ਤਾਂਬੇ ਦੀਆਂ ਕੀਮਤਾਂ ''ਚ ਭਾਰੀ ਤੇਜ਼ੀ, ਮਹਿੰਗੇ ਹੋ ਸਕਦੇ ਹਨ ਇਲੈਕਟ੍ਰਿਕ ਸਾਮਾਨ

Monday, Jun 07, 2021 - 03:10 PM (IST)

ਨਵੀਂ ਦਿੱਲੀ- ਗਲੋਬਲ ਇਕਨੋਮੀ ਵਿਚ ਸੁਧਾਰ ਦੇ ਨਾਲ ਹੀ ਤਾਂਬੇ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੀ ਇਕ ਵਜ੍ਹਾ ਚੀਨ ਵਿਚ ਇਸ ਦੀ ਖਪਤ ਵਧਣਾ ਹੈ। ਇਸ ਤੋਂ ਇਲਾਵਾ ਗਲੋਬਲ ਕਾਪਰ ਦਾ ਤਕਰੀਬਨ ਇਕ ਚੌਥਾਈ ਉਤਪਾਦਨ ਕਰਨ ਵਾਲਾ ਚਿੱਲੀ ਇਸ ਦੇ ਖਣਨ 'ਤੇ 75 ਫ਼ੀਸਦੀ ਤੱਕ ਟੈਕਸ ਲਾਉਣ ਦੀ ਘੋਸ਼ਣਾ ਕਰ ਚੁੱਕਾ ਹੈ।

ਇਨ੍ਹਾਂ ਕਾਰਨਾਂ ਦੀ ਵਜ੍ਹਾ ਨਾਲ ਮੰਗ ਵਧਣ ਵਿਚਕਾਰ ਤਾਂਬੇ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਕਮੋਡਿਟੀ ਬਾਜ਼ਾਰਾਂ ਨਾਲ ਜੁੜੇ ਜਾਣਕਾਰਾਂ ਅਨੁਸਾਰ, ਆਉਣ ਵਾਲੇ ਸਮੇਂ ਵਿਚ ਤਾਂਬੇ ਦੀਆਂ ਕੀਮਤਾਂ ਵਿਚ ਹੋਰ ਤੇਜ਼ੀ ਆ ਸਕਦੀ ਹੈ। ਤਾਂਬੇ ਦਾ 65 ਫ਼ੀਸਦੀ ਇਸਤੇਮਾਲ ਇਲੈਕਟ੍ਰੀਕਲ, 25 ਫ਼ੀਸਦ ਕੰਸਟ੍ਰਕਸ਼ਨ, 7 ਫ਼ੀਸਦ ਟਰਾਂਸਪੋਰਟ ਅਤੇ 3 ਫ਼ੀਸਦੀ ਹੋਰ ਖੇਤਰਾਂ ਵਿਚ ਹੁੰਦਾ ਹੈ।

ਭਾਰਤੀ ਬਾਜ਼ਾਰ ਦੀ ਗੱਲ ਕਰੀਏ ਤਾਂ ਮੰਗ ਵਿਚ ਤੇਜ਼ੀ ਨਾਲ ਪਿਛਲੇ ਮਹੀਨੇ ਵਾਇਦਾ ਕਾਰੋਬਾਰ ਵਿਚ ਤਾਂਬੇ ਦੀ ਕੀਮਤ 776.55 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ, ਜੋ ਐੱਮ. ਸੀ. ਐਕਸ. 'ਤੇ ਇਸ ਸਮੇਂ 738.70 ਰੁਪਏ ਪ੍ਰਤੀ ਕਿਲੋ 'ਤੇ ਟ੍ਰੇਡ ਕਰ ਰਿਹਾ ਹੈ। ਦੇਸ਼ ਵਿਚ ਪੂਰੀ ਤਰ੍ਹਾਂ ਤਾਲਾਬੰਦੀ ਖੁੱਲ੍ਹਣ ਪਿੱਛੋਂ ਇਸ ਦੀ ਕੀਮਤ ਵਿਚ ਤੇਜ਼ੀ ਆ ਸਕਦੀ ਹੈ। ਇਸ ਕਾਰਨ ਏ. ਸੀ. ਕੀਮਤਾਂ ਪਹਿਲਾਂ ਹੀ ਵੱਧ ਚੁੱਕੀਆਂ ਹਨ। ਹੁਣ ਫਿਰ ਆਉਣ ਵਾਲੇ ਦਿਨਾਂ ਵਿਚ ਪਾਣੀ ਦੀ ਮੋਟਰ, ਘਰ ਦੀ ਇਲੈਕਟ੍ਰਿਕ ਫਿਟਿੰਗ ਤੋਂ ਲੈ ਕੇ ਕੂਲਰ, ਮਿਕਸ ਗ੍ਰਾਈਂਡਰ ਵਰਗੇ ਸਾਮਾਨਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਘਰਾਂ ਦੀਆਂ ਬਿਜਲੀਆਂ ਦੀਆਂ ਤਾਰਾਂ ਤੋਂ ਇਲਾਵਾ ਤਾਂਬੇ ਦਾ ਇਸਤੇਮਾਲ ਹੀਟਿੰਗ ਯੰਤਰਾਂ, ਮੋਟਰਾਂ, ਨਵੀਨੀਕਰਨ ਊਰਜਾ, ਇੰਟਰਨੈੱਟ ਲਾਈਨਾਂ ਅਤੇ ਇਲੈਕਟ੍ਰਾਨਿਕਸ ਵਿਚ ਹੁੰਦਾ ਹੈ। ਇਸ ਲਈ ਤਾਂਬਾ ਮਹਿੰਗਾ ਹੋਣ ਦਾ ਅਸਰ ਕਈ ਚੀਜ਼ਾਂ 'ਤੇ ਪਵੇਗਾ।


Sanjeev

Content Editor

Related News