ਫੇਸਬੁੱਕ ਨੇ ਕਿਹਾ, ਆਈ. ਟੀ. ਨਿਯਮਾਂ ਦੀਆਂ ਵਿਵਸਥਾਵਾਂ ਦੀ ਪਾਲਣਾ ਕਰਨ ਲਈ ਵਚਨਬੱਧ
Wednesday, May 26, 2021 - 11:05 AM (IST)
ਨਵੀਂ ਦਿੱਲੀ– ਸੋਸ਼ਲ ਮੀਡੀਆ ਖੇਤਰ ਦੀ ਦਿੱਗਜ਼ ਕੰਪਨੀ ਫੇਸਬੁੱਕ ਨੇ ਕਿਹਾ ਕਿ ਉਹ ਕਾਰਜਸ਼ੀਲ ਪ੍ਰਕਿਰਿਆਵਾਂ ਨੂੰ ਲਾਗੂ ਕਰਨ ਲਈ ਕੰਮ ਕਰ ਰਹੀ ਹੈ ਅਤੇ ਉਸ ਦਾ ਟੀਚਾ ਆਈ. ਟੀ. ਨਿਯਮਾਂ ਦੀਆਂ ਵਿਵਸਥਾਵਾਂ ਦੀ ਪਾਲਣਾ ਕਰਨਾ ਹੈ। ਇਹ ਨਿਯਮ 26 ਮਈ ਤੋਂ ਪ੍ਰਭਾਵ ’ਚ ਆਉਣਗੇ। ਹਾਲਾਂਕਿ ਇਸ ਦੇ ਨਾਲ ਹੀ ਫੇਸਬੁੱਕ ਨੇ ਕਿਹਾ ਕਿ ਉਹ ਸਰਕਾਰ ਨਾਲ ਉਨ੍ਹਾਂ ਮੁੱਦਿਆਂ ’ਤੇ ਵਿਚਾਰ ਜਾਰੀ ਰੱਖੇਗੀ, ਜਿਨ੍ਹਾਂ ’ਤੇ ਵਧੇਰੇ ਸੰਪਰਕ ਰੱਖਣ ਦੀ ਲੋੜ ਹੈ।
ਫੇਸਬੁੱਕ ਦਾ ਇਹ ਬਿਆਨ ਇਸ ਨਜ਼ਰੀਏ ਨਾਲ ਅਹਿਮ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਡਿਜੀਟਲ ਮੰਚਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨਾ ਹੈ। ਇਸ ਦੀ ਮਿਆਦ 25 ਮਈ ਹੀ ਹੈ। ਨਵੇਂ ਨਿਯਮਾਂ ਦਾ ਐਲਾਨ ਫਰਵਰੀ ’ਚ ਕੀਤਾ ਗਿਆ ਸੀ। ਇਨ੍ਹਾਂ ਦੇ ਤਹਿਤ ਸੋਸ਼ਲ ਮੀਡੀਆ ਮੰਚਾਂ ਜਿਵੇਂ ਟਵਿਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਨੂੰ ਵਾਧੂ ਜਾਂਚ-ਪਰਖ ਨੂੰ ਪੂਰਾ ਕਰਨਾ ਹੋਵੇਗਾ। ਨਾਲ ਹੀ ਸੋਸ਼ਲ ਮੀਡੀਆ ਕੰਪਨੀਆਂ ਨੂੰ ਮੁੱਖ ਪਾਲਣਾ ਅਧਿਕਾਰੀ, ਨੋਡਲ ਸੰਪਰਕ ਕਰਮਚਾਰੀ ਅਤੇ ਸ਼ਿਕਾਇਤ ਨਿਪਟਾਰਾ ਅਧਿਕਾਰੀ ਦੀ ਨਿਯੁਕਤੀ ਕਰਨੀ ਹੋਵੇਗੀ।
ਸੂਚਨਾ ਤਕਨਾਲੋਜੀ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਨਿਯਮਾਂ ਦੇ ਹੋਂਦ ’ਚ ਆਉਣ ਤੋਂ ਬਾਅਦ ਪਹਿਲੇ ਦਿਨ ਤੋਂ ਸ਼ਿਕਾਇਤ ਦੇ ਹੱਲ ਲਈ ਅਧਿਕਾਰੀ ਦੀ ਨਿਯੁਕਤੀ ਸਭ ਤੋਂ ਅਹਿਮ ਲੋੜ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਸੋਸ਼ਲ ਮੀਡੀਆ ਕੰਪਨੀਆਂ ਆਪਣਾ ਰੁਤਬਾ ਗਵਾ ਦੇਣਗੀਆਂ। ਇਸ ਦੇ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਨ੍ਹਾਂ ਵਲੋਂ ਤੀਜੇ ਪੱਖ ਦੀ ਸੂਚਨਾ ਅਤੇ ਵੇਰਵੇ ਦੀ ‘ਹੋਸਟਿੰਗ’ ਲਈ ਜ਼ਿੰਮੇਵਾਰੀ ਤੋਂ ਛੋਟ ਮਿਲਦੀ ਹੈ।