ਸਾਫਟਡ੍ਰਿੰਕ ਉਦਯੋਗ ਦੀ ਆਮਦਨ ਘਟੀ, ਕੋਰੋਨਾ ਦੀ ਦੂਜੀ ਲਹਿਰ ਕਾਰਨ ਪ੍ਰਭਾਵਿਤ ਹੋਈ ਖਪਤ
Friday, May 21, 2021 - 05:57 PM (IST)
ਮੁੰਬਈ (ਭਾਸ਼ਾ) – ਪੈਪਸੀ ਅਤੇ ਕੋਕਾਕੋਲਾ ਵਰਗੀਆਂ ਪ੍ਰਮੁੱਖ ਸਾਫਟਡ੍ਰਿੰਕ ਕੰਪਨੀਆਂ ਦੀ ਆਮਦਨ ਦੇ ਵਿੱਤੀ ਸਾਲ 2021-22 ’ਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਚ ਆਉਣ ਦੀ ਉਮੀਦ ਘੱਟ ਹੈ, ਕਿਉਂਕਿ ਕੋਵਿਡ-19 ਦੀ ਦੂਜੀ ਲਹਿਰ ਖਪਤ ਨੂੰ ਪ੍ਰਭਾਵਿਤ ਕਰੇਗੀ। ਕ੍ਰਿਸਿਲ ਰੇਟਿੰਗ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਵਿੱਤੀ ਸਾਲ 2020-21 ’ਚ ਗਰਮੀਆਂ ਦੇ ਮੌਸਮ ’ਚ ਲਗਾਏ ਗਏ ਦੇਸ਼ਵਿਆਪੀ ਲਾਕਡਾਊਨ ਕਾਰਨ ਆਮਦਨ ਕਰੀਬ 20 ਫੀਸਦੀ ਘਟੀ ਸੀ ਅਤੇ ਵਿੱਤੀ ਸਾਲ 2021-22 ’ਚ ਵੀ ਆਮਦਨ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 10 ਫੀਸਦੀ ਘੱਟ ਰਹਿਣ ਦਾ ਅਨੁਮਾਨ ਹੈ।
ਰਿਪੋਰਟ ’ਚ ਕਿਹਾ ਗਿਆ ਕਿ ਨਾਨ-ਅਲਕੋਹਲਿਕ ਬੈਵਰੇਜਜ਼ ਉਦਯੋਗ ’ਚ ਪੈਪਸੀ ਅਤੇ ਕੋਕਾ-ਕੋਲਾ ਵਰਗੀਆਂ ਅਮਰੀਕੀ ਕੰਪਨੀਆਂ ਦਾ ਦਬਦਬਾ ਬਰਕਰਾਰ ਹੈ, ਜਿਸ ਦੀ ਕੁੱਲ ਬਾਜ਼ਾਰ ਹਿੱਸੇਦਾਰੀ 80 ਫੀਸਦੀ ਤੋਂ ਵੱਧ ਹੈ। ਏਜੰਸੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੌਰਾਨ ਇਕ ਸਖਤ ਦੇਸ਼ ਵਿਆਪੀ ਲਾਕਡਾਊਨ ਅਤੇ ਉਸ ਤੋਂ ਬਾਅਦ ਅਪ੍ਰੈਲ-ਸਤੰਬਾਰ ’ਚ ਸੀਮਤ ਪਾਬੰਦੀਆਂ ਨੇ ਸੈਸ਼ਨ ਦੀ ਮੰਗ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ। ਕ੍ਰਿਸਿਲ ਰੇਟਿੰਗ ਦੇ ਡਾਇਰੈਕਟਰ ਨਿਤੇਸ਼ ਜੈਨ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਲਈ ਸਥਾਨਕ ਲਾਕਡਾਊਨ ਅਤੇ ਹੋਰ ਪਾਬੰਦੀਆਂ ਕਾਰਨ ਇਕ ਵਾਰ ਮੁੜ ਵਿਕਰੀ ’ਤੇ ਉਲਟ ਪ੍ਰਭਾਵ ਪਵੇਗਾ।