​​​​​​​ਦੇਸ਼ ਦੇ ਕਿਸਾਨਾਂ ਲਈ ਵੱਡਾ ਝਟਕਾ, 2 ਮਹੀਨਿਆਂ ’ਚ 24 ਫੀਸਦੀ ਡਿੱਗੀ ਬਾਸਮਤੀ ਦੀ ਬਰਾਮਦ

Tuesday, Jun 16, 2026 - 11:54 AM (IST)

​​​​​​​ਦੇਸ਼ ਦੇ ਕਿਸਾਨਾਂ ਲਈ ਵੱਡਾ ਝਟਕਾ, 2 ਮਹੀਨਿਆਂ ’ਚ 24 ਫੀਸਦੀ ਡਿੱਗੀ ਬਾਸਮਤੀ ਦੀ ਬਰਾਮਦ

ਬਿਜ਼ਨੈੱਸ ਡੈਸਕ - ਭਾਰਤ ਦੇ ਪ੍ਰਮੁੱਖ ਖੇਤੀਬਾੜੀ ਬਰਾਮਦ ਉਤਪਾਦਾਂ ’ਚ ਸ਼ਾਮਲ ਬਾਸਮਤੀ ਚੌਲ ਦੀ ਬਰਾਮਦ ਪੱਛਮੀ ਏਸ਼ੀਆ ’ਚ ਵਧਦੇ ਤਣਾਅ ਕਾਰਨ ਦਬਾਅ ’ਚ ਆ ਗਈ ਹੈ। ਵਣਜ ਅਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਮਾਰਚ ਅਤੇ ਅਪ੍ਰੈਲ ਦੌਰਾਨ ਬਾਸਮਤੀ ਬਰਾਮਦ ’ਚ ਲੱਗਭਗ 24 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਖਾੜੀ ਦੇਸ਼ਾਂ ਨੂੰ ਹੋਣ ਵਾਲੀ ਸਪਲਾਈ ’ਚ ਕਮੀ ਇਸ ਦਾ ਮੁੱਖ ਕਾਰਨ ਮੰਨੀ ਜਾ ਰਹੀ ਹੈ।

ਬਰਾਮਦ ਅੰਕੜਿਆਂ ਮੁਤਾਬਕ ਈਰਾਨ, ਇਰਾਕ, ਕਤਰ ਅਤੇ ਹੋਰ ਪੱਛਮੀ ਏਸ਼ੀਆਈ ਦੇਸ਼ਾਂ ਨੂੰ ਭੇਜੀਆਂ ਜਾਣ ਵਾਲੀਆਂ ਬਾਸਮਤੀ ਖੇਪਾਂ ’ਚ ਰਿਕਾਰਡ ਕਮੀ ਆਈ ਹੈ। ਮਾਰਚ ਅਤੇ ਅਪ੍ਰੈਲ ਦੌਰਾਨ ਕੁਝ ਪ੍ਰਮੁੱਖ ਬਾਜ਼ਾਰਾਂ ’ਚ ਬਰਾਮਦ 50 ਤੋਂ 90 ਫੀਸਦੀ ਤੱਕ ਘਟ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਖੇਤਰੀ ਅਸਥਿਰਤਾ ਅਤੇ ਵਪਾਰਕ ਬੇਭਰੋਸਗੀ ਨੇ ਖਰੀਦਦਾਰੀ ਨੂੰ ਪ੍ਰਭਾਵਿਤ ਕੀਤਾ ਹੈ।

2 ਮਹੀਨਿਆਂ ’ਚ ਬਰਾਮਦ ਮੁੱਲ ’ਚ ਭਾਰੀ ਕਮੀ

ਅਧਿਕਾਰਤ ਅੰਕੜਿਆਂ ਅਨੁਸਾਰ ਮਾਰਚ ਅਤੇ ਅਪ੍ਰੈਲ ’ਚ ਭਾਰਤ ਦਾ ਕੁੱਲ ਬਾਸਮਤੀ ਬਰਾਮਦ ਮੁੱਲ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲੱਗਭਗ ਇਕ-ਚੌਥਾਈ ਘਟ ਗਿਆ। ਉਦਯੋਗ ਜਗਤ ਦਾ ਮੰਨਣਾ ਹੈ ਕਿ ਜੇਕਰ ਸਥਿਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਸ ਦਾ ਅਸਰ ਬਰਾਮਦਕਾਰਾਂ ਦੇ ਨਾਲ-ਨਾਲ ਕਿਸਾਨਾਂ ’ਤੇ ਵੀ ਪੈ ਸਕਦਾ ਹੈ।

