ਮੂੰਧੇ ਮੂੰਹ ਡਿੱਗਾ ਰੁਪਇਆ! ਭਾਰਤੀ ਕਰੰਸੀ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ

Thursday, Sep 22, 2022 - 12:20 PM (IST)

ਮੂੰਧੇ ਮੂੰਹ ਡਿੱਗਾ ਰੁਪਇਆ! ਭਾਰਤੀ ਕਰੰਸੀ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ

ਨਵੀਂ ਦਿੱਲੀ — ਸ਼ੁਰੂਆਤੀ ਵਪਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 51 ਪੈਸੇ ਫਿਸਲ ਕੇ 80.47 ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ, ਜਿਸ ਨਾਲ ਨਿਵੇਸ਼ਕ ਭਾਵਨਾਵਾਂ 'ਤੇ ਭਾਰ ਪਿਆ ਕਿਉਂਕਿ ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਅਤੇ ਮਜ਼ਬੂਤ ​​ਰੁਖ ਜਾਰੀ ਰੱਖਣ ਦਾ ਸਪੱਸ਼ਟ ਸੰਕੇਤ ਦਿੱਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ ਡਾਲਰ ਦੇ ਮੁਕਾਬਲੇ 80.47 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 51 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ।

ਵੀਰਵਾਰ ਨੂੰ ਰੁਪਇਆ 80.27 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਸੌਦਿਆਂ 'ਚ 80.47 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਸਥਾਨਕ ਮੁਦਰਾ 'ਤੇ ਅਸਰ ਪਿਆ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਜ਼ਬੂਤੀ ਅਤੇ ਨਿਵੇਸ਼ਕਾਂ ਦੀ ਜੋਖਮ ਨਾ ਲੈਣ ਦੀ ਪ੍ਰਵਿਰਤੀ ਨੇ ਵੀ ਰੁਪਏ ਨੂੰ ਪ੍ਰਭਾਵਿਤ ਕੀਤਾ। ਬੁੱਧਵਾਰ ਨੂੰ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 22 ਪੈਸੇ ਟੁੱਟ ਕੇ 79.96 ਦੇ ਪੱਧਰ 'ਤੇ ਬੰਦ ਹੋਇਆ।

ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 0.75 ਫ਼ੀਸਦੀ ਵਧਾ ਦਿੱਤੀਆਂ ਹਨ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਵੀ ਕਿਹਾ ਹੈ ਕਿ ਮਹਿੰਗਾਈ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। 

ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.88 ਫੀਸਦੀ ਵਧ ਕੇ 111.61 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.49 ਫੀਸਦੀ ਵਧ ਕੇ 90.27 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ 461.04 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : SBI ਨੇ ਬਰਾਮਦਕਾਰਾਂ ਨੂੰ ਬੰਗਲਾਦੇਸ਼ ਨਾਲ ਡਾਲਰ ਦੀ ਬਜਾਏ ਰੁਪਏ-ਟਕਾ 'ਚ ਵਪਾਰ ਕਰਨ ਲਈ ਕਿਹਾ, ਜਾਣੋ ਵਜ੍ਹਾ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ ਰਿਜ਼ਰਵਰਸ ਨੂੰ ਬੁਲਾਇਆ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰੂਸ ਨੇ ਰਿਜ਼ਰਵ ਸੈਨਿਕਾਂ ਨੂੰ ਬੁਲਾਇਆ ਹੈ। ਇਸ ਨੇ ਡਾਲਰ ਦੇ ਮੁਕਾਬਲੇ ਯੂਰੋ ਨੂੰ 20 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚਾ ਦਿੱਤਾ ਹੈ। ਫਿਲਹਾਲ ਇਸਦੀ ਕੀਮਤ 0.9807 ਡਾਲਰ 'ਤੇ ਚੱਲ ਰਹੀ ਹੈ। ਡਾਲਰ ਦੇ ਮਜ਼ਬੂਤ ​​ਹੋਣ ਕਾਰਨ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀਆਂ ਕਰੰਸੀਆਂ 'ਚ ਗਿਰਾਵਟ ਆਈ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਸਿੰਗਾਪੁਰ ਅਤੇ ਚੀਨ ਦੀਆਂ ਮੁਦਰਾਵਾਂ ਦੋ ਸਾਲਾਂ ਦੇ ਹੇਠਲੇ ਪੱਧਰ 'ਤੇ ਹਨ ਜਦਕਿ ਬ੍ਰਿਟਿਸ਼ ਪਾਉਂਡ 37 ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਜਾਪਾਨੀ ਯੇਨ ਵੀ ਡਾਲਰ ਦੇ ਮੁਕਾਬਲੇ 24 ਸਾਲ ਦੇ ਹੇਠਲੇ ਪੱਧਰ ਉੱਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਸਟੀਲ ਪਲਾਂਟ 'ਤੇ 4 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ESSAR ਗਰੁੱਪ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News