ਚੀਨੀ ਬੈਂਕਾਂ ਦੀ ਸਖਤੀ ’ਤੇ ਭਾਰੀ ਪਿਆ ਐਲਨ ਮਸਕ ਦਾ ਇਕ ‘ਟਵੀਟ’

Friday, May 21, 2021 - 06:10 PM (IST)

ਨਵੀਂ ਦਿੱਲੀ - ਚੀਨ ਦੇ ਬੈਂਕਾਂ ਵਲੋਂ ਕ੍ਰਿਪਟੋ ਕਰੰਸੀ ’ਤੇ ਕੀਤੀ ਗਈ ਸਖਤੀ ਨਾਲ ਬੁੱਧਵਾਰ ਨੂੰ ਦਿਨ ਵੇਲੇ ਡਿੱਗੀ ਕ੍ਰਿਪਟੋ ਕਰੰਸੀ ਬੁੱਧਵਾਰ ਦੇਰ ਰਾਤ ਕੀਤੇ ਗਏ ਟੈਸਲਾ ਦੇ ਸੀ. ਈ. ਓ. ਐਲਨ ਮਸਕ ਦੇ ਇਕ ਟਵੀਟ ਨਾਲ ਸੰਭਲ ਗਈ। ਮਸਕ ਦੇ ਟਵੀਟ ਦਾ ਕ੍ਰਿਪਟੋ ਕਰੰਸੀ ਬਾਜ਼ਾਰ ’ਤੇ ਇੰਨਾ ਜ਼ਬਰਦਸਤ ਅਸਰ ਹੋਇਆ ਕਿ 30 ਹਜ਼ਾਰ ’ਤੇ ਡਿੱਗਿਆ ਬਿਟਕੁਆਈਨ 37 ਹਜ਼ਾਰ ਡਾਲਰ ’ਤੇ ਬੰਦ ਹੋਇਆ ਅਤੇ ਵੀਰਵਾਰ ਸਵੇਰੇ ਇਸ ਨੇ 40738 ਡਾਲਰ ਦਾ ਉੱਚ ਪੱਧਰ ਛੂਹ ਲਿਆ।

ਇਸ ਤਰ੍ਹਾਂ ਮਸਕ ਦਾ ਇਕ ਟਵੀਟ ਚੀਨੀ ਸਰਕਾਰ ਦੀ ਸਖਤੀ ’ਤੇ ਭਾਰੀ ਪਿਆ। ਚੀਨ ਦੇ ਬੈਂਕਾਂ ਨੇ ਬੁੱਧਵਾਰ ਨੂੰ ਆਪਣੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਹ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਵਾਲਿਆਂ ਨੂੰ ਸੇਵਾਵਾਂ ਨਾ ਮੁਹੱਈਆ ਕਰਵਾਉਣ। ਬੈਂਕਾਂ ਨੂੰ ਕਿਹਾ ਗਿਆ ਸੀ ਕਿ ਉਹ ਕ੍ਰਿਪਟੋ ਦੇ ਨਿਵੇਸ਼ਕਾਂ ਨੂੰ ਰਜਿਸਟ੍ਰੇਸ਼ਨ ਕਰਨ ਅਤੇ ਆਨਲਾਈਨ ਪੇਮੈਂਟ ਚੈਨਲ ਬਣਾਉਣ ਅਤੇ ਟ੍ਰੇਡਿੰਗ ਅਤੇ ਸੈਟਲਮੈਂਟ ਦੇ ਕੰਮ ’ਚ ਸਹਿਯੋਗ ਨਾ ਦੇਣ। ਚੀਨ ਦੀ ਇਸ ਚਿਤਾਵਨੀ ਤੋਂ ਬਾਅਦ ਕ੍ਰਿਪਟੋ ਕਰੰਸੀ ਬਾਜ਼ਾਰ ਢਹਿ-ਢੇਰੀ ਹੋ ਗਿਆ ਸੀ।

ਕੀ ਲਿਖਿਆ ਮਸਕ ਨੇ : ਬੁੱਧਵਾਰ ਨੂੰ ਜਦੋਂ ਕ੍ਰਿਪਟੋ ਕਰੰਸੀ ਬਾਜ਼ਾਰ ’ਚ ਤੇਜ਼ ਗਿਰਾਵਟ ਆਈ ਅਤੇ ਬਿਟਕੁਆਈਨ ਸਮੇਤ ਪੂਰੀ ਕ੍ਰਿਪਟੋ ਕਰੰਸੀ ਮਾਰਕੀਟ ਦਾ ਮਾਰਕੀਟ ਕੈਪ ਇਕ ਦਿਨ ਦੇ ਅੰਦਰ 600 ਅਰਬ ਡਾਲਰ ਤੱਕ ਡਿੱਗ ਗਿਆ ਤਾਂ ਟੈਸਲਾ ਦੇ CEO ਨੇ ਟਵਿਟ ਕਰਕੇ ਡਾਇਮੰਡ ਦੀ ਇਮੋਜੀ ਨਾਲ ਗੋਲਡਨ ਹੈੱਡ ਦੀ ਇਮੋਜੀ ਸ਼ੇਅਰ ਕੀਤੀ। ਬਾਜ਼ਾਰ ਨੇ ਇਸ ਦਾ ਮਤਲਬ ਕੱਢਿਆ ਕਿ ਟੈਸਲਾ ਹਾਲੇ ਕ੍ਰਿਪਟੋ ਕਰੰਸੀ ਬਾਜ਼ਾਰ ’ਚ ਬਣਿਆ ਹੋਇਆ ਹੈ। ਇਸ ਟਵੀਟ ਤੋਂ ਇਕ ਘੰਟੇ ਦੇ ਅੰਦਰ ਬਿਟਕੁਆਈਨ 36 ਹਜ਼ਾਰ ’ਤੇ ਪਹੁੰਚ ਗਿਆ। ਇਸ ਤੋਂ ਬਾਅਦ ਐਲਨ ਮਸਕ ਨੇ ਇਕ ਘੰਟੇ ਬਾਅਦ ਦੂਜਾ ਟਵੀਟ ਕਰਦੇ ਹੋਏ ਲਿਖਿਆ ‘ਕ੍ਰੈਡਿਟ ਅਵਰ ਮਾਸਟਰ ਆਫ ਕੁਆਈਨ’। ਇਸ ਤੋਂ ਬਾਅਦ ਕੁਆਈਨ ਅਖੀਰ ’ਚ 37 ਹਜ਼ਾਰ ਡਾਲਰ ’ਤੇ ਬੰਦ ਹੋਇਆ। ਦਰਅਸਲ ਟੈਸਲਾ ਕੋਲ ਕਰੀਬ ਡੇਢ ਅਰਬ ਬਿਟਕੁਆਈਨ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਬਾਜ਼ਾਰ ’ਚ ਇਹ ਚਰਚਾ ਹੈ ਕਿ ਟੈਸਲਾ ਛੇਤੀ ਹੀ ਆਪਣੇ ਕੋਲ ਮੌਜੂਦ ਬਿਟਕੁਆਈਨ ਵੇਚ ਦੇਵੇਗਾ ਅਤੇ ਹਰ ਗਿਰਾਵਟ ਤੋਂ ਬਾਅਦ ਮਸਕ ਆ ਕੇ ਬਾਜ਼ਾਰ ਨੂੰ ਟਵਿਟਰ ਰਾਹੀਂ ਦੱਸ ਰਹੇ ਹਨ ਕਿ ਉਨ੍ਹਾਂ ਦੀ ਹੋਲਡਿੰਗ ਕਾਇਮ ਹੈ।


Harinder Kaur

Content Editor

Related News