ਮੂਧੇ ਮੂੰਹ ਡਿੱਗਣਗੀਆਂ ਕੱਚੇ ਤੇਲ ਦੀਆਂ ਕੀਮਤਾਂ, 40 ਡਾਲਰ ਤੱਕ ਆ ਸਕਦੀ ਹੈ ਕੀਮਤ!
Sunday, Sep 06, 2026 - 04:22 AM (IST)
ਨਵੀਂ ਦਿੱਲੀ - ਦੁਨੀਆ ਭਰ ਦੀਆਂ ਨਜ਼ਰਾਂ ਫਿਲਹਾਲ ਈਰਾਨ ਵਿਵਾਦ ’ਤੇ ਟਿਕੀਆਂ ਹਨ। ਇਸ ਭੂ-ਸਿਆਸੀ ਸੰਕਟ ਨੇ ਊਰਜਾ ਬਾਜ਼ਾਰ ’ਚ ਉਥਲ-ਪੁਥਲ ਮਚਾ ਦਿੱਤੀ ਹੈ, ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਪਰ ਅਮਰੀਕੀ ਟ੍ਰੇਜ਼ਰੀ ਸਕੱਤਰ ਸਕੌਟ ਬੇਸੈਂਟ ਨੇ ਇਕ ਅਜਿਹਾ ਦਾਅਵਾ ਕੀਤਾ ਹੈ ਜਿਸ ਨੇ ਗਲੋਬਲ ਬਾਜ਼ਾਰ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਈਰਾਨ ਨਾਲ ਫੌਜ ਦਾ ਟਕਰਾਅ ਖਤਮ ਹੋਵੇਗਾ, ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ।
ਬੇਸੈਂਟ ਮੁਤਾਬਕ ਤੇਲ ਦੀਆਂ ਕੀਮਤਾਂ 40 ਡਾਲਰ ਪ੍ਰਤੀ ਬੈਰਲ ਤੱਕ ਹੇਠਾਂ ਆ ਸਕਦੀਆਂ ਹਨ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਊਰਜਾ ਦੀਆਂ ਵਧਦੀਆਂ ਕੀਮਤਾਂ ਨੇ ਦੁਨੀਆ ਭਰ ’ਚ ਮਹਿੰਗਾਈ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਓਵਰ ਸਪਲਾਈ ਨਾਲ ਡਿੱਗਣਗੇ ਤੇਲ ਦੇ ਭਾਅ
ਕੱਚੇ ਤੇਲ ਦਾ ਬਾਜ਼ਾਰ ਫਿਲਹਾਲ ਦਬਾਅ ’ਚ ਹੈ, ਪਰ ਬੇਸੈਂਟ ਨੂੰ ਭਵਿੱਖ ’ਚ ਇਕ ਵੱਖਰੀ ਹੀ ਤਸਵੀਰ ਨਜ਼ਰ ਆ ਰਹੀ ਹੈ। ਇਕ ਇੰਟਰਵਿਊ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਈਰਾਨ ਸੰਕਟ ਤੋਂ ਬਾਅਦ ਬਾਜ਼ਾਰ ’ਚ ਕੱਚੇ ਤੇਲ ਦੀ ਭਾਰੀ ਓਵਰ ਸਪਲਾਈ ਹੋਵੇਗੀ। ਬਹੁਤ ਸਾਰਾ ਤੇਲ ਉਤਪਾਦਨ ਲਾਈਨ ’ਚ ਆਉਣ ਵਾਲਾ ਹੈ, ਜਿਸ ਨਾਲ ਕੀਮਤਾਂ 40 ਤੋਂ 50 ਡਾਲਰ ਤੱਕ ਡਿੱਗ ਸਕਦੀਆਂ ਹਨ। ਫਿਲਹਾਲ ਬ੍ਰੇਂਟ ਕਰੂਡ 95 ਡਾਲਰ ਪ੍ਰਤੀ ਬੈਰਲ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।
ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਵੀ 91 ਡਾਲਰ ਦੇ ਆਸ-ਪਾਸ ਹੈ। ਇਹ ਪੱਧਰ ਜੁਲਾਈ ਤੋਂ ਬਾਅਦ ਸਭ ਤੋਂ ਉੱਚੇ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਹਾਲੀਆ ਹਮਲਿਆਂ ਨੇ ਊਰਜਾ ਕੀਮਤਾਂ ’ਚ ਇਹ ਤੇਜ਼ੀ ਲਿਆ ਦਿੱਤੀ ਹੈ।
ਵਿਆਜ ਦਰਾਂ ’ਚ ਕਟੌਤੀ ਦੀ ਜਾਗੀ ਉਮੀਦ
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਮਹਿੰਗਾਈ ’ਤੇ ਪੈਂਦਾ ਹੈ। ਬੇਸੈਂਟ ਨੇ ਦੱਸਿਆ ਕਿ ਵਿਆਜ ਦਰਾਂ ਦਾ ਤੇਲ ਦੀਆਂ ਕੀਮਤਾਂ ਨਾਲ ਇੰਨਾ ਗੂੜ੍ਹਾ ਸਬੰਧ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਮੌਜੂਦਾ ਸਮੇਂ ’ਚ 10 ਸਾਲਾਂ ਦੇ ਅਮਰੀਕੀ ਬਾਂਡ ਦੀ ਯੀਲਡ 2023 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਵਿਵਾਦ ਖਤਮ ਹੋਣ ਤੋਂ ਬਾਅਦ ਜਦੋਂ ਤੇਲ ਸਸਤਾ ਹੋਵੇਗਾ, ਤਾਂ ਮਹਿੰਗਾਈ ’ਚ ਵੀ ਭਾਰੀ ਕਮੀ ਆਵੇਗੀ। ਇਸ ਨਾਲ ਗਲੋਬਲ ਪੱਧਰ ’ਤੇ ਵਿਆਜ ਦਰਾਂ ’ਚ ਵੀ ਗਿਰਾਵਟ ਆਉਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ, ਜੰਗ ਕਦੋਂ ਖਤਮ ਹੋਵੇਗੀ, ਇਸ ’ਤੇ ਉਨ੍ਹਾਂ ਕੋਈ ਸਮਾਂ-ਹੱਦ ਨਹੀਂ ਦਿੱਤੀ। ਅਮਰੀਕੀ ਸੰਸਦ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਇਕ ਰਿਪਬਲਿਕਨ ਸੰਸਦ ਮੈਂਬਰ ਨੇ ਸਥਿਤੀ ਨੂੰ ਫਿਲਹਾਲ ‘ਠਹਿਰਿਆ ਹੋਇਆ’ ਦੱਸਿਆ ਹੈ।
