FMCG ਡਿਸਟ੍ਰੀਬਿਊਟਰਾਂ ਨੇ ‘ਤਤਕਾਲ ਵਪਾਰ ਪਲੇਟਫਾਰਮ’ ਦੇ ਤੇਜ਼ ਵਾਧੇ ’ਤੇ ਪ੍ਰਗਟਾਈ ਚਿੰਤਾ

Sunday, Aug 25, 2024 - 02:20 PM (IST)

FMCG ਡਿਸਟ੍ਰੀਬਿਊਟਰਾਂ ਨੇ ‘ਤਤਕਾਲ ਵਪਾਰ ਪਲੇਟਫਾਰਮ’ ਦੇ ਤੇਜ਼ ਵਾਧੇ ’ਤੇ ਪ੍ਰਗਟਾਈ ਚਿੰਤਾ

ਨਵੀਂ ਦਿੱਲੀ (ਭਾਸ਼ਾ) - ਰੋਜ਼ਾਨਾ ਵਰਤੋਂ ਦੇ ਘਰੇਲੂ ਉਤਪਾਦਾਂ (ਐੱਫ. ਐੱਮ. ਸੀ. ਜੀ.) ਦੇ ਡਿਸਟ੍ਰੀਬਿਊਟਰਾਂ ਨੇ ‘ਤਤਕਾਲ ਵਪਾਰ ਪਲੇਟਫਾਰਮ’ ਦੇ ‘ਤੇਜ਼ ਅਤੇ ਅਨਿਯਮਿਤ ਵਾਧੇ’ ’ਤੇ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਇਸ ਦੀ ਤੁਰੰਤ ਜਾਂਚ ਦੀ ਲੋੜ ਹੈ।

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੂੰ ਲਿਖੇ ਪੱਤਰ ’ਚ ਐੱਫ. ਐੱਮ. ਸੀ. ਜੀ. ਡਿਸਟ੍ਰੀਬਿਊਟਰਾਂ ਦੇ ਸੰਗਠਨ ਏ. ਆਈ. ਸੀ. ਪੀ. ਡੀ. ਐੱਫ. ਨੇ ਕਿਹਾ ਕਿ ‘ਤਤਕਾਲ ਵਪਾਰ ਪਲੇਟਫਾਰਮਾਂ’ ਦਾ ਬੇਕਾਬੂ ਵਿਸਥਾਰ ਇਕ ‘ਅਸਾਧਾਰਣ ਖੇਡ ਦਾ ਮੈਦਾਨ’ ਬਣਾ ਰਿਹਾ ਹੈ, ਜਿਸ ਨਾਲ ਲੱਖਾਂ ਅਜਿਹੇ ਛੋਟੇ ਪ੍ਰਚੂਨ ਵਿਕਰੇਤਾਵਾਂ ਅਤੇ ਡਿਸਟ੍ਰੀਬਿਊਟਰਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਹੈ, ਜੋ ਦਹਾਕਿਆਂ ਤੋਂ ਭਾਰਤ ਦੇ ਪ੍ਰਚੂਨ ਖੇਤਰ ਦੀ ਰੀੜ੍ਹ ਦੀ ਹੱਡੀ ਰਹੇ ਹਨ। ‘ਤਤਕਾਲ ਵਪਾਰ ਪਲੇਟਫਾਰਮ’ ਆਮ ਤੌਰ ’ਤੇ 10 ਤੋਂ 30 ਮਿੰਟ ਦੇ ਅੰਦਰ ਸਾਮਾਨ ਡਿਸਟ੍ਰੀਬਿਊਟ ਕਰਦੇ ਹਨ।

ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰਜ਼ ਫੈੱਡਰੇਸ਼ਨ (ਏ. ਆਈ. ਸੀ. ਪੀ. ਡੀ. ਐੱਫ.) ਨੇ ਵੀ ਇਨ੍ਹਾਂ ‘ਤਤਕਾਲ-ਵਪਾਰ’ ਕੰਪਨੀਆਂ ਵੱਲੋਂ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨਿਯਮਾਂ ਦੀ ਸੰਭਾਵੀ ਉਲੰਘਣਾ ’ਤੇ ਸ਼ੱਕ ਪ੍ਰਗਟਾਇਆ ਹੈ ਅਤੇ ਇਨ੍ਹਾਂ ਮੰਚਾਂ ਦੇ ਸੰਚਾਲਨ ਮਾਡਲ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ।

ਬਲਿੰਕਿਟ, ਜ਼ੈਪਟੋ ਅਤੇ ਇੰਸਟਾਮਾਰਟ ਵਰਗੇ ‘ਤਤਕਾਲ ਵਪਾਰ ਪਲੇਟਫਾਰਮਾਂ’ ਦੇ ਤੇਜ਼ੀ ਨਾਲ ਵਾਧੇ ਨੇ ਰਵਾਇਤੀ ਪ੍ਰਚੂਨ ਖੇਤਰ ਅਤੇ ਸਥਾਪਿਤ ਐੱਫ. ਐੱਮ. ਸੀ. ਜੀ. ਡਿਸਟ੍ਰੀਬਿਊਟਰ ਨੈੱਟਵਰਕ ਲਈ ਮਹੱਤਵਪੂਰਨ ਚੁਣੌਤੀਆਂ ਪੇਸ਼ ਕੀਤੀਆਂ ਹਨ।

ਏ. ਆਈ. ਸੀ. ਪੀ. ਡੀ. ਐੱਫ. ਨੇ ਪੱਤਰ ’ਚ ਕਿਹਾ, ‘‘ਅਸੀ ਛੋਟੇ ‘ਮਾਮ-ਐਂਡ-ਪਾਪ’ ਸਟੋਰਾਂ ਦਾ ਖਤਮ ਹੋਣਾ ਅਤੇ ਐੱਫ. ਐੱਮ. ਸੀ. ਜੀ. ਡਿਸਟ੍ਰੀਬਿਊਸ਼ਨ ਸਿਨਾਰੀਓ ’ਚ ਬਦਲਾਅ ਵੇਖ ਰਹੇ ਹਾਂ, ਕਿਉਂਕਿ ਇਨ੍ਹਾਂ ਪਲੇਟਫਾਰਮਾਂ ਨੂੰ ਪ੍ਰਮੁੱਖ ਐੱਫ. ਐੱਮ. ਸੀ. ਜੀ. ਕੰਪਨੀਆਂ ਵੱਲੋਂ ਡਾਇਰੈਕਟ ਡਿਸਟ੍ਰੀਬਿਊਟਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸ ਨਾਲ ਰਵਾਇਤੀ ਡਿਸਟ੍ਰੀਬਿਊਟਰਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ।’’

ਏ. ਆਈ. ਸੀ. ਪੀ. ਡੀ. ਐੱਫ. ਨੇ ‘ਤਤਕਾਲ ਵਪਾਰ ਪਲੇਟਫਾਰਮਾਂ’ ਦੇ ਐੱਫ. ਡੀ. ਆਈ. ਨਿਯਮਾਂ ਦੀ ਪਾਲਣਾ ਦੇ ਸਬੰਧ ’ਚ ਚਿੰਤਾ ਪ੍ਰਗਟਾਈ ਹੈ। ਏ. ਆਈ. ਸੀ. ਪੀ. ਡੀ. ਐੱਫ. ਨੂੰ ਸ਼ੱਕ ਹੈ ਕਿ ਉਹ ਬਾਜ਼ਾਰ ਅਤੇ ਵਸਤੂ-ਆਧਾਰਿਤ ਮਾਡਲ ਵਿਚਲੀਆਂ ਲਾਈਨਾਂ ਨੂੰ ਧੁੰਦਲਾ ਕਰ ਰਹੇ ਹਨ।


author

Harinder Kaur

Content Editor

Related News