2000 ਦੇ ਨੋਟਾਂ ਨੇ ਭੰਬਲਭੂਸੇ 'ਚ ਪਾਏ ਲੋਕ, ਪੈਟਰੋਲ ਪੰਪ ਵਾਲਿਆਂ ਨੇ RBI ਤੋਂ ਕੀਤੀ ਇਹ ਖ਼ਾਸ ਮੰਗ
Saturday, May 27, 2023 - 12:57 PM (IST)
ਨਵੀਂ ਦਿੱਲੀ - ਬੀਤੇ ਕੁਝ ਦਿਨ ਪਹਿਲਾਂ ਰਿਜ਼ਰਵ ਬੈਂਕ ਵਲੋਂ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਥੇ ਹੀ ਦੂਜੇ ਪਾਸੇ 2000 ਰੁਪਏ ਦੇ ਨੋਟ ਬੰਦ ਹੋਣ ਕਾਰਨ ਲੋਕਾਂ ਦੀਆਂ ਪੈਟਰੋਲ ਪੰਪਾਂ 'ਤੇ ਲੰਮੀਆਂ-ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੰਪਾਂ 'ਤੇ ਵਾਹਨਾਂ ਵਿੱਚ ਤੇਲ ਪਵਾਉਣ ਲਈ ਆ ਰਹੇ ਗਾਹਕਾਂ ਵਲੋਂ 2000 ਰੁਪਏ ਦੇ ਨੋਟਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ਦੇ ਕਰਮਚਾਰੀਆਂ ਅਨੁਸਾਰ ਲੋਕ ਆਪਣੇ ਵਾਹਨ ਵਿੱਚ 100 ਰੁਪਏ ਦਾ ਤੇਲ ਪਵਾਉਣ ਤੋਂ ਬਾਅਦ ਉਹਨਾਂ ਦੇ ਹੱਥ ਵਿੱਚ 2000 ਰੁਪਏ ਦਾ ਨੋਟ ਦੇ ਦਿੰਦੇ ਹਨ। ਪੈਸੇ ਖੁੱਲ੍ਹੇ ਨਾ ਹੋਣ ਕਰਕੇ ਪੰਪ ਵਾਲੇ ਕਰਮਚਾਰੀਆਂ ਨੂੰ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ : IPL 2023 Final : ਮੈਚ ਵੇਖਣ ਲਈ ਆਨਲਾਈਨ ਟਿਕਟਾਂ ਦੀ ਇੰਝ ਕਰੋ ਬੁੱਕਿੰਗ, ਜਾਣੋ ਕਿੰਨੀ ਹੈ ਕੀਮਤ
2000 ਰੁਪਏ ਦੀਆਂ ਪਰਚੀਆਂ ਦੇਣ ਕਾਰਨ ਪੰਪ ਕਰਮਚਾਰੀਆਂ ਤੋਂ 100, 200 ਅਤੇ 500 ਦੇ ਨੋਟ ਖ਼ਤਮ ਹੋ ਗਏ ਹਨ ਅਤੇ ਬੈਂਕ ਵਾਲੇ ਵੀ ਉਹਨਾਂ ਨੂੰ ਹੋਰ ਖੁੱਲ੍ਹੇ ਪੈਸੇ ਨਹੀਂ ਦੇ ਰਹੇ। ਇਸੇ ਕਰਕੇ ਗਾਹਕਾਂ ਨੂੰ ਪੈਸੇ ਵਾਪਸ ਕਰਨ 'ਤੇ ਪੰਪ ਕਰਮਚਾਰੀਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਹੋ ਰਹੀਆਂ ਹਨ। ਪੈਟਰੋਲ ਪੰਪ ਦੇ ਡੀਲਰਾਂ ਅਨੁਸਾਰ ਹੁਣ ਗਾਹਕ 100 ਜਾਂ 200 ਰੁਪਏ ਦਾ ਪੈਟਰੋਲ ਪਵਾਉਣ 'ਤੇ ਸਾਡੇ ਹੱਥਾਂ ਵਿੱਚ 2000 ਰੁਪਏ ਦੇ ਨੋਟ ਸੌਂਪ ਦਿੰਦੇ ਹਨ। 2000 ਦਾ ਨੋਟ ਦੇ ਕੇ ਗਾਹਕ ਉਹਨਾਂ ਤੋਂ ਇਸ ਗੱਲ ਦੀ ਉਮੀਦ ਰੱਖਦੇ ਹਨ ਕਿ ਉਨ੍ਹਾਂ ਨੂੰ ਆਸਾਨੀ ਨਾਲ ਪੈਟਰੋਲ ਪੰਪ 'ਤੇ ਖੁੱਲ੍ਹੇ ਪੈਸੇ ਮਿਲ ਜਾਣਗੇ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਦੱਸ ਦੇਈਏ ਕਿ ਇਸ ਪਰੇਸ਼ਾਨੀ ਦੇ ਸਬੰਧ ਵਿੱਚ ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਹਨਾਂ ਨੇ ਬੈਂਕ ਨੂੰ ਖੁੱਲ੍ਹੇ ਪੈਸੇ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਗਾਹਕਾਂ ਦੇ ਪੈਸੇ ਮੋੜ ਸਕਣ। ਭਾਰਤੀ ਰਿਜ਼ਰਵ ਬੈਂਕ ਨੂੰ ਅਪੀਲ ਕਰਦੇ ਹੋਏ ਉਹਨਾਂ ਨੇ ਬੈਂਕਾਂ ਨੂੰ 100, 200 ਅਤੇ 500 ਰੁਪਏ ਦੇ ਢੁਕਵੇਂ ਨੋਟ ਉਪਲਬਧ ਕਰਵਾਉਣ ਲਈ ਕਿਹਾ ਹੈ। 2000 ਦੇ ਨੋਟ ਬੰਦ ਕਰਨ ਨਾਲ ਅਜਿਹੀ ਸਥਿਤੀ ਬਣ ਗਈ, ਜੋ 8 ਨਵੰਬਰ 2016 ਨੂੰ ਹੋਈ ਨੋਟਬੰਦੀ ਦੌਰਾਨ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਡਿਜੀਟਲ ਲੈਣ-ਦੇਣ ਰਾਹੀਂ ਪੈਟਰੋਲ ਅਤੇ ਡੀਜ਼ਲ ਦੀ ਰੋਜ਼ਾਨਾ ਹੋਣ ਵਾਲੀ ਵਿਕਰੀ ਘੱਟ ਕੇ ਹੁਣ ਸਿਰਫ਼ 10 ਫ਼ੀਸਦੀ ਰਹਿ ਗਈ ਹੈ, ਜੋ ਆਮ ਬਾਕੀ ਦਿਨਾਂ ਵਿੱਚ 40 ਫ਼ੀਸਦੀ ਦੇ ਕਰੀਬ ਸੀ।
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