ਕੋਰੋਨਾ ਨਾਲ ਕਰਿਆਨਾ ਦੁਕਾਨਦਾਰਾਂ ''ਤੇ ਸੰਕਟ, 7 ਲੱਖ ਦੁਕਾਨਾਂ ਬੰਦ ਹੋਣ ਦਾ ਖਤਰਾ

06/01/2020 10:16:30 AM

ਨਵੀਂ ਦਿੱਲੀ : ਤਾਲਾਬੰਦੀ ਨੇ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਅਤੇ ਦਿੱਗਜ ਕੰਪਨੀਆਂ ਦੀ ਹਾਲਤ ਪਤਲੀ ਕਰ ਦਿੱਤੀ ਹੈ ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਭਾਰਤ ਦੇ ਛੋਟੇ ਕਰਿਆਨਾ ਦੁਕਾਨਦਾਰਾਂ 'ਤੇ ਪਈ ਹੈ। ਇਕ ਮੁਲਾਂਕਣ ਮੁਤਾਬਕ ਦੇਸ਼ ਦੀਆਂ ਕਰੀਬ 7 ਲੱਖ ਛੋਟੀਆਂ ਕਰਿਆਨੇ ਦੀਆਂ ਦੁਕਾਨਾਂ ਹੁਣ ਹਮੇਸ਼ਾ ਲਈ ਬੰਦੀ ਦੇ ਕਗਾਰ 'ਤੇ ਪਹੁੰਚ ਚੁੱਕੀਆਂ ਹਨ। ਇਹ ਦੁਕਾਨਾਂ ਘਰਾਂ ਜਾਂ ਗਲੀਆਂ 'ਚ ਹਨ। ਇਸ 'ਚ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਇਸ 'ਤੇ ਟਿਕੀ ਹੈ।

ਕਿਉਂ ਵਧੀ ਚੁਣੌਤੀ
ਇਕ ਰਿਪੋਰਟ ਮੁਤਾਬਕ ਦੇਸ਼ 'ਚ ਕਰੀਬ ਇਕ ਕਰੋੜ ਛੋਟੇ ਕਰਿਆਨਾ ਦੁਕਾਨਦਾਰ ਹਨ। ਇਸ 'ਚੋਂ ਕਰੀਬ 6 ਤੋਂ 7 ਫੀਸਦੀ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਦੇ ਹਨ ਯਾਨੀ ਇਨ੍ਹਾਂ ਕੋਲ ਆਉਣ-ਜਾਣ ਲਈ ਆਪਣਾ ਕੋਈ ਸਾਧਨ ਨਹੀਂ ਹੈ। ਜਨਤਕ ਟਰਾਂਸਪੋਰਟ ਨਾ ਚੱਲਣ ਨਾਲ ਇਹ ਆਪਣੀ ਦੁਕਾਨ 'ਤੇ ਜਾਣ 'ਚ ਸਮਰੱਥ ਨਹੀਂ ਹਨ। ਅਜਿਹੇ 'ਚ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਇਨ੍ਹਾਂ ਦੀਆਂ ਦੁਕਾਨਾਂ ਬੰਦ ਪਈਆਂ ਹਨ।

