ਲਗਾਤਾਰ ਤੀਜੇ ਮਹੀਨੇ ਦੇਸ਼ ਦਾ ਐਕਸਪੋਰਟ ਘਟਿਆ, ਅਪ੍ਰੈਲ ’ਚ ਵਪਾਰ ਘਾਟਾ 20 ਮਹੀਨਿਆਂ ਦੇ ਹੇਠਲੇ ਪੱਧਰ ’ਤੇ
Tuesday, May 16, 2023 - 12:14 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਐਕਸਪੋਰਟ ’ਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਰਹੀ ਅਤੇ ਇਹ ਅਪ੍ਰੈਲ 2023 ’ਚ ਸਾਲਾਨਾ ਆਧਾਰ ’ਤੇ12.7 ਫ਼ੀਸਦੀ ਘੱਟ ਕੇ 34.66 ਅਰਬ ਡਾਲਰ ’ਤੇ ਆ ਗਿਆ। ਹਾਲਾਂਕਿ ਇਸ ਦੌਰਾਨ ਵਪਾਰ ਘਾਟਾ ਘੱਟ ਹੋ ਕੇ 20 ਮਹੀਨਿਆਂ ਵਿਚ ਸਭ ਤੋਂ ਘੱਟ 15.24 ਡਾਲਰ ਰਹਿ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਦੇਸ਼ ਦਾ ਇੰਪੋਰਟ ਵੀ ਸਾਲ ਭਰ ਪਹਿਲਾਂ ਦੀ ਤੁਲਣਾ ’ਚ ਕਰੀਬ 14 ਫ਼ੀਸਦੀ ਘੱਟ ਕੇ 49.9 ਅਰਬ ਡਾਲਰ ’ਤੇ ਆ ਗਿਆ। ਅਪ੍ਰੈਲ 2022 ਵਿਚ ਇਹ 58.06 ਅਰਬ ਡਾਲਰ ਰਿਹਾ ਸੀ। ਇਸ ਤਰ੍ਹਾਂ ਅਪ੍ਰੈਲ ਵਿਚ ਦੇਸ਼ ਦਾ ਵਪਾਰ ਘਾਟਾ 15.24 ਅਰਬ ਡਾਲਰ ਰਿਹਾ, ਜੋ ਪਿਛਲੇ 20 ਮਹੀਨਿਆਂ ਦਾ ਹੇਠਲਾ ਪੱਧਰ ਹੈ।
ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ
ਪਿਛਲਾ ਘੱਟੋ-ਘੱਟ ਪੱਧਰ ਅਗਸਤ 2021 ਵਿਚ 13.81 ਅਰਬ ਡਾਲਰ ਦਾ ਸੀ। ਉੱਥੇ ਹੀ ਅਪ੍ਰੈਲ 2022 ਵਿਚ ਵਪਾਰ ਘਾਟਾ 18.36 ਅਰਬ ਡਾਲਰ ਰਿਹਾ ਸੀ। ਦੇਸ਼ ਦੇ ਐਕਸਪੋਰਟ ’ਚ ਆਈ ਗਿਰਾਵਟ ਦੇ ਪਿੱਛੇ ਪ੍ਰਮੁੱਖ ਬਾਜ਼ਾਰਾਂ-ਯੂਰਪ ਅਤੇ ਅਮਰੀਕਾ ’ਚ ਮੰਗ ’ਚ ਆਈ ਸੁਸਤੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਹ ਸਥਿਤੀ ਆਉਣ ਵਾਲੇ ਕੁੱਝ ਮਹੀਨਿਆਂ ਤੱਕ ਬਣੀ ਰਹਿ ਸਕਦੀ ਹੈ। ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਸੰਤੋਸ਼ ਸਾਰੰਗੀ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ’ਚ ਮੰਗ ਦੀ ਸਥਿਤੀ ਬਹੁਤੀ ਚੰਗੀ ਨਹੀਂ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਗਲੇ ਦੋ-ਤਿੰਨ ਮਹੀਨਿਆਂ ਤੱਕ ਮੰਗ ਦਾ ਲੈਂਡਸਕੇਪ ਬਹੁਤ ਹਾਂਪੱਖੀ ਹੈ। ਹਾਲਾਂਕਿ ਸਤੰਬਰ ਤੋਂ ਬਾਅਦ ਹਾਲਾਤਾਂ ’ਚ ਸੁਧਾਰ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - NCLT ਨੇ Go First ਨੂੰ ਕਰਮਚਾਰੀਆਂ ਦੀ ਛਾਂਟੀ ਤੇ ਕੰਪਨੀ ਚਲਾਉਣ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼
