ਕੱਚੇ ਤੇਲ ’ਚ ਉਛਾਲ ਕਾਰਨ ਅਕਤੂਬਰ ਦੇ ਅਖੀਰ ਤੱਕ ਡਾਲਰ ਦੇ ਮੁਕਾਬਲੇ ਰੁਪਇਆ ਪਾਰ ਕਰ ਸਕਦੈ 83 ਦਾ ਪੱਧਰ
Sunday, Oct 09, 2022 - 05:03 PM (IST)

ਨਵੀਂ ਦਿੱਲੀ–ਫਾਰੈਕਸ ਟ੍ਰੇਡਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਵਿਆਜ ਦਰਾਂ ’ਤੇ ਯੂ. ਐੱਸ. ਫੈੱਡ ਦੇ ਸਖਤ ਨਜ਼ਰੀਏ ਅਤੇ ਕਮਜ਼ੋਰ ਹੁੰਦੀ ਆਰਥਿਕ ਗਤੀਵਿਧੀਆਂ ਕਾਰਨ ਅਕਤੂਬਰ ਦੇ ਅਖੀਰ ਤੱਕ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ 83 ਰੁਪਏ ਦਾ ਪੱਧਰ ਵੀ ਪਾਰ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਕਲੋਜਿੰਗ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਈ ਅਤੇ 82 ਰੁਪਏ ਪ੍ਰਤੀ ਡਾਲਰ ਤੋਂ ਹੇਠਾਂ ਬੰਦ ਹੋਇਆ। ਸ਼ਿਨਹਾਨ ਬੈਂਕ ਦੇ ਕੁਨਾਲ ਸੋਧਾਨੀ ਦਾ ਕਹਿਣਾ ਹੈ ਕਿ ਅਗਲੇ ਆਉਣ ਵਾਲੇ ਹਫਤਿਆਂ ’ਚ ਡਾਲਰ ਦੇ ਮੁਕਾਬਲੇ 83 ਦਾ ਪੱਧਰ ਛੂਹਦਾ ਨਜ਼ਰ ਆ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਆਜ ਦਰਾਂ ’ਤੇ ਸਾਰੀਆਂ ਵੱਡੀਆਂ ਅਤੇ ਉੱਭਰਦੀਆਂ ਅਰਥਵਿਵਸਥਾਵਾਂ ਦੀ ਸਖਤੀ ਅਤੇ ਬਾਂਡ ਯੀਲਡ ’ਚ ਵਾਧਾ ਕੁੱਝ ਅਜਿਹੇ ਕਾਰਨ ਹਨ, ਜਿਨ੍ਹਾਂ ਕਾਰਨ ਡਾਲਰ ਇੰਡੈਕਸ ’ਚ ਤੇਜ਼ੀ ਆਵੇਗੀ ਅਤੇ ਰੁਪਏ ਸਮੇਤ ਦੂਜੇ ਉੱਭਰਦੇ ਬਾਜ਼ਾਰਾਂ ਸਮੇਤ ਕਰੰਸੀ ’ਤੇ ਪ੍ਰਭਾਵ ਦੇਖਣ ਨੂੰ ਮਿਲੇਗਾ।
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਦਿਲੀਪ ਪਰਮਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਫੈਕਟਰ ਜੋ ਪਹਿਲਾਂ ਰੁਪਏ ਦੇ ਪੱਖ ’ਚ ਕੰਮ ਕਰ ਰਹੇ ਸਨ, ਹੁਣ ਨਾਂਹਪੱਖੀ ਹੋ ਗਏ ਹਨ। ਅਜਿਹੇ ’ਚ ਛੇਤੀ ਹੀ ਰੁਪਇਆ ਸਾਨੂੰ 83 ਦਾ ਪੱਧਰ ਪਾਰ ਕਰਦਾ ਨਜ਼ਰ ਆ ਸਕਦਾ ਹੈ। ਦੱਸ ਦਈਏ ਕਿ ਕੱਲ ਦੇ ਕਾਰੋਬਰ ’ਚ ਡਾਲਰ ਦੇ ਮੁਕਾਬਲੇ ਰੁਪਇਆ 82.19 ਦੇ ਪੱਧਰ ’ਤੇ ਖੁੱਲ੍ਹਿਆ ਸੀ ਅਤੇ ਉਸ ਤੋਂ ਬਾਅਦ ਇਸ ’ਚ 82.4275 ਆਲ ਟਾਈਮ ਲੋਅ ਦੇਖਣ ਨੂੰ ਮਿਲਿਆ ਸੀ। ਉਸ ਤੋਂ ਬਾਅਦ ਰੁਪਇਆ ਸੀਮਤ ਘੇਰੇ ’ਚ ਘੁੰਮਦਾ ਨਜ਼ਰ ਆਇਆ। ਇਸ ਦਰਮਿਆਨ ਕੱਚੇ ਤੇਲ ’ਤੇ ਨਜ਼ਰ ਮਾਰੀਏ ਤਾਂ ਓਪੇਕ ਪਲੱਸ ਦੇਸ਼ਾਂ ਵਲੋਂ ਉਤਪਾਦਨ ’ਚ ਕਟੌਤੀ ਦੇ ਐਲਾਨ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਰੁਪਏ ’ਤੇ ਦਬਾਅ ਵਧਿਆ ਹੈ।