ਕੋਰੋਨਾ ਦਾ ਕਹਿਰ : ਸਰਕਾਰ ਨੇ 26 ਜ਼ਰੂਰੀ ਦਵਾਈਆਂ ਦੀ ਬਰਾਮਦ 'ਤੇ ਲਗਾਈ ਰੋਕ

Tuesday, Mar 03, 2020 - 06:37 PM (IST)

ਕੋਰੋਨਾ ਦਾ ਕਹਿਰ : ਸਰਕਾਰ ਨੇ 26 ਜ਼ਰੂਰੀ ਦਵਾਈਆਂ ਦੀ ਬਰਾਮਦ 'ਤੇ ਲਗਾਈ ਰੋਕ

ਨਵੀਂ ਦਿੱਲੀ — ਭਾਰਤ 'ਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਮਿਲਣ ਅਤੇ ਨੋਇਡਾ ਦੇ ਸਕੂਲ 'ਚ ਇਸ ਵਾਇਰਸ ਦੀ ਦਸਤਕ ਕਾਰਨ ਸਰਕਾਰ ਨੇ ਵਾਇਰਸ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਮੰਗਲਵਾਰ ਨੂੰ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਪੈਰਾਸੀਟਾਮੋਲ ਸਮੇਤ ਕੁਝ ਦਵਾਈਆਂ ਅਤੇ ਚਿਕਿਤਸਕ ਪਦਾਰਥਾਂ ਨੂੰ ਨਿਰਯਾਤ ਦੀ ਪਾਬੰਦੀ ਵਾਲੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। 

ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ ਦੁਆਰਾ ਜਾਰੀ ਇਕ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਅਗਲੇ ਆਦੇਸ਼ਾਂ ਤੱਕ 26 ਚਿਕਿਤਸਕ ਸਮੱਗਰੀ ਜਾਂ ਏ.ਪੀ.ਆਈਜ਼. ਅਤੇ ਇਨ੍ਹਾਂ ਏ.ਪੀ.ਆਈ. ਤੋਂ ਤਿਆਰ ਦਵਾਈਆਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਨ੍ਹਾਂ ਦਵਾਈਆਂ 'ਚ ਪੈਰਾਸੀਟਾਮੋਲ, ਵਿਟਾਮਿਨ ਬੀ 1 ਅਤੇ ਬੀ 12 ਦਵਾਈਆਂ ਸ਼ਾਮਲ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਚੀਨ ਵਿਚ ਵਾਇਰਸ ਦੇ ਵੱਡੇ ਪ੍ਰਭਾਵਾਂ ਦੇ ਮੱਦੇਨਜ਼ਰ ਚੁੱਕੇ ਗਏ ਹਨ ਤਾਂ ਜੋ ਦੇਸ਼ 'ਚ ਕਿਸੇ ਵੀ ਬਿਪਤਾ ਦੌਰਾਨ ਦਵਾਈਆਂ ਦੀ ਘਾਟ ਨਾ ਹੋਵੇ।
ਫਿਲਹਾਲ ਚੀਨ 'ਚ ਵਾਇਰਸ ਦਾ ਪ੍ਰਕੋਪ ਘੱਟ ਹੁੰਦਾ ਦਿਖ ਰਿਹਾ ਹੈ। ਹਰ ਦਿਨ ਨਵੇਂ ਮਾਮਲਿਆਂ ਦੀ ਸੰਖਿਆ ਘੱਟ ਕੇ 200 ਤੋਂ ਹੇਠਾਂ ਆ ਗਈ ਹੈ। ਹਾਲਾਂਕਿ ਅਜੇ ਤੱਕ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ 80 ਹਜ਼ਾਰ ਦੇ ਕਰੀਬ ਹੈ। ਇਸ ਦੇ ਨਾਲ ਹੀ ਦੁਨੀਆ ਭਰ 'ਚ ਦੂਜੇ ਦੇਸ਼ਾਂ ਵਿਚ ਵਾਇਰਸ ਦੇ ਨਵੇਂ ਮਾਮਲੇ ਵਧ ਰਹੇ ਹਨ। 

ਇਨ੍ਹਾਂ 'ਚ ਇਟਲੀ, ਈਰਾਨ ਅਤੇ ਜਾਪਾਨ ਵੀ ਸ਼ਾਮਲ ਹੈ। ਅਮਰੀਕਾ ਦੇ ਵੀ 11 ਸੂਬਿਆਂ 'ਚ ਕਰੀਬ 100 ਲੋਕ ਵਾਇਰਸ ਨਾਲ ਪੀੜਤ ਮਿਲੇ ਹਨ। ਭਾਰਤ ਵਿਚ ਹੁਣ ਤੱਕ ਕੁੱਲ 5 ਲੋਕ ਇਸ ਵਾਇਰਸ ਨਾਲ ਪੀੜਤ ਹੋਏ ਹਨ ਇਨ੍ਹਾਂ ਵਿਚੋਂ ਤਿੰਨ ਲੋਕ ਠੀਕ ਹੋ ਕੇ ਘਰ ਵਾਪਸ ਪਰਤ ਗਏ ਹਨ।


Related News