ਸਟੀਲ ਕੀਮਤਾਂ 'ਚ ਭਾਰੀ ਵਾਧਾ, ਬਰਾਮਦ ਨੂੰ ਲੈ ਕੇ ਪੈਦਾ ਹੋਈ ਵੱਡੀ ਚਿੰਤਾ

Thursday, Nov 19, 2020 - 01:27 PM (IST)

ਸਟੀਲ ਕੀਮਤਾਂ 'ਚ ਭਾਰੀ ਵਾਧਾ, ਬਰਾਮਦ ਨੂੰ ਲੈ ਕੇ ਪੈਦਾ ਹੋਈ ਵੱਡੀ ਚਿੰਤਾ

ਕੋਲਕਾਤਾ— ਸਟੀਲ ਕੀਮਤਾਂ 'ਚ ਭਾਰੀ ਵਾਧਾ ਹੋਣ ਨੂੰ ਲੈ ਕੇ ਭਾਰਤੀ ਇੰਜੀਨੀਅਰਿੰਗ ਬਰਾਮਦ ਪ੍ਰਮੋਸ਼ਨ ਪ੍ਰੀਸ਼ਦ (ਈ. ਈ. ਪੀ. ਸੀ. ਇੰਡੀਆ) ਨੇ ਵੱਡੀ ਚਿੰਤਾ ਜਤਾਈ ਹੈ।

ਈ. ਈ. ਪੀ. ਸੀ. ਇੰਡੀਆ ਨੇ ਕਿਹਾ ਕਿ ਹਾਲ ਹੀ 'ਚ ਸਟੀਲ ਦੀਆਂ ਕੀਮਤਾਂ 'ਚ ਕੀਤੇ ਗਏ ਭਾਰੀ ਵਾਧੇ ਕਾਰਨ ਦੇਸ਼ ਦੀ ਇੰਜੀਨੀਅਰਿੰਗ ਬਰਾਮਦ 'ਤੇ ਬੁਰਾ ਅਸਰ ਪੈ ਰਿਹਾ ਹੈ।

ਈ. ਈ. ਪੀ. ਸੀ. ਇੰਡੀਆ ਨੇ ਕਿਹਾ ਕਿ ਇੰਜੀਨੀਅਰਿੰਗ ਬਰਾਮਦ ਨੂੰ ਪਹਿਲਾਂ ਹੀ ਕੋਵਿਡ-19 ਕਾਰਨ ਚੁਣੌਤੀਪੂਰਨ ਗਲੋਬਲ ਬਾਜ਼ਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੀ ਇੰਜੀਨੀਅਰਿੰਗ ਬਰਾਮਦ ਅਪ੍ਰੈਲ-ਅਕਤੂਬਰ 2020-21 ਦੌਰਾਨ 14 ਫ਼ੀਸਦੀ ਘੱਟ ਗਈ। ਈ. ਈ. ਪੀ. ਸੀ. ਇੰਡੀਆ ਦੇ ਮੁਖੀ ਮਹੇਸ਼ ਦੇਸਾਈ ਨੇ ਇਕ ਬਿਆਨ 'ਚ ਕਿਹਾ, ''ਇੰਜੀਨੀਅਰਿੰਗ ਬਰਾਮਦ ਸਟੀਲ ਦੀਆਂ ਵਧਦੀਆਂ ਕੀਮਤਾਂ ਨਾਲ ਬੇਹੱਦ ਚਿੰਤਤ ਹੈ। ਪਿਛਲੇ 6 ਮਹੀਨਿਆਂ 'ਚ ਹੌਟ ਰੋਲ ਕੁਆਇਲ ਵਰਗੇ ਉਤਪਾਦਾਂ ਦੀਆਂ ਕੀਮਤਾਂ 35,000 ਰੁਪਏ ਪ੍ਰਤੀ ਟਨ ਤੋਂ ਵਧਾ ਕੇ 42,000 ਰੁਪਏ ਪ੍ਰਤੀ ਟਨ ਹੋ ਗਈਆਂ ਹਨ, ਜੋ ਇੰਜੀਨੀਅਰਿੰਗ ਉਦਯੋਗ ਲਈ ਇਕ ਜ਼ਰੂਰੀ ਕੱਚਾ ਮਾਲ ਹੈ।''

ਉਨ੍ਹਾਂ ਕਿਹਾ ਕਿ ਹੋਰ ਜ਼ਰੂਰੀ ਧਾਤਾਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਮੁਕਾਬਲੇਬਾਜ਼ੀ ਮੁਸ਼ਕਲ ਹੁੰਦੀ ਜਾ ਰਹੀ ਹੈ।


author

Sanjeev

Content Editor

Related News