ਡਾਬਰ ਖਰੀਦਣ ਜਾ ਰਹੀ ਹੈ ਕੋਕਾ ਕੋਲਾ ’ਚ ਹਿੱਸੇਦਾਰੀ, 12000 ਕਰੋੜ ’ਚ ਹੋ ਸਕਦੀ ਹੈ ਡੀਲ

Tuesday, Sep 03, 2024 - 10:23 AM (IST)

ਨਵੀਂ ਦਿੱਲੀ(ਇੰਟ.) – ਡਾਬਰ ਗਰੁੱਪ ਆਪਣੇ ਬਿਜ਼ਨੈੱਸ ਨੂੰ ਵਿਸਤਾਰ ਦੇਣ ’ਤੇ ਧਿਆਨ ਦੇ ਰਹੀ ਹੈ। ਕੰਪਨੀ ਦੀ ਯੋਜਨਾ ਕੋਕਾ ਕੋਲਾ ’ਚ ਇਕ ਵੱਡੀ ਹਿੱਸੇਦਾਰੀ ਖਰੀਦਣ ਦੀ ਹੈ। ਡਾਬਰ ਦਾ ਬਰਮਨ ਪਰਿਵਾਰ ਅਤੇ ਜੁਬੀਲੈਂਟ ਗਰੁੱਪ ਦੇ ਪ੍ਰਮੋਟਰਜ਼ ਭਰਤੀਆ ਹਿੰਦੁਸਤਾਨ ਕੋਕਾ-ਕੋਲਾ ਬ੍ਰੇਵਰੇਜਿਜ਼ (ਐੱਚ. ਸੀ. ਸੀ. ਬੀ.) ’ਚ 40 ਫੀਸਦੀ ਹਿੱਸੇਦਾਰੀ 10,800-12000 ਕਰੋੜ ਰੁਪਏ (1.3-1.4 ਬਿਲੀਅਨ ਡਾਲਰ) ’ਚ ਖਰੀਦਣ ਲਈ ਤਿਆਰ ਹੈ।

ਇਸ ਨਾਲ ਕੋਕਾ ਕੋਲਾ ਇੰਡੀਆ ਦੀ ਪੂਰਨ ਮਾਲਕੀ ਵਾਲੀ ਬਾਟਲਿੰਗ ਸਹਾਇਕ ਕੰਪਨੀ ਦਾ ਮੁੱਲ 27,000-30,000 ਕਰੋੜ ਰੁਪਏ (3.21-3.61 ਬਿਲੀਅਨ ਡਾਲਰ) ਮੰਨਿਆ ਗਿਆ ਹੈ।

ਕੀ ਕਹਿੰਦੀ ਹੈ ਰਿਪੋਰਟ?

ਇਸ ਡੀਲ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਦੋਵਾਂ ਪੱਖਾਂ ਵਿਚਾਲੇ ਪਿਛਲੇ ਹਫਤੇ ਬੋਲੀਆਂ ਲੱਗੀਆਂ ਸਨ। ਮੂਲ ਕੰਪਨੀ ਕੋਕਾ ਕੋਲਾ ਕੰਪਨੀ ਤੈਅ ਕਰੇਗੀ ਕਿ ਸੌਦੇ ’ਚ ਇਕ ਜਾਂ ਦੋ ਸਹਿ-ਇਨਵੈਸਟਰ ਸ਼ਾਮਲ ਹੋਣਗੇ ਜਾਂ ਗੱਲਬਾਤ ਤੋਂ ਬਾਅਦ ਨਿਵੇਸ਼ਕ ਸੰਘ ਦਾ ਗਠਨ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਮਾਲੀ ਸਾਲ ਦੇ ਅਖੀਰ ਤੱਕ ਇਸ ਡੀਲ ’ਤੇ ਫਾਈਨਲ ਫੈਸਲਾ ਹੋ ਜਾਵੇਗਾ।

