ਦੇਸ਼ ਦੀ ਆਰਥਿਕ ਰਫਤਾਰ ਬਰਕਰਾਰ, 6.5 ਤੋਂ 7 ਫੀਸਦੀ ਵਾਧਾ ਹਾਸਲ ਕਰਨ ਦੀ ਉਮੀਦ : ਵਿੱਤ ਮੰਤਰਾਲਾ

Friday, Aug 23, 2024 - 06:04 PM (IST)

ਦੇਸ਼ ਦੀ ਆਰਥਿਕ ਰਫਤਾਰ ਬਰਕਰਾਰ, 6.5 ਤੋਂ 7 ਫੀਸਦੀ ਵਾਧਾ ਹਾਸਲ ਕਰਨ ਦੀ ਉਮੀਦ : ਵਿੱਤ ਮੰਤਰਾਲਾ

ਨਵੀਂ ਦਿੱਲੀ (ਭਾਸ਼ਾ) - ਅਨਿਯਮਿਤ ਮਾਨਸੂਨ ਦੇ ਬਾਵਜੂਦ ਭਾਰਤ ਦੀ ਆਰਥਿਕ ਰਫਤਾਰ ਬਰਕਰਾਰ ਹੈ ਅਤੇ ਆਰਥਿਕ ਸਮੀਖਿਆ ’ਚ 6.5 ਤੋਂ 7.0 ਫੀਸਦੀ ਦੀ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧਾ ਦਰ ਦਾ ਅਨੁਮਾਨ ਠੀਕ ਲੱਗਦਾ ਹੈ। ਵਿੱਤ ਮੰਤਰਾਲਾ ਦੀ ਜਾਰੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ।

ਜੁਲਾਈ ਦੀ ਮਹੀਨਾਵਾਰ ਆਰਥਿਕ ਸਮੀਖਿਆ ਅਨੁਸਾਰ ਭਾਰਤੀ ਅਰਥਵਿਵਸਥਾ ਨੇ ਵਿੱਤੀ ਸਾਲ 2024-25 ਦੇ ਪਹਿਲੇ 4 ਮਹੀਨਿਆਂ ’ਚ ਆਪਣੀ ਰਫਤਾਰ ਬਣਾਈ ਰੱਖੀ ਹੈ। ਵਿੱਤ ਮੰਤਰਾਲਾ ਦੀ ਰਿਪੋਰਟ ’ਚ ਕਿਹਾ ਗਿਆ ਕਿ ਚਾਲੂ ਵਿੱਤੀ ਸਾਲ 2024-25 ਦੇ ਪਹਿਲੇ 4 (ਅਪ੍ਰੈਲ-ਜੁਲਾਈ) ਮਹੀਨਿਆਂ ’ਚ ਵਸਤੂ ਅਤੇ ਸੇਵਾ ਕਰ ਕੁਲੈਕਸ਼ਨ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਇਹ ਟੈਕਸ ਆਧਾਰ ਦੇ ਵਿਸਥਾਰ ਅਤੇ ਆਰਥਿਕ ਗਤੀਵਿਧੀਆਂ ’ਚ ਵਾਧੇ ਦੇ ਦਮ ’ਤੇ ਸੰਭਵ ਹੋਇਆ।

ਰਿਪੋਰਟ ’ਚ ਕਿਹਾ ਗਿਆ,‘‘ਨਿਰਮਾਣ ਅਤੇ ਸੇਵਾ ਖੇਤਰ ਦੇ ਖਰੀਦ ਪ੍ਰਬੰਧਕਾਂ ਦੇ ਸੂਚਕ ਅੰਕ ਦੇ ਮਜ਼ਬੂਤ ਪ੍ਰਦਰਸ਼ਨ ਨਾਲ ਵੀ ਘਰੇਲੂ ਗਤੀਵਿਧੀਆਂ ’ਚ ਮਜ਼ਬੂਤੀ ਦਾ ਪਤਾ ਲੱਗਦਾ ਹੈ। ਨਿਰਮਾਣ ਖੇਤਰ ’ਚ ਵਾਧੇ ਦਾ ਕਾਰਨ ਮੰਗ ਦਾ ਵਧਣਾ, ਨਵੇਂ ਬਰਾਮਦ ਆਰਡਰ ’ਚ ਤੇਜ਼ੀ ਅਤੇ ਉਤਪਾਦਨ ਕੀਮਤਾਂ ਦਾ ਵਧਣਾ ਹੈ।

