ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ ''ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ
Wednesday, Oct 21, 2020 - 09:28 AM (IST)
ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਕਈ ਨਿਯਮਾਂ 'ਚ ਅਹਿਮ ਬਦਲਾਅ ਕਰਦੇ ਹੋਏ ਡਿਜੀਟਲ ਵਿਵਸਥਾ ਸ਼ੁਰੂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਵਿਵਸਥਾ ਦਾ ਫਾਇਦਾ ਪੀ. ਐੱਫ. ਅਕਾਊਂਟ ਹੋਲਡਰਸ ਨੂੰ ਮਿਲੇਗਾ। ਕੋਰੋਨਾ ਕਾਲ 'ਚ ਈ. ਪੀ. ਐੱਫ. ਓ. ਹੁਣ ਕਾਨੂੰਨੀ ਅਦਾਲਤਾਂ ਵਾਂਗ ਹੀ ਈ. ਪੀ. ਐੱਫ. ਦੇ ਤਹਿਤ ਆਉਣ ਵਾਲੇ ਮਾਮਲਿਆਂ ਦੀ ਸੁਣਵਾਈ ਵਰਚੁਅਲ ਤਰੀਕੇ ਨਾਲ ਕਰੇਗਾ। ਉਥੇ ਹੀ ਇਸ ਦੇ ਤਹਿਤ ਆਉਣ ਵਾਲੇ ਕਰਮਚਾਰੀਆਂ ਦੀ ਬੀਮਾ ਰਾਸ਼ੀ ਵਧਾ ਕੇ 7 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਈ. ਪੀ. ਐੱਫ. ਓ. ਦੇ ਕਰਮਚਾਰੀਆਂ ਨੂੰ ਇਕ ਬੀਮਾ ਯੋਜਨਾ ਦਿੱਤੀ ਜਾਂਦੀ ਹੈ, ਜਿਸ ਨੂੰ ਇੰਪਲਾਇਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਯੋਜਨਾ (ਈ. ਡੀ. ਐੱਲ. ਆਈ.) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਹੂਲਤ ਦੇ ਤਹਿਤ ਜੇ ਕਿਸੇ ਕਰਮਚਾਰੀ ਦੀ ਮੌਤ ਸੇਵਾ ਮਿਆਦ ਦੌਰਾਨ ਹੁੰਦੀ ਹੈ ਤਾਂ ਉਸ ਵੱਲੋਂ ਨਾਮਜ਼ਦ ਕੀਤੇ ਵਿਅਕਤੀ ਨੂੰ 6 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹ ਭੁਗਤਾਨ ਇਕਮੁਸ਼ਤ ਹੁੰਦਾ ਹੈ। ਹੁਣ ਇਸ ਬੀਮਾ ਰਾਸ਼ੀ 'ਚ 1 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਈ. ਪੀ. ਐੱਫ. ਓ. ਵਲੋਂ ਵਟਸਐਪ ਹੈਲਪਲਾਈਨ ਸਰਵਿਸ ਸ਼ੁਰੂ ਕੀਤੀ ਗਈ ਹੈ, ਜਿਸ ਦੇ ਰਾਹੀਂ ਸ਼ੇਅਰਹੋਲਡਰਸ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾਏਗਾ। ਦੱਸ ਦਈਏ ਕਿ ਈ. ਪੀ. ਐੱਫ. ਓ. ਨੇ ਈ. ਪੀ. ਐੱਸ. ਮੈਂਬਰਾਂ ਨੂੰ ਯੋਜਨਾ ਦੇ ਪ੍ਰਮਾਣ ਪੱਤਰ ਲਈ ਕਰਮਚਾਰੀ ਪੈਨਸ਼ਨ ਯੋਜਨਾ, 1995 ਦੇ ਅਧੀਨ ਅਰਜ਼ੀ ਦਾਖਲ ਕਰਨ ਦੀ ਸਹੂਲਤ ਦੇ ਦਿੱਤੀ ਹੈ, ਜੋ ਮੈਂਬਰ ਆਪਣਾ ਈ. ਪੀ. ਐੱਫ. ਕੰਟਰੀਬਿਊਸ਼ਨ ਕੱਢ ਲੈਂਦੇ ਹਨ ਪਰ ਰਿਟਾਇਰਮੈਂਟ ਦੀ ਉਮਰ 'ਚ ਪੈਨਸ਼ਨ ਦਾ ਲਾਭ ਲੈਣ ਲਈ ਈ. ਪੀ. ਐੱਫ. ਓ. ਨਾਲ ਮੈਂਬਰਸ਼ਿਪ ਬਣਾ ਕੇ ਰੱਖਣਾ ਚਾਹੁੰਦੇ ਹਨ। ਇਹ ਸਰਟੀਫਿਕੇਟ ਉਨ੍ਹਾਂ ਮੈਂਬਰਾਂ ਨੂੰ ਜਾਰੀ ਹੁੰਦਾ ਹੈ। ਹਾਲਾਂਕਿ ਕੋਈ ਵੀ ਮੈਂਬਰ ਪੈਨਸ਼ਨ ਪਾਉਣ ਦਾ ਹੱਕਦਾਰ ਤਾਂ ਹੀ ਹੁੰਦਾ ਹੈ ਜਦੋਂ ਉਹ ਘੱਟ ਤੋਂ ਘੱਟ 10 ਸਾਲ ਤੱਕ ਕਰਮਚਾਰੀ ਪੈਂਸ਼ਨ ਯੋਜਨਾ, 1995 ਦਾ ਮੈਂਬਰ ਹੋਵੇ।