ਭਾਰਤ ’ਚ ਤੇਜ਼ੀ ਨਾਲ ਵਧੇਗੀ ਘਰੇਲੂ ਉਪਕਰਨਾਂ ਦੀ ਮੰਗ, 2030 ਤੱਕ 3.25 ਲੱਖ ਕਰੋੜ ਰੁਪਏ ਦਾ ਹੋਵੇਗਾ ਬਾਜ਼ਾਰ

Monday, Sep 28, 2026 - 11:51 AM (IST)

ਭਾਰਤ ’ਚ ਤੇਜ਼ੀ ਨਾਲ ਵਧੇਗੀ ਘਰੇਲੂ ਉਪਕਰਨਾਂ ਦੀ ਮੰਗ, 2030 ਤੱਕ 3.25 ਲੱਖ ਕਰੋੜ ਰੁਪਏ ਦਾ ਹੋਵੇਗਾ ਬਾਜ਼ਾਰ

ਨਵੀਂ ਦਿੱਲੀ (ਏਜੰਸੀ)- ਭਾਰਤ ’ਚ ਟਿਕਾਊ ਖਪਤਕਾਰ ਵਸਤਾਂ (ਕੰਜ਼ਿਊਮਰ ਡਿਊਰੇਬਲਸ) ਦਾ ਬਾਜ਼ਾਰ ਅਗਲੇ 4 ਸਾਲਾਂ ’ਚ ਤੇਜ਼ ਰਫਤਾਰ ਨਾਲ ਵਧਣ ਦੀ ਉਮੀਦ ਹੈ। ਕੰਜ਼ਿਊਮਰ ਡਿਊਰੇਬਲਸ ’ਚ ਫਰਿੱਜ, ਵਾਸ਼ਿੰਗ ਮਸ਼ੀਨ, ਏ. ਸੀ. ਅਤੇ ਮਾਈਕ੍ਰੋਵੇਵ, ਐੱਲ. ਈ. ਡੀ. ਟੈਲੀਵਿਜ਼ਨ, ਕੰਪਿਊਟਰ, ਲੈਪਟਾਪ, ਸਮਾਰਟਫੋਨ, ਟੈਬਲੇਟ ਅਤੇ ਕਈ ਹੋਰ ਘਰੇਲੂ ਸਾਮਾਨ ਸ਼ਾਮਲ ਰਹਿੰਦੇ ਹਨ।

ਬੋਸਟਨ ਕੰਸਲਟਿੰਗ ਗਰੁੱਪ (ਬੀ. ਸੀ. ਜੀ.) ਅਤੇ ਉਦਯੋਗ ਮੰਡਲ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੀ ਸਾਂਝੀ ਰਿਪੋਰਟ ਮੁਤਾਬਕ ਦੇਸ਼ ਦਾ ਇਹ ਬਾਜ਼ਾਰ 2030 ਤੱਕ ਵਧ ਕੇ ਕਰੀਬ 3 ਲੱਖ ਕਰੋੜ ਤੋਂ 3.25 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਫਿਲਹਾਲ ਬਾਜ਼ਾਰ ਦੇ ਸਾਈਜ਼ ਅਤੇ ਭਵਿੱਖ ਦੀ ਮੰਗ ਨੂੰ ਦੇਖਦੇ ਹੋਏ ਭਾਰਤ ਨੂੰ ਦੁਨੀਆ ਦੇ ਪ੍ਰਮੁੱਖ ਕੰਜ਼ਿਊਮਰ ਡਿਊਰੇਬਲਸ ਬਾਜ਼ਾਰਾਂ ’ਚ ਸਭ ਤੋਂ ਤੇਜ਼ ਵਾਧੇ ਵਾਲੇ ਬਾਜ਼ਾਰਾਂ ’ਚ ਸ਼ਾਮਲ ਕੀਤਾ ਜਾ ਰਿਹਾ ਹੈ।

