ਰਾਸ਼ਟਰੀ ਰਾਜਮਾਰਗ ’ਤੇ ਯਾਤਰੀਆਂ ਦੀਆਂ ਘਟਣਗੀਆਂ ਮੁਸ਼ਕਲਾਂ, ਭਾਰੀ ਟੋਲ ਤੋਂ ਮਿਲੇਗਾ ਛੁਟਕਾਰਾ
Tuesday, Feb 04, 2025 - 11:01 AM (IST)
ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਮੰਤਰਾਲਾ ਰਾਸ਼ਟਰੀ ਰਾਜਮਾਰਗਾਂ ’ਤੇ ਯਾਤਰੀਆਂ ਨੂੰ ਰਾਹਤ ਦੇਣ ਲਈ ਇਕਸਾਰ ਟੋਲ ਨੀਤੀ ’ਤੇ ਕੰਮ ਕਰ ਰਿਹਾ ਹੈ। ਗਡਕਰੀ ਨੇ ਇਹ ਵੀ ਕਿਹਾ ਕਿ ਹੁਣ ਭਾਰਤ ਦਾ ਰਾਜਮਾਰਗ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੈ। ਉਨ੍ਹਾਂ ਇਕ ਇੰਟਰਵਿਊ ’ਚ ਕਿਹਾ,‘ਅਸੀਂ ਇਕਸਾਰ ਟੋਲ ਨੀਤੀ ’ਤੇ ਕੰਮ ਕਰ ਰਹੇ ਹਾਂ। ਇਸ ਨਾਲ ਯਾਤਰੀਆਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।’ ਗਡਕਰੀ ਜ਼ਿਆਦਾ ਟੋਲ ਫੀਸ ਅਤੇ ਖਰਾਬ ਸੜਕਾਂ ਦੀਆਂ ਸ਼ਿਕਾਇਤਾਂ ਦੇ ਕਾਰਨ ਰਾਸ਼ਟਰੀ ਰਾਜਮਾਰਗ ’ਤੇ ਚੱਲਣ ਵਾਲਿਆਂ ਵਿਚਾਲੇ ਵਧਦੀ ਨਾਰਾਜ਼ਗੀ ’ਤੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਮੰਤਰਾਲਾ ਨੇ ਰਾਸ਼ਟਰੀ ਰਾਜਮਾਰਗ ’ਤੇ ਇਕ ਰੁਕਾਵਟ ਰਹਿਤ ਗਲੋਬਲ ਨੇਵੀਗੇਸ਼ਨ ਉਪਗ੍ਰਹਿ ਪ੍ਰਣਾਲੀ (ਜੀ. ਐੱਨ. ਐੱਸ. ਐੱਸ.) ਆਧਾਰਿਤ ਟੋਲ ਕੁਲੈਕਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਸੋਸ਼ਲ ਮੀਡੀਆ ’ਤੇ ਯਾਤਰੀਆਂ ਦੀਆਂ ਸ਼ਿਕਾਇਤਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਸ ’ਚ ਸ਼ਾਮਲ ਠੇਕੇਦਾਰਾਂ ਵਿਰੁੱਧ ਸਖਤ ਕਾਰਵਾਈ ਕਰ ਰਿਹਾ ਹੈ। ਇਸ ਸਮੇਂ ਰਾਸ਼ਟਰੀ ਰਾਜਮਾਰਗਾਂ ’ਤੇ ਕੁੱਲ ਆਵਾਜਾਈ ’ਚ ਨਿੱਜੀ ਕਾਰਾਂ ਦੀ ਹਿੱਸੇਦਾਰੀ ਲੱਗਭਗ 60 ਫੀਸਦੀ ਹੈ ਜਦਕਿ ਇਨ੍ਹਾਂ ਵਾਹਨਾਂ ਦਾ ਟੋਲ ਮਾਲੀਆ ਕੁਲੈਕਸ਼ਨ ’ਚ ਹਿੱਸਾ ਮੁਸ਼ਕਿਲ ਨਾਲ 20-26 ਫੀਸਦੀ ਹੈ।
ਗਡਕਰੀ ਨੇ ਭਰੋਸਾ ਜਤਾਇਆ ਕਿ ਰਾਜਮਾਰਗ ਮੰਤਰਾਲਾ 2020-21 ’ਚ ਪ੍ਰਤੀ ਦਿਨ 37 ਕਿਲੋਮੀਟਰ ਰਾਜਮਾਰਗ ਨਿਰਮਾਣ ਦੇ ਪਿਛਲੇ ਰਿਕਾਰਡ ਨੂੰ ਚਾਲੂ ਮਾਲੀ ਸਾਲ ’ਚ ਪਾਰ ਕਰ ਜਾਵੇਗਾ। ਚਾਲੂ ਮਾਲੀ ਸਾਲ ’ਚ ਹੁਣ ਤੱਕ ਲੱਗਭਗ 7,000 ਕਿਲੋਮੀਟਰ ਰਾਜਮਾਰਗਾਂ ਦਾ ਨਿਰਮਾਣ ਹੋ ਚੁੱਕਾ ਹੈ। ਭਾਰਤਮਾਲਾ ਪ੍ਰਾਜੈਕਟ ਦੀ ਜਗ੍ਹਾ ਲੈਣ ਲਈ ਨਵੀਂ ਯੋਜਨਾ ਦੀ ਕਮੀ ’ਚ ਰਾਜਮਾਰਗ ਪ੍ਰਾਜੈਕਟ ਅਲਾਟ ਕਰਨ ਦੀ ਗਤੀ ਕਾਫੀ ਹੌਲੀ ਹੋ ਗਈ ਹੈ।