ਮੋਬਾਇਲ ਦਾ ਡਾਟਾ ਨਹੀਂ ਹੋਵੇਗਾ ਲੀਕ, ਪ੍ਰਾਈਵੇਸੀ ਸਕਿਓਰ ਕਰੇਗੀ ਸਰਕਾਰ
Sunday, Aug 12, 2018 - 03:29 PM (IST)

ਨਵੀਂ ਦਿੱਲੀ— ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਸਰਕਾਰ ਕਾਫੀ ਸਕਿਓਰ ਕਰਨ 'ਤੇ ਲੱਗੀ ਹੋਈ ਹੈ। ਹਾਲ ਹੀ 'ਚ ਡਾਟਾ ਪ੍ਰੋਟੈਕਸ਼ਨ ਨੂੰ ਲੈ ਕੇ ਸ਼੍ਰੀਕ੍ਰਿਸ਼ਣ ਕਮੇਟੀ ਨੇ ਕਈ ਸਿਫਾਰਸ਼ਾਂ ਸੌਂਪੀਆਂ ਹਨ। ਉੱਥੇ ਹੀ ਟੈਲੀਕਾਮ ਵਿਭਾਗ (ਡੀ. ਓ. ਟੀ.) ਗਾਹਕਾਂ ਦੇ ਡਾਟਾ ਨੂੰ ਲੈ ਕੇ ਹੋਰ ਵੀ ਜ਼ਿਆਦਾ ਸਖਤ ਕਦਮ ਚੁੱਕ ਸਕਦਾ ਹੈ, ਤਾਂ ਕਿ ਪ੍ਰਾਈਵੇਸੀ ਸੁਰੱਖਿਅਤ ਰਹੇ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਦਾ ਕਹਿਣਾ ਹੈ ਕਿ ਮੋਬਾਇਲ ਬਹੁਤ ਸਾਰੇ ਲੈਣ-ਦੇਣ ਲਈ ਵਰਤੇ ਜਾ ਰਹੇ ਹਨ, ਇਸ ਲਈ ਪ੍ਰਾਈਵੇਸੀ ਨਿਯਮਾਂ ਨੂੰ ਸਖਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਕਿਓਰਿਟੀ ਅਤੇ ਪ੍ਰੋਟੈਕਸ਼ਨ ਸਭ ਤੋਂ ਉਪਰ ਹਨ ਅਤੇ ਦੂਰਸੰਚਾਰ ਆਪਰੇਟਰਾਂ ਲਈ ਡਾਟਾ ਪ੍ਰੋਟੈਕਸ਼ਨ ਨਿਯਮ ਬੀ. ਐੱਨ. ਸ੍ਰੀਕ੍ਰਿਸ਼ਣ ਕਮੇਟੀ ਵੱਲੋਂ ਦਿੱਤੀਆਂ ਗਈਆਂ ਸਿਫਾਰਸ਼ਾਂ ਦੇ ਮੁਕਾਬਲੇ ਹੋਰ ਵੀ ਸਖਤ ਹੋ ਸਕਦੇ ਹਨ। ਟੈਲੀਕਾਮ ਆਪਰੇਟਰ ਡਾਟਾ ਦੇ ਸਭ ਤੋਂ ਵੱਡੇ ਹੈਂਡਲਰ ਹਨ, ਜਿਸ 'ਚ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ।
ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਟੈਲੀਕਾਮ ਸੈਕਟਰ ਲਈ ਪਹਿਲਾਂ ਹੀ ਸਪੱਸ਼ਟ ਨਿਯਮ ਹਨ ਕਿ ਡਾਟਾ ਸਿਰਫ ਭਾਰਤ 'ਚ ਹੀ ਸਟੋਰ ਹੋਣਾ ਚਾਹੀਦਾ ਹੈ। ਇਸ ਗੱਲ ਨੂੰ ਲੈ ਕੇ ਵੀ ਸਖਤ ਪ੍ਰਬੰਧ ਹਨ ਕਿ ਕਿਹੜੇ ਹਾਲਾਤ 'ਚ ਕਿਸ ਦੀ ਡਾਟਾ ਤਕ ਪਹੁੰਚ ਹੋ ਸਕਦੀ ਹੈ। ਸੁੰਦਰਰਾਜਨ ਨੇ ਕਿਹਾ ਕਿ ਮੋਬਾਇਲ ਤੇਜ਼ੀ ਨਾਲ ਸੋਸ਼ਲ ਮੀਡੀਆ, ਵਿੱਤੀ ਪੇਮੈਂਟਸ, ਆਧਾਰ ਪ੍ਰਮਾਣੀਕਰਨ ਆਦਿ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ, ਡੀ. ਓ. ਟੀ. ਨੂੰ ਇਸ ਮੁੱਦੇ ਨੂੰ ਸੰਪੂਰਨ ਤੌਰ 'ਤੇ ਦੇਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਂਝ ਤਾਂ ਆਈ. ਟੀ. ਐਕਟ 'ਚ ਕਈ ਪ੍ਰਬੰਧ ਹਨ ਪਰ ਕੁਝ ਖੇਤਰ ਹੋ ਸਕਦੇ ਹਨ ਜਿੱਥੇ ਸਹਾਇਤਾ ਦੀ ਲੋੜ ਪਵੇਗੀ। ਟੈਲੀਕਾਮ ਸਭ ਤੋਂ ਵੱਡਾ ਡਾਟਾ ਪ੍ਰੋਸੈੱਸਰ ਹੈ। ਇਹ ਇਕ ਭਰੋਸੇਮੰਦ ਸੈਕਟਰ ਹੈ। ਇਸ ਲਈ ਡਾਟਾ ਸਕਿਓਰਿਟੀ ਪਾਲਿਸੀ ਨੂੰ ਲੈ ਕੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਡਾਟਾ ਸੁਰੱਖਿਆ ਦੇ ਸਾਰੇ ਸਿਧਾਂਤ ਇੱਥੇ ਲਾਗੂ ਹੋਣਗੇ, ਨਾਲ ਹੀ ਕੁਝ ਹੋਰ ਵੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਟਰਾਈ ਕੋਲੋਂ ਡਾਟਾ ਓਨਰਸ਼ਿਪ ਨੂੰ ਲੈ ਕੇ ਕਾਫੀ ਸ਼ਿਫਾਰਸ਼ਾਂ ਮਿਲੀਆਂ ਹਨ ਅਤੇ ਅਸੀਂ ਦੇਖਾਂਗੇ ਕਿ ਹੋਰ ਕੀ ਕਰਨ ਦੀ ਜ਼ਰੂਰਤ ਹੈ।