ਨਵੇਂ ਬਾਜ਼ਾਰਾਂ ਦੀ ਤਲਾਸ਼ ’ਚ ਜੁਟੇ ਬਰਾਮਦਕਾਰ

ਪੱਛਮੀ ਏਸ਼ੀਆ ’ਚ ਸੁਸਤੀ ਦਰਮਿਆਨ ਭਾਰਤੀ ਬਰਾਮਦਕਾਰਾਂ ਨੇ ਯੂਰਪ ਅਤੇ ਹੋਰ ਖੇਤਰਾਂ ’ਚ ਨਵੇਂ ਮੌਕੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਬ੍ਰਿਟੇਨ, ਇਟਲੀ ਅਤੇ ਓਮਾਨ ਵਰਗੇ ਦੇਸ਼ਾਂ ’ਚ ਬਾਸਮਤੀ ਚੌਲ ਦੀ ਮੰਗ ਵਧਣ ਦੇ ਸੰਕੇਤ ਮਿਲੇ ਹਨ। ਕਈ ਕੰਪਨੀਆਂ ਆਪਣੇ ਬਰਾਮਦ ਨੈੱਟਵਰਕ ਨੂੰ ਵੰਨ-ਸੁਵੰਨਤਾ ਵਾਲਾ ਬਣਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੀਆਂ ਹਨ।

ਚੀਨ ਬਣਿਆ ਉੱਭਰਦਾ ਹੋਇਆ ਬਦਲ

ਬਰਾਮਦਕਾਰਾਂ ਦੀ ਨਜ਼ਰ ਹੁਣ ਚੀਨ ਦੇ ਬਾਜ਼ਾਰ ’ਤੇ ਵੀ ਹੈ। ਹਾਲ ਦੇ ਮਹੀਨਿਆਂ ’ਚ ਚੀਨ ਨੂੰ ਬਾਸਮਤੀ ਚੌਲ ਦੀ ਬਰਾਮਦ ’ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਉਦਯੋਗ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਚੀਨ ’ਚ ਮੰਗ ਲਗਾਤਾਰ ਵਧਦੀ ਰਹੀ ਤਾਂ ਇਹ ਪੱਛਮੀ ਏਸ਼ੀਆ ’ਚ ਆਈ ਕਮੀ ਦੀ ਕੁਝ ਹੱਦ ਤੱਕ ਪੂਰਤੀ ਕਰ ਸਕਦਾ ਹੈ।

ਨਿਯਮਾਂ ਅਤੇ ਗੁਣਵੱਤਾ ਮਿਆਰਾਂ ਦੀ ਚੁਣੌਤੀ

ਹਾਲਾਂਕਿ, ਨਵੇਂ ਬਾਜ਼ਾਰਾਂ ’ਚ ਦਾਖਲ ਹੋਣਾ ਸੌਖਾ ਨਹੀਂ ਹੈ। ਚੀਨ ਸਮੇਤ ਕਈ ਦੇਸ਼ਾਂ ਨੇ ਗੁਣਵੱਤਾ ਅਤੇ ਖੁਰਾਕ ਸੁਰੱਖਿਆ ਮਿਆਰਾਂ ਨੂੰ ਲੈ ਕੇ ਸਖ਼ਤੀ ਵਧਾਈ ਹੈ। ਬਰਾਮਦਕਾਰਾਂ ਨੂੰ ਵੱਖ-ਵੱਖ ਟੈਸਟਿੰਗ ਅਤੇ ਸਰਟੀਫਿਕੇਸ਼ਨ ਪ੍ਰਕਿਰਿਆਵਾਂ ’ਚੋਂ ਲੰਘਣਾ ਪੈ ਰਿਹਾ ਹੈ, ਜਿਸ ਨਾਲ ਲਾਗਤ ਅਤੇ ਸਮਾਂ ਦੋਵੇਂ ਵਧ ਰਹੇ ਹਨ।

