ਯੂਕੇ ਵਿੱਚ ਡੀਜ਼ਲ-ਪੈਟਰੋਲ ਦੀ ਭਾਰੀ ਕਿੱਲਤ, ਪੰਪਾਂ 'ਤੇ ਲੱਗੀਆਂ ਕਿੱਲੋਮੀਟਰਾਂ ਤੱਕ ਲੰਮੀਆਂ ਲਾਈਨਾਂ
Sunday, Sep 26, 2021 - 10:19 AM (IST)
ਲੰਡਨ - ਬ੍ਰਿਟੇਨ ਵਿੱਚ ਖਾਣ -ਪੀਣ ਦੀਆਂ ਵਸਤੂਆਂ ਦੀ ਭਾਰੀ ਕਮੀ ਪੈਦਾ ਹੋ ਗਈ ਹੈ। ਸੁਪਰਮਾਰਕੀਟਾਂ ਦੇ ਬਾਹਰ ਲੰਮੀਆਂ ਲਾਈਨਾਂ ਹਨ, ਪਰ ਉਹ ਵੀ ਲਗਭਗ ਖਾਲੀ ਹੋ ਚੁੱਕੇ ਹਨ। ਪੈਟਰੋਲ ਪੰਪਾਂ ਅਤੇ ਗੈਸ ਸਟੇਸ਼ਨਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਹਨ, ਪਰ ਉਹ ਵੀ ਤੇਲ ਦੀ ਕਮੀ ਕਾਰਨ ਹੌਲੀ-ਹੌਲੀ ਬੰਦ ਹੋ ਰਹੇ ਹਨ। ਯੂ.ਕੇ. ਵਿੱਚ ਡੀਜ਼ਲ ਪੈਟਰੋਲ ਦੀ ਭਾਰੀ ਕਿੱਲਤ ਹੋ ਗਈ ਹੈ। ਕਈ ਪੰਪਾਂ 'ਤੇ ਪੈਟਰੋਲ-ਡੀਜ਼ਲ ਖਤਮ ਹੋ ਚੁੱਕੇ ਹਨ। ਕਈ ਪੰਪਾਂ ਦੇ ਬਾਹਰ ਦੋ-ਦੋ ਕਿੱਲੋਮੀਟਰ ਦੀਆਂ ਲੰਬੀਆਂ ਲਾਇਨਾਂ ਲੱਗੀਆਂ ਵੇਖਣ ਨੂੰ ਮਿਲ ਰਹੀਆਂ ਹਨ। ਬੀ.ਪੀ., ਟੈਸਕੋ, ਕੋਪ ਦੇ ਪੈਟਰੋਲ ਪੰਪ ਤੇਲ ਉਪਲੱਬਧ ਨਾ ਹੋਣ ਕਾਰਨ ਬੰਦ ਹੋ ਗਏ ਹਨ। ਗਾਹਕ ਪੰਪ ਮਾਲਕਾਂ ਨਾਲ ਬਹਿਸ ਕਰ ਰਹੇ ਹਨ। ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਰ ਸਵਾਲ ਇਹ ਹੈ ਕਿ ਇਹ ਸੰਕਟ ਕਿਵੇਂ ਆਇਆ?
ਇਹ ਵੀ ਪੜ੍ਹੋ : ਚੀਨ ਦੀ ਧਮਕੀ ਨਾਲ ਬਿਟਕੁਆਈਨ ਧੜੱਮ, ਈਥੇਰੀਅਮ ’ਚ ਵੀ 8 ਫੀਸਦੀ ਗਿਰਾਵਟ
ਬ੍ਰੈਕਜ਼ਿਟ (Brexit) ਅਤੇ ਕੋਰੋਨਾ ਮਹਾਂਮਾਰੀ ਦੇ ਕਾਰਨ, ਦੇਸ਼ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹੈ। ਜਿਸ ਕਾਰਨ ਜ਼ਰੂਰੀ ਵਸਤਾਂ ਦੀ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਬ੍ਰਿਟੇਨ ਵਿੱਚ ਇੱਕ ਲੱਖ ਟਰੱਕ ਡਰਾਈਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਿਪਾਹੀ ਤਾਇਨਾਤ ਕੀਤੇ ਜਾ ਸਕਦੇ ਹਨ। ਇਹ ਸੈਨਿਕ ਦੇਸ਼ ਭਰ ਵਿੱਚ ਭੋਜਨ, ਬਾਲਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰਨਗੇ।
ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ
ਪਿਛਲੇ ਕਈ ਸਾਲਾਂ ਤੋਂ ਟਰੱਕ ਚਲਾ ਰਹੇ ਇਕ ਡਰਾਈਵਰ ਨੇ ਦੱਸਿਆ ਕਿ ਬ੍ਰਿਟੇਨ ਵਿੱਚ ਜ਼ਿਆਦਾਤਰ ਟਰੱਕ ਡਰਾਈਵਰ ਯੂਰਪੀਅਨ ਦੇਸ਼ਾਂ ਤੋਂ ਆਏ ਸਨ। ਪਰ ਬ੍ਰੈਕਸਿਟ ਤੋਂ ਬਾਅਦ, ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਿਆ।ਇਸਦਾ ਪ੍ਰਭਾਵ ਹੁਣ ਦਿਖਾਈ ਦੇ ਰਿਹਾ ਹੈ। ਬ੍ਰਿਟੇਨ ਵਿੱਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਹਜ਼ਾਰਾਂ ਡਰਾਈਵਰ ਸੰਕਰਮਿਤ ਹੋਏ। ਇਸ ਤੋਂ ਬਾਅਦ ਬਹੁਤ ਸਾਰੇ ਡਰਾਈਵਰਾਂ ਨੇ ਆਪਣੀ ਨੌਕਰੀ ਛੱਡ ਦਿੱਤੀ। ਫੈਡਰੇਸ਼ਨ ਆਫ ਹੋਲਸੇਲ ਡਿਸਟਰੀਬਿਊਟਰਸ ਦੇ ਮੁੱਖ ਕਾਰਜਕਾਰੀ ਜੇਮਜ਼ ਬੀ.ਐਲ.ਬੀ. ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਵਧੇਗੀ।
ਬ੍ਰਿਟਿਸ਼ ਕੰਪਨੀਆਂ 78 ਲੱਖ ਰੁਪਏ ਤੱਕ ਦੀ ਸਾਲਾਨਾ ਤਨਖਾਹ ਦੇਣ ਲਈ ਤਿਆਰ
ਬ੍ਰਿਟਿਸ਼ ਕੰਪਨੀਆਂ 78 ਲੱਖ ਰੁਪਏ ਤੱਕ ਦੀ ਸਾਲਾਨਾ ਤਨਖਾਹ ਦੇਣ ਲਈ ਤਿਆਰ ਹਨ। ਲਿੰਕਨਸ਼ਾਇਰ ਦੀ ਇੱਕ ਸਬਜ਼ੀ ਫਰਮ ਨੇ ਕਿਹਾ ਕਿ ਅਸੀਂ ਡਰਾਈਵਰਾਂ ਨੂੰ ਹਰ ਘੰਟੇ 30 ਪੌਂਡ (ਲਗਭਗ 3030 ਰੁਪਏ) ਦੇਣ ਦਾ ਇਸ਼ਤਿਹਾਰ ਕੱਢਿਆ ਹੈ। ਫਿਰ ਵੀ ਡਰਾਈਵਰ ਨਹੀਂ ਲੱਭੇ ਜਾ ਰਹੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।