ਫਾਸਟੈਗ ਨਾਲ ਰੋਜ਼ਾਨਾ 80 ਕਰੋਡ਼ ਰੁਪਏ ਦੀ ਕੁਲੈਕਸ਼ਨ : ਗਡਕਰੀ

12/19/2019 10:35:42 AM

ਨਵੀਂ ਦਿੱਲੀ — ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ ’ਤੇ ਜਾਮ ਦੀ ਸਮੱਸਿਆ ਤੋਂ ਹੌਲੀ-ਹੌਲੀ ਮੁਕਤੀ ਮਿਲ ਰਹੀ ਹੈ ਅਤੇ ਫਾਸਟੈਗ ਰਾਹੀਂ ਰੋਜ਼ਾਨਾ 80 ਕਰੋਡ਼ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ।

ਗਡਕਰੀ ਨੇ ‘ਫਾਸਟੈਗ ਜਾਗਰੂਕਤਾ’ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਮੰਗਲਵਾਰ ਦੇਰ ਰਾਤ ਕਿਹਾ ਕਿ ਇਹ ਪ੍ਰਣਾਲੀ ਰਾਜਮਾਰਗਾਂ ’ਤੇ ਸਿਰਫ ਜਾਮ ਤੋਂ ਮੁਕਤੀ ਦਿਵਾਉਣ ਵਾਲੀ ਨਹੀਂ ਹੈ, ਸਗੋਂ ਇਸ ਨਾਲ ਟੋਲ ਪਲਾਜ਼ਿਆਂ ’ਤੇ ਬੇਵਜ੍ਹਾ ਬਰਬਾਦ ਹੋਣ ਵਾਲਾ ਈਂਧਣ ਬਚੇਗਾ ਅਤੇ ਸਮੇਂ ਦੀ ਬੱਚਤ ਹੋਵੇਗੀ। ਇਸ ਪ੍ਰੋਗਰਾਮ ’ਚ ਸੜਕ ਸੁਰੱਖਿਆ ਲਈ ਮੰਤਰਾਲਾ ਦੇ ਅੰਬੈਸਡਰ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਵੀ ਮੌਜੂਦ ਸਨ। ਇਸ ਦੌਰਾਨ ਫਾਸਟੈਗ ਸਬੰਧੀ ਲੋਕ ਜਾਗਰੂਕਤਾ ਵਧਾਉਣ ਵਾਲੀ ਇਕ ਐਡ ਫਿਲਮ ਵੀ ਲਾਂਚ ਕੀਤੀ ਗਈ। ਅਕਸ਼ੈ ਨੇ ਕੁਝ ਮਹੀਨੇ ਪਹਿਲਾਂ ਸੜਕ ਸੁਰੱਖਿਆ ਨੂੰ ਲੈ ਕੇ ਵੀ ਇਕ ਐਡ ਤਿਆਰ ਕੀਤੀ ਸੀ।

