ਮਹਿੰਗੇ ਈਂਧਨ ਨੇ ਵਿਗਾੜਿਆ ਲੋਕਾਂ ਦੇ ਘਰਾਂ ਦਾ ਬਜਟ

04/06/2022 3:33:52 PM

ਕੋਲਕਾਤਾ–ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਕੋਲਕਾਤਾ ਮਹਾਨਗਰ ਦੇ ਵਾਸੀਆਂ ਲਈ ਰੋਜ਼ਾਨਾ ਦੇ ਸਾਮਾਨ ਨੂੰ ਵੀ ਖਰੀਦਣਾ ਇੰਨਾ ਮਹਿੰਗਾ ਕਰ ਦਿੱਤਾ ਹੈ ਕਿ ਲੋਕ ਬੇਹਾਲ ਹੋ ਗਏ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫਤੇ ’ਚ ਕੋਲਕਾਤਾ ਦੇ ਜ਼ਿਆਦਾਤਰ ਇਲਾਕਿਆਂ ’ਚ ਸਬਜ਼ੀਆਂ, ਅਨਾਜ ਅਤੇ ਖਾਣ ਵਾਲੇ ਤੇਲਾਂ ਦੇ ਰੇਟ ’ਚ ਕਾਫੀ ਤੇਜ਼ੀ ਆਈ ਹੈ। ਇਸ ਮਹਿੰਗਾਈ ਲਈ ਪਿਛਲੇ 2 ਹਫਤਿਆਂ ’ਚ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ’ਚ ਕੀਤੇ ਗਏ 9.20 ਰੁਪਏ ਪ੍ਰਤੀ ਲਿਟਰ ਦੇ ਵਾਧੇ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਮੰਗਲਵਾਰ ਨੂੰ ਕੋਲਕਾਤਾ ’ਚ ਪੈਟਰੋਲ 114.28 ਰੁਪਏ ਪ੍ਰਤੀ ਲਿਟਰ ਦੇ ਭਾਅ ’ਤੇ ਵਿਕ ਰਿਹਾ ਸੀ ਜਦ ਕਿ ਡੀਜ਼ਲ ਵੀ ਸੈਂਕੜਾ ਮਾਰਨ ਦੇ ਕਰੀਬ ਪਹੁੰਚ ਚੁੱਕਾ ਹੈ। ਡੀਜ਼ਲ 99.02 ਰੁਪਏ ਪ੍ਰਤੀ ਲਿਟਰ ਦੇ ਭਾਅ ’ਤੇ ਹੈ। ਪੱਛਮੀ ਬੰਗਾਲ ਸਰਕਾਰ ਵਲੋਂ ਖੇਤੀਬਾੜੀ ’ਤੇ ਗਠਿਤ ਵਰਕਫੋਰਸ ਦੇ ਮੈਂਬਰ ਰਵਿੰਦਰਨਾਥ ਕੋਲੇ ਨੇ ਕਿਹਾ ਕਿ ਆਦਰਸ਼ ਰੂਪ ’ਚ 25-30 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਰਹਿਣ ਵਾਲੀਆਂ ਸਬਜ਼ੀਆਂ ਇਸ ਸਮੇਂ 40-50 ਰੁਪਏ ਦੀ ਕੀਮਤ ’ਤੇ ਵਿਕ ਰਹੀਆਂ ਹਨ। ਇਸ ਮਹਿੰਗਾਈ ਕਾਰਨ ਈਂਧਨ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੈ। ਕੋਲਕਾਤਾ ਦੇ ਬੜਾਬਾਜ਼ਾਰ ਇਲਾਕੇ ’ਚ ਆਲੂ ਦੇ ਥੋਕ ਕਾਰੋਬਾਰੀ ਗੋਪਾਲ ਪਾਲ ਮੁਤਾਬਕ ਪਿਛਲੇ ਦੋ-ਤਿੰਨ ਦਿਨਾਂ ’ਚ ਹੀ ਆਲੂ ਦੇ ਥੋਕ ਰੇਟ ’ਚ ਪ੍ਰਤੀ ਬੋਰੀ 50 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ।
ਪਾਲ ਨੇ ਕਿਹਾ ਕਿ ਐੱਸ1 ਕਿਸਮ ਦਾ ਆਲੂ ਇਸ ਸਮੇਂ 840 ਰੁਪਏ ਦੇ ਭਾਅ ਵਿਕ ਰਿਹਾ ਹੈ, ਜਦ ਕਿ ਜੋਤੀ ਕਿਸਮ 950 ਰੁਪਏ ਅਤੇ ਚੰਦਰਮੁਖੀ ਕਿਸਮ ਦਾ ਆਲੂ 1,150 ਰੁਪਏ ਪ੍ਰਤੀ ਬੋਰੀ ਦੇ ਭਾਅ ’ਤੇ ਚੱਲ ਰਿਹਾ ਹੈ। ਇਸੇ ਤਰ੍ਹਾਂ ਚੌਲਾਂ ਦਾ ਪ੍ਰਚੂਨ ਰੇਟ ਵੀ 7 ਤੋਂ ਲੈ ਕੇ 10 ਰੁਪਏ ਪ੍ਰਤੀ ਕਿਲੋ ਤੱਕ ਵਧ ਚੁੱਕਾ ਹੈ। ਖਾਣਾ ਪਕਾਉਣ ’ਚ ਇਸਤੇਮਾਲ ਹੋਣ ਵਾਲੇ ਤੇਲ ਦੀਆਂ ਕੀਮਤਾਂ ’ਤੇ ਵੀ ਪੈਟਰੋਲੀਅਮ ਵਾਧੇ ਦਾ ਅਸਰ ਪਿਆ ਹੈ। ਕਾਰੋਬਾਰੀਆਂ ਮੁਤਾਬਕ ਸਰ੍ਹੋਂ ਤੇਲ ਇਕ ਹਫਤੇ ’ਚ ਹੀ 165-180 ਰੁਪਏ ਤੋਂ ਵਧ ਕੇ 195-210 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਪਹੁੰਚ ਗਿਆ ਹੈ। ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨਾਲ ਨਿੱਜੀ ਬੱਸ ਸੇਵਾ ਅਤੇ ਕੈਬ ਆਪ੍ਰੇਟਰ ਵੀ ਪ੍ਰੇਸ਼ਾਨ ਹੋ ਗਏ ਹਨ। ਉਨ੍ਹਾਂ ਨੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਾ ਮਿਲਣ ਦੀ ਸਥਿਤੀ ’ਚ ਆਪਣੇ ਵਾਹਨਾਂ ਨੂੰ ਸੜਕਾਂ ਤੋਂ ਹਟਾ ਲੈਣ ਦੀ ਧਮਕੀ ਵੀ ਦਿੱਤੀ ਹੈ।


Aarti dhillon

Content Editor

Related News