ਡਾ. ਰੈਡੀਜ਼ ਨੇ ਕੋਰੋਨਾ ਟੀਕੇ ਸਪੂਤਨਿਕ-5 ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ
Saturday, Feb 20, 2021 - 02:56 PM (IST)

ਨਵੀਂ ਦਿੱਲੀ- ਡਾ. ਰੈਡੀਜ਼ ਲੈਬੋਰੇਟਰੀਜ਼ (ਡੀ. ਆਰ. ਐੱਲ.) ਨੇ ਡਰੱਗ ਕੰਟਰੋਲਰ ਕੋਲੋ ਸਪੂਤਨਿਕ-5 ਟੀਕੇ ਦੀ ਐਮਰਜੈਂਸੀ ਮਨਜ਼ੂਰੀ ਲਈ ਅਰਜ਼ੀ ਦੇ ਦਿੱਤੀ ਹੈ। ਭਾਰਤ ਵਿਚ ਹੁਣ ਤੱਕ ਦੋ ਟੀਕੇ ਕੋਵੀਸ਼ੀਲਡ ਤੇ ਕੋਵੈਕਸਿਨ ਨਾਲ ਟੀਕਾਕਰਨ ਹੋ ਰਿਹਾ ਹੈ।
ਸਪੂਤਨਿਕ-5 ਟੀਕਾ ਰੂਸ ਦੇ ਗਮਾਲਿਆ ਰਿਸਰਚ ਇੰਸਟੀਚਿਊਟ ਆਫ਼ ਐਪੀਡਿਮੋਲੋਜੀ ਐਂਡ ਮਾਈਕ੍ਰੋਬਾਇਓਲੋਜੀ ਨੇ ਵਿਕਸਤ ਕੀਤਾ ਹੈ। ਭਾਰਤੀ ਡਰੱਗ ਕੰਟਰੋਲਰ ਜਨਰਲ ਨੂੰ ਮਸ਼ਵਰਾ ਦੇ ਰਹੀ ਵਿਸ਼ਾ ਮਾਹਰ ਕਮੇਟੀ ਅਗਲੇ ਹਫ਼ਤੇ ਅਰਜ਼ੀ ਦੀ ਸਮੀਖਿਆ ਕਰ ਸਕਦੀ ਹੈ। ਦੁਨੀਆ ਭਰ ਵਿਚ 26 ਦੇਸ਼ ਇਸ ਟੀਕੇ ਨੂੰ ਮਨਜ਼ੂਰੀ ਦੇ ਚੁੱਕੇ ਹਨ ਅਤੇ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਹ ਟੀਕਾ ਲਾਇਆ ਵੀ ਜਾ ਚੁੱਕਾ ਹੈ।
ਡਾ. ਰੈਡੀਜ਼ ਨੇ ਇਸ ਟੀਕੇ ਦੇ ਭਾਰਤ ਵਿਚ ਟ੍ਰਾਇਲ ਅਤੇ ਡਿਸਟ੍ਰੀਬਿਊਸ਼ਨ ਲਈ ਸਤੰਬਰ 2020 ਵਿਚ ਟੀਕੇ ਦੀ ਸਹਿ-ਵਿਕਾਸਕਰਤਾ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਨਾਲ ਸਾਂਝੇਦਾਰੀ ਕੀਤੀ ਸੀ। ਗੌਰਤਲਬ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਬ੍ਰਿਟਿਸ਼ ਮੈਡੀਕਲ ਜਰਨਲ ਦਿ ਲੈਂਸੇਟ ਨੇ ਕਿਹਾ ਸੀ ਕਿ 'ਸਪੂਤਨਿਕ-5' ਟੀਕਾ 91.6 ਫ਼ੀਸਦੀ ਅਸਰਦਾਰ ਹੈ। ਇਸ ਹਿਸਾਬ ਨਾਲ ਇਹ ਆਕਸਫੋਰਡ-ਐਸਟ੍ਰਾਜ਼ੈਨੇਕਾ ਵੱਲੋਂ ਵਿਕਸਤ ਟੀਕੇ ਕੋਵੀਸ਼ੀਲਡ ਨਾਲੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦਾ ਹੈ।