ਭਾਰੀ ਮੀਂਹ ਨੇ ਹੋਰ ਵਧਾਈ ਟਮਾਟਰਾਂ ਦੀ ਕੀਮਤ, ਹੁਣ ਮਹਿੰਗੀਆਂ ਹੋ ਸਕਦੀਆਂ ਨੇ ਦਾਲਾਂ
Monday, Jul 10, 2023 - 04:22 PM (IST)
ਬਿਜ਼ਨੈੱਸ ਡੈਸਕ : ਟਮਾਟਰ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਦੇਸ਼ ਦੇ ਕਈ ਸ਼ਹਿਰਾਂ 'ਚ ਇਸ ਦੀ ਕੀਮਤ 150 ਰੁਪਏ ਤੋਂ ਜ਼ਿਆਦਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ 15 ਜੁਲਾਈ ਤੋਂ ਬਾਅਦ ਇਸ ਦੀ ਕੀਮਤ 'ਚ ਗਿਰਾਵਟ ਹੋ ਸਕਦੀ ਹੈ ਪਰ ਫਿਲਹਾਲ ਟਮਾਟਰ ਦੀਆਂ ਕੀਮਤਾਂ 'ਚ ਕਮੀ ਦੀ ਕੋਈ ਸੰਭਾਵਨਾ ਨਹੀਂ, ਸਗੋਂ ਇਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਟਮਾਟਰਾਂ ਦੀ ਕਟਾਈ ਨਹੀਂ ਹੋ ਰਹੀ ਅਤੇ ਆਵਾਜਾਈ ਨੂੰ ਲੈ ਕੇ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੇਸ਼ 'ਚ ਟਮਾਟਰ ਦੀ ਜ਼ਿਆਦਾਤਰ ਸਪਲਾਈ ਹਿਮਾਚਲ ਤੋਂ ਹੁੰਦੀ ਹੈ ਪਰ ਹੁਣ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਬੈਂਗਲੁਰੂ ਤੋਂ ਸਪਲਾਈ ਹੋ ਰਹੀ ਹੈ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ
ਦੇਸ਼ ਦੇ ਉੱਤਰੀ ਰਾਜਾਂ ਵਿੱਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਟਮਾਟਰ ਦੇ ਨਾਲ-ਨਾਲ ਬੰਦਗੋਭੀ, ਫੁੱਲਗੋਭੀ, ਖੀਰਾ ਅਤੇ ਸਾਗ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਬੰਗਲੌਰ ਸਥਿਤ ਭਾਰਤੀ ਬਾਗਬਾਨੀ ਖੋਜ ਸੰਸਥਾਨ ਦੇ ਨਿਰਦੇਸ਼ਕ ਐਸਕੇ ਸਿੰਘ ਨੇ ਕਿਹਾ ਕਿ ਉੱਤਰੀ ਰਾਜਾਂ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਟਮਾਟਰ, ਬੰਦਗੋਭੀ, ਫੁੱਲਗੋਭੀ ਅਤੇ ਸ਼ਿਮਲਾ ਮਿਰਚ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਤਬਾਹ ਕਰ ਦੇਵੇਗਾ। ਪਾਣੀ ਭਰ ਜਾਣ ਕਾਰਨ ਵਾਇਰਸ ਅਤੇ ਵਿਲਟ ਫ਼ਸਲ ਨੂੰ ਖ਼ਰਾਬ ਕਰ ਦੇਣਗੇ। ਇਸ ਨਾਲ ਇਨ੍ਹਾਂ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਕੀਮਤ ਵਧ ਜਾਵੇਗੀ।
ਇਹ ਵੀ ਪੜ੍ਹੋ : 24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
ਦਾਲਾਂ ਦੀਆਂ ਕੀਮਤੀਆਂ ਵਿੱਚ ਹੋਵੇਗਾ ਵਾਧਾ
