Corona Virus : ਆਪਣੇ ਸੰਕਰਮਿਤ ਕਰਮਚਾਰੀਆਂ ਨੂੰ ਪੇਡ ਛੁੱਟੀ ਦੇਵੇਗਾ Amazon
Thursday, Mar 12, 2020 - 03:00 PM (IST)
ਸੈਨ ਫਰਾਂਸਿਸਕੋ — ਐਮਾਜ਼ੋਨ ਨੇ ਬੁੱਧਵਾਰ ਨੂੰ ਕਿਹਾ ਕਿ ਉਸਦੇ ਕਿਸੇ ਕਰਮਚਾਰੀ ਦੇ ਕੋਰੋਨਾ ਵਾਇਰਸ ਜਾਂ COVID-19 ਤੋਂ ਸੰਕਰਮਿਤ ਮਿਲਣ 'ਤੇ ਉਸ ਦੀਆਂ ਪੇਡ ਵੇਕੇਸ਼ਨ ਨੂੰ ਵਧਾ ਦਿੱਤਾ ਜਾਵੇਗਾ। ਦੁਨੀਆ ਦੀ ਪ੍ਰਮੁੱਖ ਆਨਲਾਈਨ ਕੰਪਨੀ ਨੇ ਦੱਸਿਆ ਕਿ ਉਸਨੇ 2.5 ਕਰੋੜ ਡਾਲਰ ਦੇ ਐਮਾਜ਼ੋਨ ਰਾਹਤ ਫੰਡ ਦਾ ਗਠਨ ਕੀਤਾ ਹੈ, ਜਿਸ ਵਿਚੋਂ ਇਸ ਮਹਾਂਮਾਰੀ ਕਾਰਨ ਇਨਫੈਕਟਿਡ ਹੋਣ ਵਾਲੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਦੀ ਸਹਾਇਤਾ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ COVID-19 ਤੋਂ ਪ੍ਰਭਾਵਿਤ ਹੋਣ ਵਾਲੇ ਜਾਂ ਨਰੀਖਣ 'ਚ ਰੱਖੇ ਗਏ ਐਮਾਜ਼ੋਨ ਦੇ ਸਾਰੇ ਕਰਮਚਾਰੀਆਂ ਨੂੰ ਦੋ ਹਫਤਿਆਂ ਦਾ ਪੇਡ ਵਕੇਸ਼ਨ ਦਿੱਤਾ ਜਾਵੇਗਾ।
ਕੰਪਨੀ ਨੇ ਕਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਕਰਮਚਾਰੀ ਤਨਖਾਹ ਦੀ ਚਿੰਤਾ ਕੀਤੇ ਬਿਨਾਂ ਆਪਣੀ ਸਿਹਤ 'ਤੇ ਪੂਰੀ ਤਰ੍ਹਾਂ ਧਿਆਨ ਦੇਣ। ਕੰਪਨੀ ਨੇ ਦੱਸਿਆ ਕਿ ਐਮਾਜ਼ੋਨ ਦੇ ਸਾਂਝੇਦਾਰ ਅਤੇ ਅਸਥਾਈ ਕਰਮਚਾਰੀ ਰਾਹਤ ਫੰਡ ਵਿਚੋਂ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ, ਜਿਹੜੀ ਕਿ 2 ਹਫਤਿਆਂ ਦੀ ਹੋਵੇਗੀ। ਦੁਨੀਆ ਭਰ ਵਿਚ ਐਮਾਜ਼ੋਨ ਦੇ 8 ਲੱਖ ਸਥਾਈ ਕਰਮਚਾਰੀ ਹਨ। ਕੰਪਨੀ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਉਸਦੇ ਇਕ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।