ਸਰਕਾਰ ਵਲੋਂ ਮਿਲੇ ਪੈਸੇ ਖਾਤੇ ''ਚ ਆਏ ਜਾਂ ਨਹੀਂ ਰੋਜ਼ਾਨਾ 5 ਲੱਖ ਲੋਕ ਕਰ ਰਹੇ ਫੋਨ, ਸਿਸਟਮ ਜਾਮ

Friday, May 01, 2020 - 05:15 PM (IST)

ਸਰਕਾਰ ਵਲੋਂ ਮਿਲੇ ਪੈਸੇ ਖਾਤੇ ''ਚ ਆਏ ਜਾਂ ਨਹੀਂ ਰੋਜ਼ਾਨਾ 5 ਲੱਖ ਲੋਕ ਕਰ ਰਹੇ ਫੋਨ, ਸਿਸਟਮ ਜਾਮ

ਨਵੀਂ ਦਿੱਲੀ- ਇਨੀਂ ਦਿਨੀਂ ਬੈਂਕ ਖਾਤੇ 'ਚ ਬੈਲੰਸ ਦੀ ਜਾਣਕਾਰੀ ਲਈ ਕਾਮਨ ਸਰਵਿਸ ਸੈਂਟਰਾਂ (ਸੀ. ਐੱਸ. ਸੀ.) ਨੂੰ ਰੋਜ਼ਾਨਾ ਆ ਰਹੇ ਲੱਖਾਂ ਫੋਨਾਂ ਨੇ ਸਿਸਟਮ ਜਾਮ ਕਰ ਦਿੱਤਾ ਹੈ। ਕੋਰੋਨਾ ਵਾਇਰਸ ਸੰਕਟ ਦੌਰਾਨ ਸਰਕਾਰ ਵੱਲੋਂ ਮਿਲ ਰਹੀ ਵਿੱਤੀ ਸਹਾਇਤਾ ਦੇ ਮੱਦੇਨਜ਼ਰ ਲੱਖਾਂ ਦਿਹਾੜੀਦਾਰ ਮਜ਼ਦੂਰ ਬੈਂਕਾਂ ਨੂੰ ਫੋਨ ਕਰਕੇ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਦੇ ਖਾਤੇ ਵਿਚ ਪੈਸੇ ਪਹੁੰਚ ਗਏ ਹਨ ਜਾਂ ਨਹੀਂ। ਬੈਂਕਰਾਂ ਅਤੇ ਪੇਮੈਂਟ ਆਪਰੇਟਰਾਂ ਦਾ ਕਹਿਣਾ ਹੈ ਕਿ ਫੋਨ ਕਾਲਾਂ ਦੇ ਲੋਡ ਨਾਲ ਡਿਜੀਟਲ ਚੈਨਲ ਜਾਮ ਹੋ ਰਹੇ ਹਨ। ਰੋਜ਼ਾਨਾ 5 ਲੱਖ ਤੋਂ ਵੱਧ ਫੋਨ ਸਿਰਫ ਬੈਲੰਸ ਜਾਣਨ ਵਾਲੇ ਹੀ ਕਰ ਰਹੇ ਹਨ। ਸਰਕਾਰ ਮੁਤਾਬਕ 11 ਅਪ੍ਰੈਲ ਤੱਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 30 ਕਰੋੜ ਤੋਂ ਵੱਧ ਲੋਕਾਂ ਨੂੰ 28,256 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ।

ਉੱਥੇ ਹੀ, ਆਧਾਰ ਇਨਏਬਲਡ ਪੇਮੈਂਟ ਸਿਸਟਮ (ਏ. ਈ. ਪੀ. ਐੱਸ.) ਦੇ ਇਸਤੇਮਾਲ ਨਾਲ ਹੋਣ ਵਾਲੇ ਟ੍ਰਾਂਜ਼ੈਕਸ਼ਨ ਵੀ ਫੇਲ ਹੋ ਰਹੇ ਹਨ ਅਤੇ ਇਸ ਦੇ ਮੱਦੇਨਜ਼ਰ ਵੀ ਬੈਂਕਾਂ ਨੂੰ ਕਾਫੀ ਫੋਨ ਕਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੀ. ਐੱਸ. ਸੀ. ਈ-ਗਵਰਨੈਂਸ ਸਰਵਿਸਿਜ਼ ਦੇ ਸੀ. ਈ. ਓ. ਦਿਨੇਸ਼ ਤਿਆਗੀ ਨੇ ਕਿਹਾ, "ਸਰਕਾਰ ਬਹੁਤ ਸਾਰੇ ਲੋਕਾਂ ਦੇ ਖਾਤੇ ਵਿਚ ਸਿੱਧੇ ਪੈਸੇ ਟਰਾਂਸਫਰ ਕਰ ਰਹੀ ਹੈ। ਇਸ ਲਈ ਸੁਭਾਵਿਕ ਹੈ ਕਿ ਲੋਕ ਬੈਲੰਸ ਚੈੱਕ ਕਰਨ ਲਈ ਪੁੱਛਗਿੱਛ ਕਰਨਗੇ। ਤਕਰੀਬਨ 40 ਫੀਸਦੀ ਟ੍ਰਾਂਜ਼ੈਕਸ਼ਨ ਫੇਲ ਹੋ ਰਹੇ ਹਨ। ਇਸ ਦੇ ਮੱਦੇਨਜ਼ਰ ਵੀ ਲੋਕ ਵਾਰ-ਵਾਰ ਬੈਲੰਸ ਦੀ ਜਾਣਕਾਰੀ ਲਈ ਫੋਨ ਕਰ ਰਹੇ ਹਨ।"

ਬੈਲੰਸ ਜਾਣਕਾਰੀ ਲਈ ਲੱਗ ਸਕਦੈ 5 ਰੁਪਏ ਚਾਰਜ
ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫਤਿਆਂ ਤੋਂ ਸਾਨੂੰ ਬੈਲੰਸ ਦੀ ਜਾਣਕਾਰੀ ਸਬੰਧੀ ਕਾਲਾਂ ਲੈਣ ਨੂੰ ਰੋਕਣਾ ਪਿਆ ਹੈ ਕਿਉਂਕਿ ਸਿਸਟਮ ਬਹੁਤ ਜਾਮ ਹੋ ਰਿਹਾ ਸੀ ਤੇ ਬਾਕੀ ਸੇਵਾਵਾਂ ਵਿਚ ਰੁਕਾਵਟ ਆ ਰਹੀ ਸੀ। ਸਰਕਾਰ ਆਧਾਰ ਇਨਏਬਲਡ ਪੇਮੈਂਟ ਸਿਸਟਮ ਨਾਲ ਜੁੜੇ ਲਾਭਪਾਤਰਾਂ ਦੇ ਖਾਤਿਆਂ ਵਿਚ ਪੈਸੇ ਪਾ ਰਹੀ ਹੈ। ਇਸ ਪਲੇਟਫਾਰਮ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਚਲਾਉਂਦੀ ਹੈ। ਸੀ. ਐੱਸ. ਸੀ. ਨੇ ਹੁਣ ਐੱਨ. ਪੀ. ਸੀ. ਆਈ. ਨੂੰ ਪੱਤਰ ਲਿਖ ਕੇ ਬੈਲੰਸ ਜਾਣਕਾਰੀ ਲਈ ਆਉਣ ਵਾਲੇ ਹਰੇਕ ਕਾਲ 'ਤੇ 5 ਰੁਪਏ ਚਾਰਜ ਲਗਾਉਣ ਲਈ ਕਿਹਾ ਹੈ।


author

Lalita Mam

Content Editor

Related News