18 ਜੂਨ ਦੀ ਇਕ ਮੀਡੀਆ ਰਿਪੋਰਟ ਅਨੁਸਾਰ ਕੋਕਾ ਕੋਲਾ ਨੇ ਐੱਚ. ਸੀ. ਸੀ. ਬੀ. ’ਚ ਨਿਵੇਸ਼ ਕਰਨ ਲਈ ਭਾਰਤੀ ਕਾਰੋਬਾਰੀ ਘਰਾਣਿਆਂ ਅਤੇ ਅਰਬਪਤੀ ਪ੍ਰਮੋਟਰਾਂ ਦੇ ਪਰਿਵਾਰਕ ਦਫਤਰਾਂ ਦੇ ਇਕ ਗਰੁੱਪ ਨਾਲ ਸੰਪਰਕ ਕੀਤਾ ਹੈ। ਇਹ ਇਕ ਅਜਿਹੀ ਸ਼ਾਖਾ ਹੈ, ਜਿਸ ਨੂੰ ਉਹ ਆਖਿਰਕਾਰ ਤੇਜ਼ੀ ਵਾਲੇ ਘਰੇਲੂ ਪੂੰਜੀ ਬਾਜ਼ਾਰਾਂ ਤੋਂ ਲਾਭ ਉਠਾਉਣ ਲਈ ਜਨਤਕ ਕਰਨਾ ਚਾਹੁੰਦੀ ਹੈ।

ਜਿਨ੍ਹਾਂ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ, ਉਨ੍ਹਾਂ ’ਚ ਪਿਡੀਲਾਈਟ ਇੰਡਸਟ੍ਰੀਜ਼ ਦੇ ਪਾਰੇਖ ਦਾ ਪਰਿਵਾਰਕ ਦਫਤਰ ਅਤੇ ਏਸ਼ੀਅਨ ਪੇਂਟਸ ਦੇ ਪ੍ਰਮੋਟਰ ਪਰਿਵਾਰ ਦੇ ਨਾਲ-ਨਾਲ ਬਰਮਨ ਅਤੇ ਭਰਤੀਆ ਵੀ ਸ਼ਾਮਲ ਸਨ।

ਸਿਰਫ ਇਹ 2 ਗਰੁੱਪ ਹੀ ਲੈ ਰਹੇ ਦਿਲਚਸਪੀ

ਕੁਝ ਲੋਕ ਮੰਨਦੇ ਹਨ ਕਿ ਕੁਮਾਰ ਮੰਗਲਮ ਬਿੜਲਾ, ਸੁਨੀਲ ਭਾਰਤੀ ਮਿੱਤਲ ਅਤੇ ਟੈੱਕ ਅਰਬਪਤੀ ਸ਼ਿਵ ਨਾਡਰ ਦੇ ਪਰਿਵਾਰਕ ਦਫਤਰਾਂ ਨਾਲ ਵੀ ਸੰਪਰਕ ਕੀਤਾ ਗਿਆ ਸੀ। ਹਾਲਾਂਕਿ ਸਿਰਫ ਬਰਮਨ ਅਤੇ ਭਰਤੀਆ ਨੇ ਹੀ ਹਿੱਸੇਦਾਰੀ ਲਈ ਬੋਲੀ ਲਗਾਉਣ ਦੀ ਮੰਗ ਕੀਤੀ ਹੈ। ਨਕਦੀ ਨਾਲ ਭਰਪੂਰ ਪਰਿਵਾਰ ਇਕ ਅਜਿਹੇ ਢਾਂਚੇ ਲਈ ਖੁੱਲ੍ਹੇ ਹਨ, ਜਿਸ ’ਚ ਉਨ੍ਹਾਂ ਦੀਆਂ ਸੂਚੀਬੱਧ ਪ੍ਰਮੁੱਖ ਕੰਪਨੀਆਂ ਡਾਬਰ ਇੰਡੀਆ ਅਤੇ ਜੂਬੀਲੈਂਟ ਫੂਡਵਰਕਸ (ਜੇ. ਐੱਫ. ਐੱਲ.) ਵੀ ਸ਼ਾਮਲ ਹੋ ਸਕਦੀਆਂ ਹਨ ਜੋ ਆਪਣੇ ਮੌਜੂਦਾ ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ (ਐੱਫ. ਐੱਮ. ਸੀ. ਜੀ.) ਅਤੇ ਖੁਰਾਕ ਪੋਰਟਫੋਲੀਓ ਦੇ ਨਾਲ ਤਾਲਮੇਲ ਦਾ ਲਾਭ ਉਠਾਉਣ ਲਈ ਸਹਿ-ਨਿਵੇਸ਼ਕ ਦੇ ਰੂਪ ’ਚ ਸ਼ਾਮਲ ਹੋ ਸਕਦੀਆਂ ਹਨ।


Harinder Kaur

Content Editor

Related News