ED ਨੇ ਐਮਾਜ਼ੋਨ ਅਤੇ ਫਿਊਚਰ ਗਰੁੱਪ ਦੇ ਚੋਟੀ ਦੇ ਅਧਿਕਾਰੀਆਂ ਨੂੰ ਭੇਜਿਆ ਸੰਮਨ

Monday, Nov 29, 2021 - 11:47 AM (IST)

ਨਵੀਂ ਦਿੱਲੀ (ਭਾਸ਼ਾ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਫਾਰੇਨ ਐਕਸਚੇਂਜ ਮੈਨੇਜਮੈਂਟ ਲਾਅ (ਫੇਮਾ) ਦੀ ਉਲੰਘਣਾ ਦੀ ਜਾਂਚ ਦੇ ਸਿਲਸਿਲੇ ਵਿਚ ਐਮਾਜ਼ੋਨ ਇੰਡੀਆ ਅਤੇ ਫਿਊਚਰ ਗਰੁੱਪ ਦੇ ਉੱਚ ਕਾਰਜਕਾਰੀਆਂ ਨੂੰ ਤਲਬ ਕੀਤਾ ਹੈ, ਜਿਨ੍ਹਾਂ ਵਿਚ ਐਮਾਜ਼ੋਨ ਇੰਡੀਆ ਦੇ ਕੰਟਰੀ ਪ੍ਰਮੁੱਖ ਅਮਿਤ ਅੱਗਰਵਾਲ ਵੀ ਸ਼ਾਮਲ ਹਨ।

ਆਧਿਕਾਰਕ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਦੋਵਾਂ ਸਮੂਹਾਂ ’ਚ ਵਿਵਾਦਿਤ ਸੌਦੇ ਨਾਲ ਸਬੰਧਤ ਫੇਮਾ ਜਾਂਚ ਦੇ ਸਿਲਸਿਲੇ ਵਿਚ ਇਨ੍ਹਾਂ ਅਧਿਕਾਰੀਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕੰਪਨੀ ਅਧਿਕਾਰੀਆਂ ਨੂੰ ਅਗਲੇ ਹਫਤੇ ਦਸਤਾਵੇਜ਼ਾਂ ਦੇ ਨਾਲ ਪੇਸ਼ ਹੋਣ ਨੂੰ ਕਿਹਾ ਗਿਆ ਹੈ।

ਸੂਤਰਾਂ ਮੁਤਾਬਕ, ਐਮਾਜ਼ੋਨ ਇੰਡੀਆ ਦੇ ਪ੍ਰਮੁੱਖ ਅੱਗਰਵਾਲ ਅਤੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਹੀ ਫਿਊਚਰ ਗਰੁੱਪ ਦੇ ਅਧਿਕਾਰੀਆਂ ਨੂੰ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੰਮਨ ਭੇਜਿਆ ਹੈ।

ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਪ੍ਰਮੁੱਖ ਈ-ਕਾਮਰਸ ਕੰਪਨੀਆਂ ਖਿਲਾਫ ਬਹੁ-ਬ੍ਰਾਂਡ ਪ੍ਰਚੂਨ ਕਾਰੋਬਾਰ ਨੂੰ ਲੈ ਕੇ ਵਣਜ ਮੰਤਰਾਲਾ ਨੇ ਈ. ਡੀ. ਨੂੰ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਸੀ। ਇਸ ਤੋਂ ਇਲਾਵਾ ਦਿੱਲੀ ਉੱਚ ਅਦਾਲਤ ਨੇ ਵੀ ਐਮਾਜ਼ੋਨ ਦੇ ਬਾਰੇ ਸਖਤ ਟਿੱਪਣੀ ਕੀਤੀ ਸੀ। ਉਸ ਤੋਂ ਬਾਅਦ ਈ. ਡੀ. ਨੇ ਫੇਮਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਾਂਚ ਸ਼ੁਰੂ ਕੀਤੀ ਸੀ।

ਹਾਈਕੋਰਟ ਨੇ ਕਿਹਾ ਸੀ ਕਿ ਅਮਰੀਕੀ ਕੰਪਨੀ ਐਮਾਜ਼ੋਨ ਨੇ ਫਿਊਚਰ ਗਰੁੱਪ ਦੀ ਗੈਰ-ਸੂਚੀਬੱਧ ਇਕਾਈ ਦੇ ਨਾਲ ਕੁੱਝ ਸਮਝੌਤਿਆਂ ਜ਼ਰੀਏ ਫਿਊਚਰ ਰਿਟੇਲ ਦਾ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਫੇਮਾ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਕਰ ਰਹੀ ਏਜੰਸੀ ਈ. ਡੀ. ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕੰਪਨੀਆਂ ਦੇ ਅਧਿਕਾਰੀਆਂ ਨੂੰ ਜਾਂਚ ਨੂੰ ਅੱਗੇ ਲੈ ਜਾਣ ਲਈ ਬੁਲਾਇਆ ਗਿਆ ਹੈ।


Harinder Kaur

Content Editor

Related News