ਰਿਪੋਰਟ ਅਨੁਸਾਰ ਇਸ ਵਾਧੇ ਨਾਲ ਘਰੇਲੂ ਪੱਧਰ ’ਤੇ ਸਮੱਗਰੀ ਅਤੇ ਕਲਪੁਰਜ਼ਿਆਂ ਦੇ ਨਿਰਮਾਣ ਨੂੰ ਵੀ ਵੱਡਾ ਉਤਸ਼ਾਹ ਮਿਲ ਸਕਦਾ ਹੈ। ਇਸ ਨਾਲ ਭਾਰਤ ’ਚ ਕਰੀਬ 40,000-50,000 ਕਰੋੜ ਰੁਪਏ ਦਾ ਐਡੀਸ਼ਨਲ ਵੈਲਿਊ ਐਡੀਸ਼ਨ ਦਾ ਮੌਕਾ ਪੈਦਾ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ ਇਸ ਲਈ ਸਥਾਨਕ ਪੱਧਰ ’ਤੇ ਕੰਪੋਨੈਂਟ ਅਤੇ ਕੱਚੇ ਮਾਲ ਦੇ ਉਤਪਾਦਨ ਦੀ ਸਮਰੱਥਾ ਵਧਾਉਣਾ ਮਹੱਤਵਪੂਰਨ ਹੋਵੇਗਾ।

ਵਧਦੀ ਆਮਦਨ ਅਤੇ ਆਸਾਨ ਫਾਈਨਾਂਸਿੰਗ ਨਾਲ ਮੰਗ ਨੂੰ ਮਿਲੇਗਾ ਸਹਾਰਾ

ਰਿਪੋਰਟ ’ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ ’ਚ ਕੰਜ਼ਿਊਮਰ ਡਿਊਰੇਬਲਸ ਦੀ ਮੰਗ ਵਧਾਉਣ ਵਾਲੇ ਕਈ ਕਾਰਕ ਇਕੱਠੇ ਕੰਮ ਕਰਨਗੇ। ਇਨ੍ਹਾਂ ’ਚ ਘਰਾਂ ’ਚ ਇਨ੍ਹਾਂ ਉਤਪਾਦਾਂ ਦੀ ਵਧਦੀ ਪਹੁੰਚ, ਸਿੰਗਲ ਪਰਿਵਾਰਾਂ ਦੀ ਗਿਣਤੀ ’ਚ ਵਾਧਾ, ਲੋਕਾਂ ਦੀ ਆਮਦਨ ’ਚ ਵਾਧਾ, ਆਸਾਨ ਫਾਈਨਾਂਸਿੰਗ ਦੀ ਉਪਲੱਬਧਤਾ ਅਤੇ ਦੇਸ਼ ਭਰ ’ਚ ਮਜ਼ਬੂਤ ਹੁੰਦੇ ਡਿਸਟ੍ਰੀਬਿਊਸ਼ਨ ਨੈੱਟਵਰਕ ਪ੍ਰਮੁੱਖ ਹਨ। ਇਸ ਤੋਂ ਇਲਾਵਾ ਖਪਤਕਾਰਾਂ ਵਿਚਾਲੇ ਪ੍ਰੀਮੀਅਮ ਅਤੇ ਬਿਹਤਰ ਸਹੂਲਤਾਂ ਵਾਲੇ ਉਤਪਾਦਾਂ ਦੀ ਮੰਗ ਵੀ ਵਧ ਰਹੀ ਹੈ। ਸਮਾਰਟ ਫੀਚਰਸ, ਊਰਜਾ ਕੁਸ਼ਲਤਾ ਅਤੇ ਬਿਹਤਰ ਤਕਨਾਲੋਜੀ ਵਾਲੇ ਉਪਕਰਨਾਂ ਵੱਲ ਵਧਦਾ ਰੁਝਾਨ ਕੰਪਨੀਆਂ ਨੂੰ ਨਵੇਂ ਉਤਪਾਦ ਪੇਸ਼ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਸ਼ਹਿਰੀ ਬਾਜ਼ਾਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਵੀ ਆਧੁਨਿਕ ਘਰੇਲੂ ਉਪਕਰਨਾਂ ਦੀ ਪਹੁੰਚ ਵਧਣ ਨਾਲ ਬਾਜ਼ਾਰ ਦਾ ਘੇਰਾ ਲਗਾਤਾਰ ਵਿਸਤ੍ਰਿਤ ਹੋ ਰਿਹਾ ਹੈ।