ਇਸ ਮੌਸਮ ਵਿੱਚ ਬੰਦਗੋਭੀ, ਗੋਭੀ ਅਤੇ ਸ਼ਿਮਲਾ ਮਿਰਚ ਦੀ ਜ਼ਿਆਦਾਤਰ ਸਪਲਾਈ ਹਿਮਾਚਲ ਤੋਂ ਆਉਂਦੀ ਹੈ। ਇਸ ਦੀ ਸਪਲਾਈ ਹਿਮਾਚਲ ਤੋਂ ਦਿੱਲੀ ਤੱਕ ਹੀ ਨਹੀਂ ਸਗੋਂ ਜ਼ਿਆਦਾਤਰ ਸੂਬਿਆਂ 'ਚ ਵੀ ਹੁੰਦੀ ਹੈ। ਸਿੰਘ ਨੇ ਕਿਹਾ ਕਿ ਸਬਜ਼ੀਆਂ ਦੇ ਭਾਅ ਵਧਣ ਕਾਰਨ ਲੋਕ ਦਾਲਾਂ ਵੱਲ ਰੁਖ ਕਰ ਰਹੇ ਹਨ, ਜਿਸ ਕਰਕੇ ਹੁਣ ਦਾਲਾਂ ਦੀ ਕੀਮਤ ਵਧ ਸਕਦੀ ਹੈ। ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਭਾਰੀ ਮੀਂਹ ਪਿਆ ਹੈ। ਦਿੱਲੀ 'ਚ 8 ਜੁਲਾਈ ਨੂੰ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ 40 ਸਾਲ ਦਾ ਰਿਕਾਰਡ ਟੁੱਟ ਗਿਆ। ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਇਸ ਨਾਲ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਢੋਆ-ਢੁਆਈ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਕਦੋਂ ਤੱਕ ਮਿਲੇਗੀ ਰਾਹਤ
ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਟਮਾਟਰ ਦੇ ਵਪਾਰੀ ਅਮਿਤ ਮਲਿਕ ਨੇ ਦੱਸਿਆ ਕਿ ਇੱਕ ਹਫ਼ਤੇ ਵਿੱਚ ਟਮਾਟਰ ਦੀ ਥੋਕ ਕੀਮਤ 140 ਤੋਂ 150 ਰੁਪਏ ਤੱਕ ਜਾ ਸਕਦੀ ਹੈ। ਭਾਰੀ ਮੀਂਹ ਕਾਰਨ ਉੱਤਰੀ ਰਾਜਾਂ ਤੋਂ ਸਪਲਾਈ ਵਿੱਚ ਕਮੀ ਆਵੇਗੀ। ਇਸ ਸਮੇਂ ਥੋਕ ਮੰਡੀ ਵਿੱਚ ਟਮਾਟਰ ਦੀ ਕੀਮਤ 40 ਤੋਂ 110 ਰੁਪਏ ਹੈ, ਜਦੋਂ ਕਿ ਇਸ ਦੀ ਪ੍ਰਚੂਨ ਕੀਮਤ 100 ਤੋਂ 160 ਰੁਪਏ ਪ੍ਰਤੀ ਕਿਲੋ ਹੈ। ਪਿਛਲੇ ਸਾਲ ਹੋਏ ਨੁਕਸਾਨ ਕਾਰਨ ਕਿਸਾਨਾਂ ਨੇ ਇਸ ਵਾਰ ਟਮਾਟਰ ਦੀ ਖੇਤੀ ਕਰਨ ਤੋਂ ਗੁਰੇਜ਼ ਕੀਤਾ। ਬੈਂਗਲੁਰੂ 'ਚ ਇਸ ਸਾਲ ਵੀ ਘੱਟ ਫ਼ਸਲ ਹੋਈ ਹੈ। ਸਿੰਘ ਨੇ ਕਿਹਾ, ਇਸ ਸਾਲ ਬੈਂਗਲੁਰੂ 'ਚ ਉਤਪਾਦਨ ਘਟਿਆ ਹੈ। ਬੇਮੌਸਮੀ ਬਰਸਾਤ ਕਾਰਨ ਟਮਾਟਰ ਦੀ ਫ਼ਸਲ 'ਤੇ ਕੀੜੇ ਪੈ ਗਏ ਹਨ। ਅਗਸਤ ਤੋਂ ਬਾਅਦ ਹੀ ਟਮਾਟਰ ਦੀਆਂ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ, ਜਦੋਂ ਟਮਾਟਰ ਦੀ ਸਪਲਾਈ ਸੋਲਾਪੁਰ, ਪੁਣੇ, ਨਾਸਿਕ ਅਤੇ ਸੋਲਨ ਤੋਂ ਟਮਾਟਰ ਦੀ ਸਪਲਾਈ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