20 ਲੱਖ ਵਾਹਨ ਡਿਜੀਟਲ ਮਾਧਿਅਮ ਨਾਲ ਕਰ ਰਹੇ ਟੋਲ ਪਲਾਜ਼ਿਆਂ ’ਤੇ ਭੁਗਤਾਨ

ਉਨ੍ਹਾਂ ਕਿਹਾ ਕਿ ਫਾਸਟੈਗ ਪ੍ਰਤੀ ਲੋਕਾਂ ’ਚ ਜਾਗਰੂਕਤਾ ਵਧ ਰਹੀ ਹੈ ਅਤੇ 20 ਲੱਖ ਵਾਹਨਾਂ ਵੱਲੋਂ ਡਿਜੀਟਲ ਮਾਧਿਅਮ ਨਾਲ ਟੋਲ ਪਲਾਜ਼ਿਆਂ ’ਤੇ ਭੁਗਤਾਨ ਕੀਤਾ ਜਾ ਰਿਹਾ ਹੈ। ਕਈ ਥਾਵਾਂ ਕੁਝ ਦਿੱਕਤਾਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਖੇਤਰੀ ਪ੍ਰਬੰਧਨ ਨੂੰ ਕਿਹਾ ਗਿਆ ਹੈ ਕਿ ਉਹ ਸੁਚਾਰੂ ਵਿਵਸਥਾ ਹੋਣ ਤੱਕ ਕੁਲ ਲੇਨ ਦਾ 25 ਫੀਸਦੀ ਹਿੱਸਾ ਅਸਥਾਈ ਤੌਰ ’ਤੇ ਨਕਦੀ ਲਈ ਇਸਤੇਮਾਲ ਕਰ ਸਕਦੇ ਹਨ। ਇਹ ਵਿਵਸਥਾ ਅਸਥਾਈ ਹੈ ਅਤੇ ਇਸ ਨੂੰ ਕਦੇ ਵੀ ਬੰਦ ਕੀਤਾ ਜਾ ਸਕਦਾ ਹੈ। ਇਸ ਲਈ ਵਾਹਨਾਂ ਦੇ ਮਾਲਕ ਜਲਦ ਤੋਂ ਜਲਦ ਆਪਣੇ ਵਾਹਨਾਂ ’ਤੇ ਫਾਸਟੈਗ ਲਵਾ ਲੈਣ। ਅਕਸ਼ੈ ਕੁਮਾਰ ਨੇ ਫਾਸਟੈਗ ਪ੍ਰਣਾਲੀ ਦੇ ਸੰਚਾਲਨ ’ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਵਿਦੇਸ਼ਾਂ ’ਚ ਇਸ ਤਰ੍ਹਾਂ ਦੀ ਵਿਵਸਥਾ ਆਮ ਹੈ। ਉਨ੍ਹਾਂ ਦੇਸ਼ਵਾਸੀਆਂ ਨੂੰ ਇਸ ਪ੍ਰਣਾਲੀ ਨਾਲ ਜੁੜਨ ਦੀ ਅਪੀਲ ਕੀਤੀ ਹੈ।

 

ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀਆਂ ਦੀ ਪੂਰੀ ਮਦਦ ਕੀਤੀ ਜਾਵੇਗੀ

ਗਡਕਰੀ ਨੇ ਕਿਹਾ ਕਿ ਸਰਕਾਰ ਵਾਤਾਵਰਣ ਹਿਤੈਸ਼ੀ ਇਲੈਕਟ੍ਰਿਕ ਵਾਹਨਾਂ ਨੂੰ ਬੜ੍ਹਾਵਾ ਦੇਣ ’ਤੇ ਖਾਸ ਜ਼ੋਰ ਦੇ ਰਹੀ ਹੈ ਅਤੇ ਇਨ੍ਹਾਂ ਦੇ ਨਿਰਮਾਣ ’ਚ ਲੱਗੀਆਂ ਕੰਪਨੀਆਂ ਨੂੰ ਸਮੁੱਚੀ ਸਹਾਇਤਾ ਅਤੇ ਸਹੂਲਤਾਂ ਉਪਲੱਬਧ ਕਰਾਈਆਂ ਜਾਣਗੀਆਂ। ਗਡਕਰੀ ਨੇ ਕਿਹਾ ਕਿ ਸਰਕਾਰ ਏਥੇਨਾਲ, ਮੀਥੇਨ, ਸੀ. ਐੱਨ. ਜੀ., ਹਾਈਡਰੋਜਨ ਅਤੇ ਇਲੈਕਟ੍ਰਿਕ ਨਾਲ ਚੱਲਣ ਵਾਲੇ ਵਾਹਨਾਂ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬਾਇਓ-ਫਿਊਲ ਨਾਲ ਚੱਲਣ ਵਾਲੇ ਵਾਹਨਾਂ ਲਈ ਵੱਡੀ ਮਾਤਰਾ ’ਚ ਕਰੂਡ ਆਇਲ ਦਰਾਮਦ ਕਰਨਾ ਪੈਂਦਾ ਹੈ, ਜਿਸ ’ਤੇ ਵਿਦੇਸ਼ੀ ਕਰੰਸੀ ਦੇ ਰੂਪ ’ਚ ਬਹੁਤ ਵੱਡੀ ਰਕਮ ਖਰਚ ਹੁੰਦੀ ਹੈ। ਚਾਲੂ ਵਿੱਤੀ ਸਾਲ ’ਚ ਕੱਚੇ ਤੇਲ ਦੀ ਦਾਰਮਦ 23.3 ਕਰੋਡ਼ ਟਨ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ।


Related News