ਘਰੇਲੂ ਸ਼ੇਅਰ ਬਾਜ਼ਾਰਾਂ ''ਚ ਸਕਾਰਾਤਮਕ ਸ਼ੁਰੂਆਤ ਤੋਂ ਬਾਅਦ ਗਿਰਾਵਟ

Wednesday, Aug 28, 2024 - 11:50 AM (IST)

ਘਰੇਲੂ ਸ਼ੇਅਰ ਬਾਜ਼ਾਰਾਂ ''ਚ ਸਕਾਰਾਤਮਕ ਸ਼ੁਰੂਆਤ ਤੋਂ ਬਾਅਦ ਗਿਰਾਵਟ

ਮੁੰਬਈ- ਏਸ਼ੀਆਈ ਬਾਜ਼ਾਰਾਂ ਵਿਚ ਕਮਜ਼ੋਰ ਰੁਖ ਦੇ ਵਿਚਕਾਰ ਬੁੱਧਵਾਰ ਨੂੰ ਸਕਾਰਾਤਮਕ ਸ਼ੁਰੂਆਤ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 128.81 ਅੰਕ ਵਧ ਕੇ 81,840.57 'ਤੇ ਅਤੇ ਐੱਨਐੱਸਈ ਨਿਫਟੀ 30.4 ਅੰਕ ਵਧ ਕੇ 25,048.15 'ਤੇ ਖੁੱਲ੍ਹਿਆ। ਹਾਲਾਂਕਿ ਜਲਦੀ ਹੀ ਦੋਵਾਂ ਸੂਚਕਾਂਕਾਂ 'ਚ ਮੁਨਾਫਾਵਸੂਲੀ ਸ਼ੁਰੂ ਹੋ ਗਈ ਤੇ ਉਹ ਹੇਠਲੇ ਪੱਧਰ 'ਤੇ ਕਾਰੋਬਾਰ ਕਰਨ ਲੱਗੇ। ਸੈਂਸੈਕਸ 42.46 ਅੰਕ ਡਿੱਗ ਕੇ 81,682.57 'ਤੇ ਅਤੇ ਨਿਫਟੀ 21.60 ਅੰਕ ਡਿੱਗ ਕੇ 24,996.15 'ਤੇ ਪਹੁੰਚ ਗਿਆ।

ਸੈਂਸੈਕਸ ਸੂਚੀਬੱਧ 30 ਕੰਪਨੀਆਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਪਾਵਰ ਗਰਿੱਡ, ਟਾਟਾ ਮੋਟਰਜ਼, ਟਾਈਟਨ, ਸਨ ਫਾਰਮਾ, ਆਈਟੀਸੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵਿੱਚ ਸਭ ਤੋਂ ਵੱਧ ਫਾਇਦੇ 'ਚ ਰਹੇ। ਬਜਾਜ ਫਿਨਸਰਵ, ਜੇਐੱਸਡਬਲਯੂ ਸਟੀਲ, ਟਾਟਾ ਸਟੀਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚਸੀਐੱਲ ਟੈਕਨਾਲੋਜੀਜ਼ ਅਤੇ ਮਾਰੂਤੀ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ। ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ-225 ਅਤੇ ਹਾਂਗਕਾਂਗ ਦਾ ਹੈਂਗ ਸੇਂਗ ਨੁਕਸਾਨ 'ਚ ਰਹੇ।

ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ ਹੋਏ ਸਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.14 ਫੀਸਦੀ ਵੱਧ ਕੇ 79.66 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫਆਈਆਈ) ਮੰਗਲਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਖਰੀਦਦਾਰ ਸਨ ਅਤੇ ਉਨ੍ਹਾਂ ਨੇ ਸ਼ੁੱਧ 1,503.76 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ 604.08 ਕਰੋੜ ਰੁਪਏ ਮੁੱਲ ਦੇ ਸ਼ੇਅਰ ਵੇਚੇ।


author

Aarti dhillon

Content Editor

Related News