ਕੱਚੇ ਤੇਲ ਦੀਆਂ ਕੀਮਤਾਂ ਨੇ ਫਿਰ ਫੜੀ ਰਫ਼ਤਾਰ, ਭਾਰਤ ’ਚ 17 ਫੀਸਦੀ ਘੱਟ ਰਹੀ ਬਰਾਮਦ

Wednesday, Apr 22, 2026 - 11:13 AM (IST)

ਕੱਚੇ ਤੇਲ ਦੀਆਂ ਕੀਮਤਾਂ ਨੇ ਫਿਰ ਫੜੀ ਰਫ਼ਤਾਰ, ਭਾਰਤ ’ਚ 17 ਫੀਸਦੀ ਘੱਟ ਰਹੀ ਬਰਾਮਦ

ਨਵੀਂ ਦਿੱਲੀ : ਅਮਰੀਕਾ ਅਤੇ ਈਰਾਨ ਦਰਮਿਆਨ ਵਧਦੇ ਤਣਾਅ ਦਾ ਅਸਰ ਤੇਲ ਬਾਜ਼ਾਰ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਹੋਰਮੁਜ਼ ਸਟ੍ਰੇਟ ’ਚ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਤੋਂ ਬਾਅਦ ਹਾਲਾਤ ਹੋਰ ਗੰਭੀਰ ਹੋ ਗਏ ਹਨ, ਜਿਸ ਨਾਲ ਟਕਰਾਅ ਦਾ ਖਦਸ਼ਾ ਵੀ ਵਧਿਆ ਹੈ। ਇਸ ਖ਼ਬਰ ਦਾ ਸਿੱਧਾ ਅਸਰ ਕੱਚੇ ਤੇਲ ਦੀਆਂ ਕੀਮਤਾਂ ’ਤੇ ਦਿਸਿਆ।
ਅੱਜ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਦੇਖਿਆ ਗਿਆ ਹੈ। ਨਾਲ ਹੀ ਦੇਸ਼ ’ਚ 17 ਫੀਸਦੀ ਦਰਾਮਦ ’ਚ ਕਮੀ ਆਈ ਹੈ। ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ. ਟੀ. ਆਈ.) ਫਿਊਚਰਜ਼ ’ਚ ਲੱਗਭਗ 6 ਫੀਸਦੀ ਦੇ ਵਾਧੇ ਨਾਲ ਕੀਮਤ 88.93 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਉੱਥੇ ਹੀ ਬ੍ਰੇਂਟ ਕਰੂਡ ਦੇ ਜੂਨ ਡਲਿਵਰੀ ਇਕਰਾਰਨਾਮਿਆਂ ’ਚ ਵੀ ਲੱਗਭਗ 5.63 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਦਾ ਤਾਜ਼ਾ ਭਾਅ 95.48 ਡਾਲਰ ਪ੍ਰਤੀ ਬੈਰਲ ਦੇ ਅੰਕੜੇ ’ਤੇ ਪਹੁੰਚ ਗਿਆ ਹੈ।

ਕੱਚੇ ਤੇਲ ਦੀ ਦਰਾਮਦ ’ਚ ਆਈ ਗਿਰਾਵਟ
ਪੱਛਮੀ ਏਸ਼ੀਆ ’ਚ ਜਾਰੀ ਤਣਾਅ ਦਾ ਅਸਰ ਭਾਰਤ ਦੀ ਤੇਲ ਦਰਾਮਦ ’ਤੇ ਵੀ ਸਾਫ਼ ਵਿਖਾਈ ਦੇ ਰਿਹਾ ਹੈ। ਮੌਜੂਦਾ ਹਾਲਾਤ ਕਾਰਨ ਦੇਸ਼ ’ਚ ਕੱਚੇ ਤੇਲ ਦੀ ਖ਼ਰੀਦਦਾਰੀ ’ਚ ਕਮੀ ਆਈ ਹੈ, ਜਿਸ ਨਾਲ ਸਪਲਾਈ ਨਾਲ ਜੁੜੀਆਂ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਪੈਟਰੋਲੀਅਮ ਪਲਾਨਿੰਗ ਐਂਡ ਐਨਾਲਿਸਿਸ ਸੈੱਲ (ਪੀ. ਪੀ. ਏ. ਸੀ.) ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਮਾਰਚ ’ਚ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ ਲੱਗਭਗ 17 ਫੀਸਦੀ ਘਟ ਗਈ ਹੈ, ਜਿਸ ਨਾਲ ਇਸ ਖੇਤਰ ’ਚ ਵਧਦੇ ਸੰਕਟ ਦਾ ਸਾਫ਼ ਪਤਾ ਲੱਗਦਾ ਹੈ।

ਮਹਿੰਗਾਈ ਵਧਣ ਦਾ ਖ਼ਤਰਾ
ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ। ਜੇਕਰ ਈਂਧਨ ਮਹਿੰਗਾ ਹੁੰਦਾ ਹੈ, ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਖ਼ਰਚੇ ’ਤੇ ਦਿਸਦਾ ਹੈ। ਢੋਆ-ਢੁਆਈ ਮਹਿੰਗੀ ਹੋਣ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ, ਜਿਸ ਨਾਲ ਮਹਿੰਗਾਈ ਦਾ ਦਬਾਅ ਹੋਰ ਵਧਣ ਦਾ ਖਦਸ਼ਾ ਰਹਿੰਦਾ ਹੈ। ਮਿਡਲ ਈਸਟ ’ਚ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਹੋਰ ਤੇਜ਼ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਓਮਾਨ ਦੀ ਖਾੜੀ ’ਚ ਅਮਰੀਕੀ ਸਮੁੰਦਰੀ ਫੌਜ ਨੇ ਇਕ ਈਰਾਨੀ ਕੰਟੇਨਰ ਜਹਾਜ਼ ’ਤੇ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮੈਰੀਨ ਫੋਰਸਾਂ ਨੇ ਉਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਜਹਾਜ਼ ਅਮਰੀਕੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ।


author

SATPAL

Content Editor

Related News