ਮੋਦੀ ਸਰਕਾਰ ਦਾ ਵੱਡਾ ਕਦਮ ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ, ਕਰ ਲਓ ਤਿਆਰੀ
Wednesday, Oct 25, 2017 - 02:29 PM (IST)

ਨਵੀਂ ਦਿੱਲੀ— ਨਵੇਂ ਸਾਲ ਤੋਂ ਨੌਕਰੀਆਂ ਦੀ ਬਹਾਰ ਆਉਣ ਵਾਲੀ ਹੈ। ਮੋਦੀ ਸਰਕਾਰ ਨੇ ਅਰਥਵਿਵਸਥਾ ਨੂੰ ਰਫਤਾਰ ਦੇਣ ਅਤੇ 'ਨਿਊ ਇੰਡੀਆ' ਦੀ ਨੀਂਹ ਰੱਖਣ ਲਈ ਭਾਰੀ ਭਰਕਮ 9 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤਹਿਤ ਅਗਲੇ 2 ਸਾਲਾਂ 'ਚ 2.11 ਲੱਖ ਕਰੋੜ ਰੁਪਏ ਸਰਕਾਰੀ ਬੈਂਕਾਂ 'ਚ ਨਿਵੇਸ਼ ਕੀਤੇ ਜਾਣਗੇ। ਇਸ ਨਾਲ ਨਾ ਸਿਰਫ ਬੈਂਕਾਂ ਦੀ ਹਾਲਤ ਸੁਧਰੇਗੀ ਸਗੋਂ ਬੈਂਕਿੰਗ ਸੈਕਟਰ 'ਚ ਨੌਕਰੀਆਂ ਦੀ ਬਹਾਰ ਵੀ ਆਵੇਗੀ।ਸਰਕਾਰ ਵੱਲੋਂ ਛੋਟੇ ਅਤੇ ਮੀਡੀਅਮ ਦਰਜੇ ਦੇ ਉਦਯੋਗਾਂ ਨੂੰ ਪਹਿਲ ਦੇ ਆਧਾਰ 'ਤੇ ਕਰਜ਼ਾ ਮੁਹੱਈਆ ਕਰਾਇਆ ਜਾਵੇਗਾ, ਤਾਂ ਕਿ ਇਨ੍ਹਾਂ 'ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ।ਉੱਥੇ ਹੀ, ਦੇਸ਼ 'ਚ ਲੰਮੀਆਂ ਅਤੇ ਚੌੜੀਆਂ ਸੜਕਾਂ ਦਾ ਜਾਲ ਵਿਛਾਉਣ ਲਈ ਸਰਕਾਰ ਵੱਲੋਂ 6.92 ਲੱਖ ਕਰੋੜ ਰੁਪਏ ਅਗਲੇ 5 ਸਾਲਾਂ 'ਚ ਨਿਵੇਸ਼ ਕੀਤੇ ਜਾਣਗੇ। ਇਸ 'ਚੋਂ 5.35 ਲੱਖ ਕਰੋੜ ਰੁਪਏ ਭਾਰਤ ਮਾਲਾ ਪ੍ਰਾਜੈਕਟ 'ਤੇ ਖਰਚ ਕੀਤੇ ਜਾਣਗੇ। ਇਸ ਨਾਲ ਦੇਸ਼ 'ਚ ਇਕ ਪਾਸੇ ਜਿੱਥੇ ਸੜਕਾਂ ਦਾ ਜਾਲ ਵਿਛੇਗਾ ਉੱਥੇ ਹੀ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਹੋਣਗੇ।
ਭਾਰਤ ਮਾਲਾ ਪ੍ਰਾਜੈਕਟ ਜ਼ਰੀਏ ਸਰਹੱਦੀ ਖੇਤਰ, ਕੌਮਾਂਤਰੀ ਬੰਦਰਗਾਹ ਅਤੇ ਤੱਟੀ ਖੇਤਰਾਂ 'ਚ ਸੰਪਰਕ ਵਧੇਗਾ। ਪ੍ਰਸਤਾਵਿਤ ਹਾਈਵੇ ਮਾਰਗਾਂ 'ਚ ਲੁਧਿਆਣਾ-ਅਜਮੇਰ ਮਾਰਗ ਵੀ ਸ਼ਾਮਲ ਹੈ। ਮੌਜੂਦਾ ਲੁਧਿਆਣਾ-ਅਜਮੇਰ ਰਾਸ਼ਟਰੀ ਹਾਈਵੇ ਵਿਚਕਾਰ ਦੀ ਦੂਰੀ 627 ਕਿਲੋਮੀਟਰ ਹੈ। ਇਸ ਲਈ ਅਜੇ 10 ਘੰਟੇ ਦਾ ਸਮਾਂ ਲੱਗਦਾ ਹੈ। ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੇ ਹਾਈਵੇ ਨਾਲ ਇਸ ਮਾਰਗ 'ਤੇ 45 ਮਿੰਟ ਦੀ ਬਚਤ ਹੋਵੇਗੀ। ਹਾਈਵੇ ਪ੍ਰਾਜੈਕਟ ਜ਼ਰੀਏ ਸਰਕਾਰ ਦਾ ਮਕਸਦ ਉੱਤਰੀ-ਪੂਰਬੀ ਸੂਬਿਆਂ ਨੂੰ ਵਪਾਰ ਦਾ ਹੱਬ ਬਣਾਉਣਾ ਹੈ।
ਸਰਕਾਰ ਨੇ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਪੈਕੇਜ ਦਾ ਐਲਾਨ ਉਸ ਸਮੇਂ ਕੀਤਾ ਹੈ, ਜਦੋਂ ਦੇਸ਼ ਦੀ ਵਿਕਾਸ ਦਰ ਚਾਲੂ ਮਾਲੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ 5.7 ਫੀਸਦੀ 'ਤੇ ਆ ਗਈ ਹੈ। ਉੱਥੇ ਹੀ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਨੋਟਬੰਦੀ ਅਤੇ ਜੀ. ਐੱਸ. ਟੀ. ਨਾਲ ਕਾਰੋਬਾਰ ਠੱਪ ਹੋਣ ਅਤੇ ਨੌਕਰੀਆਂ ਜਾਣ ਦਾ ਦੋਸ਼ ਲਾਉਂਦੇ ਹੋਏ ਸਰਕਾਰ 'ਤੇ ਹਮਲਾਵਰ ਹਨ। ਖੁਦ ਪ੍ਰਧਾਨ ਮੰਤਰੀ ਨੇ ਵੀ ਹਾਲ ਦੇ ਦਿਨਾਂ 'ਚ ਵਿੱਤ ਮੰਤਰੀ ਅਤੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਮਿਲ ਕੇ ਅਰਥਵਿਵਸਥਾ ਦੀ ਸਿਹਤ ਦਾ ਜਾਇਜ਼ਾ ਲਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਵਿਕਾਸ ਦਰ ਨੂੰ ਤੇਜ਼ੀ ਦੇਣ ਲਈ ਪੈਕੇਜ ਦੇ ਐਲਾਨ ਸੰਬੰਧ 'ਚ ਅੰਦਾਜ਼ੇ ਲਾਏ ਜਾ ਰਹੇ ਸਨ, ਜਿਸ ਬਾਰੇ ਮੰਗਲਵਾਰ ਨੂੰ ਐਲਾਨ ਕੀਤਾ ਗਿਆ।