ਕਿਸਾਨਾਂ ਲਈ ਖ਼ੁਸ਼ਖ਼ਬਰੀ, ਹੁਣ ਤੱਕ ਦੇ 'ਆਲਟਾਈਮ ਹਾਈ' 'ਤੇ ਕਪਾਹ ਮੁੱਲ

Tuesday, Jun 15, 2021 - 07:00 PM (IST)

ਕਿਸਾਨਾਂ ਲਈ ਖ਼ੁਸ਼ਖ਼ਬਰੀ, ਹੁਣ ਤੱਕ ਦੇ 'ਆਲਟਾਈਮ ਹਾਈ' 'ਤੇ ਕਪਾਹ ਮੁੱਲ

ਨਵੀਂ ਦਿੱਲੀ- ਕਿਸਾਨਾਂ ਨੂੰ ਕਪਾਹ ਦਾ ਮੌਜੂਦਾ ਸਮੇਂ ਖਰਾ ਮੁੱਲ ਮਿਲ ਸਕਦਾ ਹੈ। ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਕਪਾਹ ਅਤੇ ਸੂਤੀ ਧਾਗੇ ਦੀ ਭਾਰੀ ਮੰਗ ਆ ਰਹੀ ਹੈ। ਚੀਨ ਦੀ ਦਰਾਮਦ 7 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ, ਜੋ ਭਾਰਤ ਦੀ ਕੁੱਲ ਜ਼ਰੂਰਤ ਦਾ ਲਗਭਗ 15 ਫ਼ੀਸਦੀ ਇੰਪਰੋਟ ਕਰਦਾ ਹੈ। ਉੱਥੇ ਹੀ, ਭਾਰਤੀ ਮਿੱਲਾਂ ਵੀ 100 ਦਿਨਾਂ ਤੋਂ ਵੱਧ ਦਾ ਮਾਲ ਖ਼ਰੀਦ ਰਹੀਆਂ ਹਨ। ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੇ ਉਤਪਾਦਨ ਵਿਚ ਭਾਰੀ ਕਮੀ ਕਾਰਨ ਵੀ ਕੀਮਤਾਂ ਵਿਚ ਉਛਾਲ ਹੈ। ਕਪਾਹ ਕੀਮਤਾਂ ਸਰਵਉੱਚ ਪੱਧਰ 'ਤੇ ਹਨ।

ਇਸ ਵਿਚਕਾਰ ਦੇਸ਼ ਵਿਚ ਉਤਪਾਦਨ ਪਿਛਲੀ ਵਾਰ ਨਾਲੋਂ ਲਗਭਗ ਚਾਰ ਲੱਖ ਗੰਢ ਘੱਟ ਰਹਿਣ ਦਾ ਅਨੁਮਾਨ ਹੈ, ਜਦੋਂ ਕਿ ਸੀ. ਏ. ਆਈ. ਨੇ ਖਪਤ ਵੱਧ ਹੋਣ ਦਾ ਅਨੁਮਾਨ ਜਤਾਇਆ ਹੈ।

ਭਾਰਤੀ ਕਪਾਹ ਐਸੋਸੀਏਸ਼ਨ (ਸੀ. ਏ. ਆਈ.) ਮੁਤਾਬਕ, 2020-21 ਵਿਚ ਕਪਾਹ ਉਤਪਾਦਨ 356 ਲੱਖ ਗੰਢ ਰਹਿ ਸਕਦਾ ਹੈ ਕਿਉਂਕਿ ਮੱਧ ਅਤੇ ਦੱਖਣੀ ਖੇਤਰਾਂ ਵਿਚ ਉਤਪਾਦਨ ਘਟਣ ਦਾ ਅਨੁਮਾਨ ਹੈ। ਫ਼ਸਲ ਸਾਲ 2019-20 (ਅਕਤੂਬਰ 2020-ਸਤੰਬਰ 2021) ਵਿਚ ਕੁੱਲ ਉਤਪਾਦਨ 360 ਲੱਖ ਗੰਢ ਰਿਹਾ ਸੀ। ਸੀ. ਏ. ਆਈ. ਅਨੁਸਾਰ, ਖਪਤ 315 ਲੱਖ ਗੰਢ ਦੀ ਬਜਾਏ 325 ਲੱਖ ਗੰਢ ਹੋਣ ਦਾ ਅਨੁਮਾਨ ਹੈ। ਸੀ. ਏ. ਆਈ. ਦੇ ਮੁਖੀ ਅਤੁਲ ਗਨਾਤਰਾ ਨੇ ਕਿਹਾ ਕਿ ਬਰਾਮਦ ਦਾ ਟੀਚਾ 65 ਲੱਖ ਗੰਢਾਂ ਤੋਂ ਵਧਾ ਕੇ 72 ਲੱਖ ਗੰਢਾਂ ਕੀਤਾ ਗਿਆ ਹੈ। 

ਕਪਾਹ ਕੀਮਤਾਂ ਵਿਚ ਹਾਲ ਹੀ ਦੇ ਵਾਧੇ ਬਾਰੇ ਉਨ੍ਹਾਂ ਕਿਹਾ ਕਿ ਮਿੱਲਾਂ ਨੇ ਖ਼ਰੀਦ ਵਧਾਈ ਹੈ। ਇਸ ਤੋਂ ਇਲਾਵਾ ਸਰਕਾਰੀ ਏਜੰਸੀਆਂ ਅਤੇ ਸੀ. ਏ. ਆਈ. ਨੇ ਪਿਛਲੇ ਇਕ ਮਹੀਨੇ ਵਿਚ ਆਪਣੀਆਂ ਕੀਮਤਾਂ ਵਿਚ ਤਕਰੀਬਨ 4,000 ਰੁਪਏ ਦਾ ਵਾਧਾ ਕੀਤਾ ਹੈ। ਬਰਾਮਦ ਦੀ ਮੰਗ 'ਤੇ ਉਨ੍ਹਾਂ ਕਿਹਾ,' ਜਿੱਥੋਂ ਤੱਕ ਇਸ ਦੀ ਗੱਲ ਹੈ ਹੁਣ ਤੱਕ 58 ਲੱਖ ਗੰਢਾਂ ਦੀ ਬਰਾਮਦ ਹੋਈ ਹੈ। ਹਾਲਾਂਕਿ, ਮੌਜੂਦਾ ਵਧੀਆਂ ਹੋਈਆਂ ਕੀਮਤਾਂ 'ਤੇ ਬਰਾਮਦ ਦੀ ਮੰਗ ਜ਼ਿਆਦਾ ਆਉਣ ਦੀ ਉਮੀਦ ਨਹੀਂ ਹੈ।" ਗੌਰਤਲਬ ਹੈ ਕਿ ਸਰਕਾਰ ਨੇ 2021-22 ਲਈ ਐੱਮ. ਐੱਸ. ਪੀ. ਵੀ ਐਲਾਨ ਦਿੱਤਾ ਹੈ।


author

Sanjeev

Content Editor

Related News