ਇੰਪੋਰਟ ਦੇ ਮੋਰਚੇ ’ਤੇ ਆਈ ਗਿਰਾਵਟ ਬਾਰੇ ਸਾਰੰਗੀ ਨੇ ਕਿਹਾ ਕਿ ਜਿਣਸ ਉਤਪਾਦਾਂ ਦੀਆਂ ਕੀਮਤਾਂ ਘਟਣ ਅਤੇ ਰਤਨ ਅਤੇ ਗਹਿਣਾ ਵਰਗੇ ਅਖਤਿਆਰੀ ਖ਼ਰਚੇ ਮੰਨੇ ਜਾਣ ਵਾਲੇ ਉਤਪਾਦਾਂ ਦੀ ਮੰਗ ਘਟਣ ਕਾਰਣ ਅਜਿਹਾ ਹੋਇਆ ਹੈ। ਉਨ੍ਹਾਂ ਨੇ ਵਪਾਰ ਦ੍ਰਿਸ਼ ਸੁਧਰਣ ਲਈ ਇਲੈਕਟ੍ਰਾਨਿਕ ਉਤਪਾਦਾਂ, ਤੇਲ-ਤਿਲਹਨ ਅਤੇ ਖੇਤੀ ਉਤਪਾਦਾਂ ਵਰਗੇ ਐਕਸਪੋਰਟ ਮੰਗ ਵਾਲੇ ਸਾਮਾਨ ’ਤੇ ਧਿਆਨ ਦੇਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਰਤਨ ਅਤੇ ਗਹਿਣਾ, ਕੱਪੜਿਆਂ ਤੋਂ ਇਲਾਵਾ ਕੁੱਝ ਇੰਜੀਨੀਅਰਿੰਗ ਉਤਪਾਦਾਂ ਦੀ ਐਕਸਪੋਰਟ ਮੰਗ ਵੀ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ - ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ ਵੀ ਸਭ ਤੋਂ ਘੱਟ, ਟੁੱਟਾ 34 ਮਹੀਨਿਆਂ ਦਾ ਰਿਕਾਰਡ
ਅਪ੍ਰੈਲ ਦੇ ਮਹੀਨੇ ’ਚ ਪੈਟਰੋਲੀਅਮ ਉਤਪਾਦਨ, ਰਤਨ ਅਤੇ ਗਹਿਣਾ, ਇੰਜੀਨੀਅਰਿੰਗ ਉਤਪਾਦ, ਰਸਾਇਣ ਅਤੇ ਰੈਡੀਮੇਡ ਕੱਪੜਿਆਂ ਦੇ ਐਕਸਪੋਰਟ ਵਿਚ ਨਾਂਹਪੱਖੀ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਲੈਕਟ੍ਰਾਨਿਕ ਉਤਪਾਦਾਂ, ਦਵਾਈਆਂ, ਚੌਲ ਅਤੇ ਤੇਲ ਦਾ ਐਕਸਪੋਰਟ ਵਧਿਆ ਹੈ। ਇਸ ਦੌਰਾਨ ਇਲੈਕਟ੍ਰਾਨਿਕ ਉਤਪਾਦਾਂ ਦਾ ਐਕਸਪੋਰਟ 26.49 ਫ਼ੀਸਦੀ ਵਧ ਕੇ 2.11 ਅਰਬ ਡਾਲਰ ਹੋ ਗਿਆ। ਦੂਜੇ ਪਾਸੇ ਕੱਚੇ ਤੇਲ ਦਾ ਇੰਪੋਰਟ 13.95 ਫ਼ੀਸਦੀ ਘਟ ਕੇ 15.17 ਅਰਬ ਡਾਲਰ ਰਹਿ ਗਿਆ। ਸੋਨੇ ਦਾ ਇੰਪੋਰਟ ਵੀ 41.48 ਫ਼ੀਸਦੀ ਡਿਗ ਕੇ ਅਪ੍ਰੈਲ ’ਚ ਇਕ ਅਰਬ ਡਾਲਰ ’ਤੇ ਆ ਗਿਆ। ਅਪ੍ਰੈਲ ’ਚ ਭਾਰਤ ਤੋਂ ਅਮਰੀਕਾ ਨੂੰ ਐਕਸਪੋਰਟ 17.16 ਫ਼ੀਸਦੀ ਘਟ ਕੇ 5.9 ਅਰਬ ਡਾਲਰ ’ਤੇ ਆ ਗਿਆ, ਜਦਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਐਕਸਪੋਰਟ 22 ਫ਼ੀਸਦੀ ਘੱਟ ਹੋ ਕੇ 2.23 ਅਰਬ ਡਾਲਰ ਰਹਿ ਗਿਆ। ਇਸ ਤੋਂ ਇਲਾਵਾ ਚੀਨ, ਸਿੰਗਾਪੁਰ, ਬੰਗਲਾਦੇਸ਼ ਅਤੇ ਜਰਮਨੀ ਨੂੰ ਐਕਸਪੋਰਟ ’ਚ ਵੀ ਨਾਂਹਪੱਖੀ ਵਾਧਾ ਦਰਜ ਕੀਤਾ ਗਿਆ।