ਮਾਲੀਆ ਘਾਟੇ ’ਚ ਕਮੀ ਆਉਣ ਦਾ ਅੰਦਾਜ਼ਾ

ਮਾਲੀਆ ਮੋਰਚੇ ’ਤੇ ਇਸ ’ਚ ਕਿਹਾ ਗਿਆ ਕਿ ਬਜਟ ਵਿੱਤੀ ਸਾਲ 2024-25 ਨੇ ਮਾਲੀਆ ਮਜ਼ਬੂਤੀ ਦਾ ਰਸਤਾ ਵਿਸ਼ਾਲ ਕੀਤਾ ਹੈ। ਮਜ਼ਬੂਤ ਮਾਲੀਆ ਕੁਲੈਕਸ਼ਨ, ਮਾਲੀਆ ਖਰਚ ’ਚ ਅਨੁਸ਼ਾਸਨ ਅਤੇ ਮਜ਼ਬੂਤ ਆਰਥਿਕ ਪ੍ਰਦਰਸ਼ਨ ਦੇ ਸਮਰਥਨ ਨਾਲ ਮਾਲੀਆ ਘਾਟੇ ’ਚ ਕਮੀ ਆਉਣ ਦਾ ਅੰਦਾਜ਼ਾ ਹੈ। ਨਾਲ ਹੀ, ਇਸ ’ਚ ਕਿਹਾ ਗਿਆ ਕਿ ਪੂੰਜੀਗਤ ਖਰਚ ਨੂੰ ਉੱਚ ਪੱਧਰ ’ਤੇ ਬਣਾਈ ਰੱਖਿਆ ਗਿਆ ਹੈ, ਜਿਸ ਦੇ ਨਾਲ ਨਵੇਂ ਨਿੱਜੀ ਨਿਵੇਸ਼ ਚੱਕਰ ਨੂੰ ਸਮਰਥਨ ਮਿਲ ਰਿਹਾ ਹੈ।

ਰਿਪੋਰਟ ’ਚ ਕਿਹਾ ਗਿਆ, ਪ੍ਰਚੂਨ ਮਹਿੰਗਾਈ ਜੁਲਾਈ 2024 ’ਚ ਘਟ ਕੇ 3.5 ਫੀਸਦੀ ਹੋ ਗਈ, ਜੋ ਸਤੰਬਰ 2019 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਖੁਰਾਕੀ ਮਹਿੰਗਾਈ ’ਚ ਨਰਮੀ ਦਾ ਨਤੀਜਾ ਹੈ। ਦੱਖਣ-ਪੱਛਮ ਮਾਨਸੂਨ ’ਚ ਸਥਿਰ ਪ੍ਰਗਤੀ ਨੇ ਖਰੀਫ ਦੀ ਬੀਜਾਈ ਦਾ ਸਮਰਥਨ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ ਦਾ ਫਿਰ ਤੋਂ ਵਧਣਾ ਮੌਜੂਦਾ ਖਰੀਫ ਅਤੇ ਅਗਲੀ ਰਬੀ ਫਸਲ ਦੇ ਉਤਪਾਦਨ ਲਈ ਚੰਗਾ ਸੰਕੇਤ ਹੈ। ਇਸ ਨਾਲ ਆਉਣ ਵਾਲੇ ਮਹੀਨਿਆਂ ’ਚ ਖੁਰਾਕੀ ਮਹਿੰਗਾਈ ਨੂੰ ਘੱਟ ਕਰਨ ’ਚ ਮਦਦ ਮਿਲੇਗੀ।


author

Harinder Kaur

Content Editor

Related News