ਆਰ. ਏ. ਸੀ. ਬਾਜ਼ਾਰ ਬਣੇਗਾ ਮੁੱਖ ਗ੍ਰੋਥ ਇੰਜਣ

ਰਿਪੋਰਟ ’ਚ ਰੂਮ ਏਅਰ ਕੰਡੀਸ਼ਨਰ (ਆਰ. ਏ. ਸੀ.) ਨੂੰ ਕੰਜ਼ਿਊਮਰ ਡਿਊਰੇਬਲਸ ਬਾਜ਼ਾਰ ਦੇ ਵਾਧੇ ’ਚ ਮੁੱਖ ਭੂਮਿਕਾ ਨਿਭਾਉਣ ਵਾਲਾ ਖੇਤਰ ਦੱਸਿਆ ਗਿਆ ਹੈ। ਵਧਦੇ ਤਾਪਮਾਨ, ਏਅਰ ਕੰਡੀਸ਼ਨਰ ਦੀ ਘੱਟ ਘਰੇਲੂ ਪਹੁੰਚ, ਵਧਦੀ ਆਮਦਨ ਅਤੇ ਬਿਹਤਰ ਫਾਈਨਾਂਸਿੰਗ ਬਦਲਾਂ ਕਾਰਨ ਆਉਣ ਵਾਲੇ ਸਾਲਾਂ ’ਚ ਏਅਰ ਕੰਡੀਸ਼ਨਰ ਦੀ ਮੰਗ ’ਚ ਤੇਜ਼ੀ ਰਹਿਣ ਦੀ ਸੰਭਾਵਨਾ ਹੈ। ਏ. ਸੀ. ਤੋਂ ਇਲਾਵਾ ਫਰਿੱਜ, ਵਾਸ਼ਿੰਗ ਮਸ਼ੀਨ, ਟੈਲੀਵਿਜ਼ਨ ਅਤੇ ਹੋਰ ਘਰੇਲੂ ਉਪਕਰਨਾਂ ’ਚ ਵੀ ਮੰਗ ਵਧਣ ਦੀ ਉਮੀਦ ਹੈ। ਊਰਜਾ-ਕੁਸ਼ਲ ਉਪਕਰਨਾਂ ਅਤੇ ਨਵੀਂ ਤਕਨਾਲੋਜੀ ਨਾਲ ਲੈਸ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਵਧਣਾ ਕੰਪਨੀਆਂ ਲਈ ਵਾਧੂ ਬਾਜ਼ਾਰ ਮੌਕੇ ਪੈਦਾ ਕਰ ਸਕਦਾ ਹੈ।

ਚੀਨ, ਅਮਰੀਕਾ ਅਤੇ ਜਾਪਾਨ ਤੋਂ ਤੇਜ਼ ਹੋਵੇਗੀ ਭਾਰਤ ਦੀ ਵਾਧਾ ਦਰ

ਬੀ. ਸੀ. ਜੀ.-ਸੀ. ਆਈ. ਆਈ. ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਵੱਡੇ ਕੰਜ਼ਿਊਮਰ ਡਿਊਰੇਬਲਸ ਬਾਜ਼ਾਰ ਚੀਨ ’ਚ 2030 ਤੱਕ ਸਾਲਾਨਾ ਕਰੀਬ 1-2 ਫੀਸਦੀ ਵਾਧੇ ਦਾ ਅੰਦਾਜ਼ਾ ਹੈ। ਅਮਰੀਕਾ ’ਚ ਇਹ ਵਾਧਾ ਕਰੀਬ 3 ਫੀਸਦੀ ਅਤੇ ਜਾਪਾਨ ’ਚ 1-3 ਫੀਸਦੀ ਦੇ ਵਿਚਾਲੇ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਦੇ ਮੁਕਾਬਲੇ ਭਾਰਤ ’ਚ ਕੰਜ਼ਿਊਮਰ ਡਿਊਰੇਬਲਸ ਬਾਜ਼ਾਰ ਦੇ ਸਾਲਾਨਾ 8-10 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ। ਰਿਪੋਰਟ ਅਨੁਸਾਰ 2030 ਤੱਕ ਭਾਰਤੀ ਬਾਜ਼ਾਰ ਦਾ ਸਾਈਜ਼ ਕਰੀਬ 30-35 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।