ਉਦਯੋਗ ਨੂੰ ਜਲਦ ਆਮ ਸਥਿਤੀ ਦੀ ਉਮੀਦ

ਬਾਸਮਤੀ ਉਦਯੋਗ ਨਾਲ ਜੁੜੇ ਸੰਗਠਨਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ’ਚ ਹਾਲਾਤ ਆਮ ਵਰਗੇ ਹੋਣ ’ਤੇ ਬਰਾਮਦ ’ਚ ਫਿਰ ਤੇਜ਼ੀ ਆ ਸਕਦੀ ਹੈ। ਫਿਲਹਾਲ ਬਰਾਮਦਕਾਰ ਨਵੇਂ ਬਾਜ਼ਾਰਾਂ ’ਚ ਆਪਣੀ ਹਾਜ਼ਰੀ ਮਜ਼ਬੂਤ ਕਰਨ ਅਤੇ ਰਵਾਇਤੀ ਗਾਹਕਾਂ ਦੇ ਨਾਲ ਵਪਾਰਕ ਸਬੰਧ ਬਣਾਈ ਰੱਖਣ ਦੀ ਰਣਨੀਤੀ ’ਤੇ ਕੰਮ ਕਰ ਰਹੇ ਹਨ। ਅੰਕੜਿਆਂ ਤੋਂ ਸਪਸ਼ਟ ਹੈ ਕਿ ਪੱਛਮੀ ਏਸ਼ੀਆ ’ਚ ਆਈ ਕਮਜ਼ੋਰੀ ਦੀ ਪੂਰਤੀ ਲਈ ਭਾਰਤੀ ਬਰਾਮਦਕਾਰ ਯੂਰਪ, ਜਾਰਡਨ ਅਤੇ ਚੀਨ ਵਰਗੇ ਨਵੇਂ ਬਾਜ਼ਾਰਾਂ ਵੱਲ ਤੇਜ਼ੀ ਨਾਲ ਰੁਖ ਕਰ ਰਹੇ ਹਨ।

ਬਾਸਮਤੀ ਬਰਾਮਦ ’ਚ ਗਿਰਾਵਟ (ਅਪ੍ਰੈਲ 2026)

• ਇਰਾਕ ’ਚ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ, ਜਿੱਥੇ ਬਰਾਮਦ 91% ਤੱਕ ਘਟ ਗਈ।

• ਈਰਾਨ ਨੂੰ ਬਰਾਮਦ ’ਚ ਲੱਗਭਗ 70% ਦੀ ਕਮੀ ਆਈ।

• ਯੂ. ਏ. ਈ. ਅਤੇ ਸਊਦੀ ਅਰਬ ’ਚ ਵੀ ਕ੍ਰਮਵਾਰ 32% ਅਤੇ 25.47% ਦੀ ਗਿਰਾਵਟ ਰਹੀ।

ਜਿਨ੍ਹਾਂ ਬਾਜ਼ਾਰਾਂ ’ਚ ਬਰਾਮਦ ਵਧੀ

ਦੇਸ਼

ਬਰਾਮਦ        ਵਾਧਾ (% ’ਚ)

ਜਾਰਡਨ        667.46%

ਬ੍ਰਿਟੇਨ        80.13%

ਇਟਲੀ        66.90%

ਓਮਾਨ        65.40%

ਪੰਜਾਬ ਅਤੇ ਹਰਿਆਣਾ ’ਤੇ ਪੈ ਸਕਦਾ ਹੈ ਅਸਰ

ਦੇਸ਼ ਦੇ ਕੁੱਲ ਬਾਸਮਤੀ ਉਤਪਾਦਨ ਦਾ ਵੱਡਾ ਹਿੱਸਾ ਪੰਜਾਬ ਅਤੇ ਹਰਿਆਣਾ ਤੋਂ ਆਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬਰਾਮਦ ’ਚ ਗਿਰਾਵਟ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਇਸ ਦਾ ਅਸਰ ਕਿਸਾਨਾਂ ਦੀ ਆਮਦਨ ਅਤੇ ਬਾਜ਼ਾਰ ਕੀਮਤਾਂ ’ਤੇ ਵੀ ਪੈ ਸਕਦਾ ਹੈ। ਨਾਲ ਹੀ ਖੇਤੀ ਦੀ ਲਾਗਤ ਵਧਣ ਅਤੇ ਖਾਦਾਂ ਦੀ ਉਪਲਬਧਤਾ ਨਾਲ ਜੁੜੀਆਂ ਚੁਣੌਤੀਆਂ ਪਹਿਲਾਂ ਤੋਂ ਮੌਜੂਦ ਹਨ।


author

Harinder Kaur

Content Editor

Related News