਿੰਗ) ਵਿੱਤੀ ਸਾਲ 2020-21 ਲਈ ਸਾਡੇ ਰਣਨੀਤਕ ਕੇਂਦਰ ਬਿੰਦੂ ਹੋਣਗੇ ਅਤੇ ਬੈਂਕ ਨੂੰ ਭਾਰਤੀਆਂ ਦੀ ਪਹਿਲੀ ਪਸੰਦ ਬਣਾਉਣ ਲਈ ਸਾਡੀ ਯਾਤਰਾ ਦੀ ਨੀਂਹ ਰਖਾਂਗੇ।"
ਸ਼੍ਰੀਨਿਵਾਸਨ ਨੇ ਪਹਿਲੀ ਵਾਰ 23 ਸਤੰਬਰ 2010 ਨੂੰ ਨਿੱਜੀ ਖੇਤਰ ਦੇ ਇਸ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਸੀ. ਈ. ਓ. ਦਾ ਕਾਰਜਕਾਰ ਸੰਭਾਲਿਆ ਸੀ। ਇਸ ਤੋਂ ਪਹਿਲਾਂ ਕੱਲ ਭਾਰਤੀ ਰਿਜ਼ਰਵ ਬੈਂਕ ਨੇ ਸ਼੍ਰੀਨਿਵਾਸਨ ਦੀ ਮੁੜ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸ਼੍ਰੀਨਿਵਾਸਨ ਭਾਰਤ, ਪੱਛਮੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਵਿਚ ਮੋਹਰੀ ਬੈਂਕਾਂ ਨਾਲ 20 ਤੋਂ ਜ਼ਿਆਦਾ ਸਾਲਾਂ ਦੇ ਕੰਮ ਦੇ ਤਜਰਬੇ ਨਾਲ ਫੈਡਰਲ ਬੈਂਕ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਕੋਲ ਪ੍ਰਚੂਨ ਕਰਜ਼, ਧਨ ਪ੍ਰਬੰਧਨ ਅਤੇ ਲਘੂ ਤੇ ਮੱਧਮ ਉਦਮਾਂ (ਐੱਸ. ਐੱਮ. ਈ.) ਬੈਂਕਿੰਗ ਵਿਚ ਚੰਗੀ-ਖਾਸੀ ਮਹਾਰਤਾ ਹੈ। ਸ਼੍ਰੀਨਿਵਾਸਨ ਭਾਰਤੀ ਪ੍ਰਬੰਧਨ ਸੰਸਥਾਨ, ਕਲਕੱਤਾ ਅਤੇ ਰੀਜਨਲ ਇੰਜੀਨੀਅਰਿੰਗ ਕਾਲਜ, ਤਿਰੂਚਾਰਪੱਲੀ ਦੇ ਸਾਬਕਾ ਵਿਦਿਆਰਥੀ ਹਨ।