EPFO ਦੇ ਮੈਂਬਰਾਂ ਨੂੰ ਲੱਗ ਸਕਦਾ ਹੈ ਝਟਕਾ, ਇਸ ਕਾਰਨ ਘਟ ਸਕਦੀਆਂ ਹਨ ਵਿਆਜ ਦਰਾਂ !
Monday, Jan 06, 2020 - 05:03 PM (IST)

ਨਵੀਂ ਦਿੱਲੀ — ਕਰਮਚਾਰੀ ਭਵਿੱਖ ਨਿੱਧੀ ਸੰਗਠਨ(EPFO) PF ਦੀਆਂ ਵਿਆਜ ਦਰਾਂ 8.65 ਫੀਸਦੀ ਤੋਂ ਘੱਟ ਕਰ ਸਕਦਾ ਹੈ। EPFO ਵਲੋਂ 15 ਤੋਂ 25 ਆਧਾਰ ਅੰਕਾਂ ਤੱਕ ਵਿਆਜ ਦਰਾਂ ਘੱਟ ਕਰਨ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ EPFO ਦੇ 8 ਕਰੋੜ ਤੋਂ ਜ਼ਿਆਦਾ ਦੇ ਮੈਂਬਰਾਂ 'ਤੇ ਪਵੇਗਾ। ਜ਼ਿਕਰਯੋਗ ਹੈ ਕਿ ਨੌਕਰੀਪੇਸ਼ਾ ਲੋਕਾਂ ਲਈ ਪੀ.ਐੱਫ.(PF) ਭਵਿੱਖ ਦੀ ਆਰਥਿਕ ਸੁਰੱਖਿਆ ਦਾ ਵੱਡਾ ਸਾਧਨ ਹੈ ਅਤੇ ਵਿਆਜ ਘੱਟ ਹੋਣ ਨਾਲ ਇਨ੍ਹਾਂ ਮੈਂਬਰਾਂ ਨੂੰ ਹੀ ਵਿੱਤੀ ਨੁਕਸਾਨ ਹੋਵੇਗਾ।
ਇਕ ਅਖਬਾਰ ਮੁਤਾਬਕ ਵਿੱਤ ਮੰਤਰਾਲੇ ਨੂੰ ਇਸ ਗੱਲ ਦੀ ਚਿੰਤਾ ਹੈ ਕਿ PF 'ਤੇ ਜ਼ਿਆਦਾ ਰਿਟਰਨ ਦੇਣ 'ਤੇ ਬੈਂਕਾਂ ਲਈ ਜ਼ਿਆਦਾ ਆਕਰਸ਼ਕ ਵਿਆਜ ਦਰਾਂ ਦੇਣਾ ਸੰਭਵ ਨਹੀਂ ਹੋ ਸਕੇਗਾ। ਜਿਸ ਦਾ ਸਿੱਧਾ ਅਸਰ ਦੇਸ਼ ਦੀ ਅਰਥਵਿਵਸਥਾ 'ਤੇ ਵੀ ਪਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2018-19 'ਚ ਰਿਟਾਇਰਮੈਂਟ ਫੰਡ ਮੈਨੇਜਰ ਨੇ ਵਿੱਤ ਮੰਤਰਾਲੇ ਦੇ ਨਾਲ 7 ਮਹੀਨੇ ਦੀ ਗੱਲਬਾਤ ਦੇ ਬਾਅਦ ਆਪਣੇ ਗਾਹਕਾਂ ਲਈ 8.65 ਫੀਸਦੀ ਦੀ ਦਰ ਨਿਰਧਾਰਤ ਕੀਤੀ ਸੀ।
ਬੈਂਕਾਂ ਦੀ ਘਟੇਗੀ ਸਾਖ
ਰਿਪੋਰਟ ਮੁਤਾਬਕ ਬੈਂਕਾਂ ਦੀ ਵੀ ਦਲੀਲ ਹੈ ਕਿ PF ਵਰਗੀਆਂ ਛੋਟੀਆਂ ਬਚਤ ਯੋਜਨਾਵਾਂ ਅਤੇ EPFO ਵਲੋਂ ਉੱਚੀਆਂ ਵਿਆਜ ਦਰਾਂ ਦਿੱਤੇ ਜਾਣ ਕਾਰਨ ਲੋਕ ਉਨ੍ਹਾਂ ਕੋਲ ਰਕਮ ਜਮ੍ਹਾਂ ਨਹੀਂ ਕਰਵਾਉਣਾ ਚਾਹੁਣਗੇ, ਜਿਸ ਕਾਰਨ ਉਨ੍ਹਾਂ ਨੂੰ ਫੰਡ ਇਕੱਠਾ ਕਰਨ 'ਚ ਮੁਸ਼ਕਲ ਆ ਸਕਦੀ ਹੈ।