ਦਰਾਮਦ ’ਤੇ ਨਿਰਭਰਤਾ ਘਟਾਉਣਾ ਵੱਡੀ ਚੁਣੌਤੀ

ਰਿਪੋਰਟ ਨੇ ਨਾਲ ਹੀ ਘਰੇਲੂ ਨਿਰਮਾਣ ਨਾਲ ਜੁੜੀ ਇਕ ਮਹੱਤਵਪੂਰਨ ਚੁਣੌਤੀ ਵੱਲ ਵੀ ਧਿਆਨ ਦਿਵਾਇਆ ਹੈ। ਜੇਕਰ ਭਾਰਤ ’ਚ ਕਲਪੁਰਜ਼ਿਆਂ ਅਤੇ ਸਮੱਗਰੀ ਦੇ ਉਤਪਾਦਨ ਦੀ ਸਮਰੱਥਾ ਲੋੜੀਂਦੀ ਤੇਜ਼ੀ ਨਾਲ ਨਹੀਂ ਵਧਾਈ ਗਈ ਤਾਂ ਬਾਜ਼ਾਰ ’ਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਦਰਾਮਦ ’ਤੇ ਨਿਰਭਰਤਾ ਬਣੀ ਰਹਿ ਸਕਦੀ ਹੈ। ਘਰੇਲੂ ਕੰਪੋਨੈਂਟ ਨਿਰਮਾਣ ਵਧਣ ਨਾਲ ਨਾ ਸਿਰਫ ਦਰਾਮਦ ’ਤੇ ਨਿਰਭਰਤਾ ਘਟਾਉਣ ’ਚ ਮਦਦ ਮਿਲੇਗੀ, ਸਗੋਂ ਦੇਸ਼ ’ਚ ਵਾਧੂ ਮੁੱਲ ਵਾਧਾ, ਰੋਜ਼ਗਾਰ ਅਤੇ ਸਪਲਾਈ ਚੇਨ ਦੇ ਵਿਕਾਸ ਦੇ ਮੌਕੇ ਵੀ ਪੈਦਾ ਹੋ ਸਕਦੇ ਹਨ। ਅਜਿਹੇ ’ਚ ਅਗਲੇ ਕੁਝ ਸਾਲਾਂ ’ਚ ਕੰਜ਼ਿਊਮਰ ਡਿਊਰੇਬਲਸ ਖੇਤਰ ਲਈ ਮੰਗ ਵਧਾਉਣ ਦੇ ਨਾਲ-ਨਾਲ ਮਜ਼ਬੂਤ ਘਰੇਲੂ ਨਿਰਮਾਣ ਆਧਾਰ ਤਿਆਰ ਕਰਨਾ ਵੀ ਮਹੱਤਵਪੂਰਨ ਰਹੇਗਾ। ਕੁੱਲ ਮਿਲਾ ਕੇ ਰਿਪੋਰਟ ਭਾਰਤ ਦੇ ਕੰਜ਼ਿਊਮਰ ਡਿਊਰੇਬਲਸ ਖੇਤਰ ਲਈ ਮੰਗ, ਨਿਰਮਾਣ ਅਤੇ ਨਿਵੇਸ਼ ਤਿੰਨਾਂ ਮੋਰਚਿਆਂ ’ਤੇ ਵਿਸਥਾਰ ਦੀ ਸੰਭਾਵਨਾ ਦੱਸਦੀ ਹੈ। ਹਾਲਾਂਕਿ ਇਸ ਮੌਕੇ ਨੂੰ ਘਰੇਲੂ ਆਰਥਿਕ ਮੁੱਲ ’ਚ ਬਦਲਣ ਲਈ ਕੰਪੋਨੈਂਟ ਅਤੇ ਸਮੱਗਰੀ ਦੇ ਸਥਾਨਕ ਉਤਪਾਦਨ ਨੂੰ ਵਧਾਉਣਾ ਅਹਿਮ ਹੋਵੇਗਾ।


author

cherry

Content Editor

Related News