Bitcoin ''ਚ ਦੋ ਦਿਨਾਂ ''ਚ 21 ਫ਼ੀਸਦੀ ਗਿਰਾਵਟ, ਬੁਲਬਲਾ ਫਟਣ ਦਾ ਡਰ!

01/11/2021 8:34:39 PM

ਨਵੀਂ ਦਿੱਲੀ- ਵਿਸ਼ਵ ਦੀ ਸਭ ਤੋਂ ਪ੍ਰਸਿੱਧ ਕ੍ਰਿਪਟੋਕਰੰਸੀ ਬਿਟਕੁਆਇਨ ਵਿਚ ਦੋ ਦਿਨਾਂ ਵਿਚ 21 ਫ਼ੀਸਦੀ ਤੱਕ ਦੀ ਭਾਰੀ ਗਿਰਾਵਟ ਆਈ ਹੈ। ਇਸ ਨਾਲ ਹੁਣ ਇਹ ਡਰ ਫ਼ੈਲਣ ਲੱਗਾ ਹੈ ਕਿ ਬਿਟਕੁਆਇਨ ਦਾ ਬੁਲਬਲਾ ਫਟ ਤਾਂ ਨਹੀਂ ਜਾਵੇਗਾ। ਇਸ ਵਿਚਕਾਰ ਯੂ. ਕੇ. ਦੇ ਟਾਪ ਰੈਗੂਲੇਟਰ ਨੇ ਕ੍ਰਿਪੋਟਕਰੰਸੀ ਵਿਚ ਪੈਸਾ ਲਾਉਣ ਵਾਲੇ ਜਾਂ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਤੁਹਾਡਾ ਸਾਰਾ ਪੈਸਾ ਡੁੱਬਣ ਵਾਲਾ ਹੈ।

ਯੂ. ਕੇ. ਦੀ ਵਿੱਤੀ ਮਾਮਿਲਆਂ ਦੀ ਅਥਾਰਟੀ (ਐੱਫ. ਸੀ. ਏ.) ਨੇ ਸੋਮਵਾਰ ਨੂੰ ਕਿਹਾ ਕਿ ਸਾਨੂੰ ਇਸ ਗੱਲ ਦੀ ਸੂਚਨਾ ਹੈ ਕਿ ਕੁਝ ਫਰਮਾਂ ਕ੍ਰਿਪੋਟਕਰੰਸੀ ਵਿਚ ਨਿਵੇਸ਼ ਕਰ ਰਹੀਆਂ ਹਨ ਅਤੇ ਪ੍ਰਚੂਨ ਨਿਵੇਸ਼ਕਾਂ ਨੂੰ ਲਾਲਚ ਦੇ ਕੇ ਇਸ ਨਾਲ ਜੋੜ ਰਹੀਆਂ ਹਨ। ਐੱਫ. ਸੀ. ਏ. ਨੇ ਕਿਹਾ ਕਿ ਜੋ ਪ੍ਰਚੂਨ ਨਿਵੇਸ਼ਕ ਇਸ ਵਿਚ ਪੈਸਾ ਲਾ ਰਹੇ ਹਨ ਉਨ੍ਹਾਂ ਨੂੰ ਆਪਣਾ ਸਾਰਾ ਪੈਸਾ ਗੁਆਉਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਪਿਛਲੇ ਦੋ ਦਿਨਾਂ ਯਾਨੀ ਐਤਵਾਰ ਤੇ ਸੋਮਵਾਰ ਨੂੰ ਬਿਟਕੁਆਇਨ ਦੀ ਕੀਮਤ ਵਿਚ 21 ਫ਼ੀਸਦੀ ਦੀ ਗਿਰਾਵਟ ਆਈ ਹੈ। 8 ਜਨਵਰੀ ਨੂੰ ਇਸ ਦੀ ਕੀਮਤ ਲਗਭਗ 42,000 ਡਾਲਰ 'ਤੇ ਪਹੁੰਚ ਗਈ ਸੀ। ਐਤਵਾਰ ਨੂੰ ਇਸ ਦੀ ਕੀਮਤ ਘੱਟ ਕੇ 38,000 ਡਾਲਰ 'ਤੇ ਪਹੁੰਚ ਗਈ। ਸੋਮਵਾਰ ਦੁਪਿਹਰ ਤੱਕ ਇਸ ਨੂੰ ਤਕਰੀਬਨ 10,000 ਡਾਲਰ ਦਾ ਨੁਕਸਾਨ ਹੋ ਚੁੱਕਾ ਸੀ। ਇਹ ਟੁੱਟ ਕੇ 32,389 ਡਾਲਰ ਤੱਕ ਆ ਗਈ। ਦੂਜੀ ਸਭ ਤੋਂ ਪ੍ਰਚਲਿਤ ਕ੍ਰਿਪੋਟਕਰੰਸ ਈਥਰ ਵਿਚ ਵੀ 21 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਹੈ। ਇਸ ਨਾਲ ਇਹ ਸਵਾਲ ਉੱਠਣ ਲੱਗਾ ਹੈ ਕਿ ਕਿਤੇ ਇਹ ਇਸ ਬੁਲਬਲੇ ਦੇ ਫਟਣ ਦੀ ਸ਼ੁਰੂਆਤ ਤਾਂ ਨਹੀਂ ਹੈ। ਗੌਰਤਲਬ ਹੈ ਕਿ ਬੈਂਕ ਆਫ਼ ਅਮਰੀਕਾ ਨੇ ਇਕ ਨੋਟ ਵਿਚ ਇਸ ਕ੍ਰਿਪਟੋਕਰੰਸੀ ਨੂੰ ''ਮਦਰ ਆਫ਼ ਆਲ ਬੱਬਲ'' ਕਿਹਾ ਹੈ। ਦੱਸ ਦੇਈਏ ਕਿ ਬਿਨਾਂ ਰਜਿਸਟ੍ਰੇਸ਼ਨ ਦੇ ਕ੍ਰਿਪਟੋਕਰੰਸੀ ਵਿਚ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਐੱਫ. ਸੀ. ਏ. ਨੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ ਅਤੇ ਪ੍ਰਚੂਨ ਨਿਵੇਸ਼ਕਾਂ ਨੂੰ ਇਸ ਦੀ ਵਿਕਰੀ 'ਤੇ ਪਾਬੰਦੀ ਲਾਈ ਹੈ।


Sanjeev

Content Editor

Related News