ਦੁਬਾਰਾ ਖੁੱਲਣਾ ਮੁਸ਼ਕਲ
ਤਾਲਾਬੰਦੀ ਹੱਟਣ ਤੋਂ ਬਾਅਦ ਵੀ ਛੋਟੇ ਕਰਿਆਨਾ ਦੁਕਾਨਦਾਰਾਂ ਲਈ ਰਸਤਾ ਆਸਾਨ ਨਹੀਂ ਹੈ । ਉਦਯੋਗ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਨਕਦੀ ਦੀ ਕਿੱਲਤ ਅਤੇ ਗਾਹਕਾਂ ਦੀ ਕਮੀ ਇਨ੍ਹਾਂ ਲਈ ਵੱਡੀ ਚੁਣੌਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਕਰਿਆਨਾ ਦੁਕਾਨਦਾਰਾਂ ਨੂੰ ਥੋਕ ਵਪਾਰੀ ਜਾਂ ਖਪਤਕਾਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ 7 ਤੋਂ 21 ਦਿਨ ਯਾਨੀ 2 ਤੋਂ 3 ਹਫਤੇ ਦੀ ਉਧਾਰੀ 'ਤੇ ਮਾਲ ਦਿੰਦੀਆਂ ਹਨ। ਅਰਥਵਿਵਸਥਾ 'ਚ ਅਨਿਸ਼ਚਿਤਤਾ ਹੋਣ ਨਾਲ ਸਾਰੇ ਡਰੇ ਹੋਏ ਹਨ, ਜਿਸ ਦੀ ਵਜ੍ਹਾ ਨਾਲ ਉਧਾਰ 'ਤੇ ਮਾਲ ਮਿਲਣਾ ਮੁਸ਼ਕਲ ਹੋਵੇਗਾ। ਨਾਲ ਹੀ ਇਨ੍ਹਾਂ ਦੁਕਾਨਾਂ ਦੇ ਜ਼ਿਆਦਾਤਰ ਖਰੀਦਦਾਰ ਪ੍ਰਵਾਸੀ ਸਨ, ਜੋ ਆਪਣੇ ਘਰ ਜਾ ਚੁੱਕੇ ਹਨ। ਅਜਿਹੇ 'ਚ ਇਨ੍ਹਾਂ ਦੁਕਾਨਾਂ ਦਾ ਦੁਬਾਰਾ ਖੁੱਲਣਾ ਬਹੁਤ ਮੁਸ਼ਕਲ ਹੋਵੇਗਾ।

ਵੱਡੀਆਂ ਕੰਪਨੀਆਂ ਨੂੰ ਵੀ ਹੋਵੇਗਾ ਨੁਕਸਾਨ
ਛੋਟੀਆਂ ਕਰਿਆਨਾ ਦੁਕਾਨਾਂ ਬੰਦ ਹੋਣ ਨਾਲ ਵੱਡੀਆਂ ਕੰਪਨੀਆਂ ਦੀਆਂ ਪ੍ਰੇਸ਼ਾਨੀਆਂ ਵੀ ਵਧਣ ਵਾਲੀਆਂ ਹਨ। ਨਿਲਸਨ ਦੀ ਇਕ ਰਿਪੋਰਟ ਮੁਤਾਬਕ ਦੇਸ਼ 'ਚ ਕੁਲ ਕਰਿਆਨਾ ਉਤਪਾਦਾਂ ਦੀ ਵਿਕਰੀ 'ਚ ਮੁੱਲ ਦੇ ਹਿਸਾਬ ਨਾਲ ਛੋਟੀਆਂ ਕਰਿਆਨਾ ਦੁਕਾਨਾਂ ਦੀ ਹਿੱਸੇਦਾਰੀ 20 ਫੀਸਦੀ ਹੈ। ਪ੍ਰਚੂਨ ਕਾਰੋਬਾਰੀਆਂ ਦੇ ਸੰਗਠਨ ਕੈਟ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਦੁਕਾਨਾਂ 'ਤੇ ਦੁੱਧ, ਬਰੈੱਡ, ਬਿਸਕੁੱਟ, ਸਾਬਣ, ਸ਼ੈਂਪੂ ਅਤੇ ਠੰਡੇ ਪੇਅ ਪਦਾਰਥਾਂ ਨਾਲ ਰੋਜ਼ ਦੇ ਕਈ ਉਤਪਾਦ ਵਿਕਦੇ ਹਨ, ਜੋ ਜ਼ਿਆਦਾਤਰ ਵੱਡੀਆਂ ਕੰਪਨੀਆਂ ਬਣਾਉਂਦੀਆਂ ਹਨ। ਅਜਿਹੇ 'ਚ ਛੋਟੀਆਂ ਕਰਿਆਨਾ ਦੁਕਾਨਾਂ ਬੰਦ ਹੋਣ ਨਾਲ ਵੱਡੀਆਂ ਕੰਪਨੀਆਂ 'ਤੇ ਵੀ ਅਸਰ ਪੈਣਾ ਤੈਅ ਹੈ। ਖੰਡੇਲਵਾਲ ਦਾ ਕਹਿਣਾ ਹੈ ਕਿ ਚੁਣੌਤੀ ਜਿੰਨੀ ਵੱਡੀ ਦਿਸ ਰਹੀ ਹੈ ਉਸ ਤੋਂ ਕਿਤੇ ਜ਼ਿਆਦਾ ਗੰਭੀਰ ਹੈ।


cherry

Content Editor

Related News