ਖਪਤਕਾਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ, ਘਟ ਸਕਦੀਆਂ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ

03/17/2022 11:17:28 AM

ਨਵੀਂ ਦਿੱਲੀ (ਭਾਸ਼ਾ) – ਹੋਲੀ ਤੋਂ ਪਹਿਲਾਂ ਭਾਵੇਂ ਹੀ ਸਰ੍ਹੋਂ ਦੇ ਤੇਲ ਦਾ ਰੇਟ 200 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਿਆ ਹੋਵੇ ਪਰ ਇਸ ਸਾਲ ਇਹ ਸਸਤਾ ਮਿਲੇਗਾ। ਅਜਿਹਾ ਇਸ ਲਈ ਕਿਉਂਕਿ ਚਾਲੂ ਹਾੜੀ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 24.5 ਲੱਖ ਟਨ ਸਰ੍ਹੋਂ ਦਾ ਵਧੇਰੇ ਉਤਪਾਦਨ ਹੋਣ ਦਾ ਅਨੁਮਾਨ ਹੈ। ਸਰ੍ਹੋਂ ਉਤਪਾਦਨ ਦਾ ਇਹ ਅਨੁਮਾਨ ਸੈਂਟਰਲ ਆਰਗਨਾਈਜੇਸ਼ਨ ਫਾਰ ਆਇਲ ਇੰਡਸਟਰੀ ਐਂਡ ਟ੍ਰੇਡ (ਸੀ. ਓ. ਓ. ਆਈ. ਟੀ.) ਵਲੋਂ ਆਇਆ ਹੈ। ਅਨੁਮਾਨ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਸਰ੍ਹੋਂ ਦਾ ਤੇਲ ਸਸਤਾ ਹੋ ਜਾਏਗਾ।

ਸੀ. ਓ. ਓ. ਆਈ. ਟੀ. ਨੇ ਫਸਲ ਸਾਲ 2021-22 ਦੇ ਹਾੜੀ ਸੈਸ਼ਨ ’ਚ ਦੇਸ਼ ਦਾ ਸਰ੍ਹੋਂ ਦਾ ਉਤਪਾਦਨ 29 ਫੀਸਦੀ ਵਧ ਕੇ 109.50 ਲੱਖ ਟਨ ’ਤੇ ਪਹੁੰਚਣ ਦਾ ਅਨੁਮਾਨ ਲਗਾਇਆ ਹੈ। ਹਾੜੀ ਸੈਸ਼ਨ ’ਚ ਬੀਜੀ ਜਾਣ ਵਾਲੀ ਸਰ੍ਹੋਂ ਦਾ ਉਤਪਾਦਨ ਪਿਛਲੇ ਸਾਲ 85 ਲੱਖ ਟਨ ਹੋਇਆ ਸੀ। ਸੀ. ਓ. ਓ. ਆਈ. ਟੀ. ਨੇ ਕਿਹਾ ਕਿ ਅੰਕੜਿਆਂ ਮੁਤਾਬਕ ਸਾਲ 2021-22 ’ਚ ਸਰ੍ਹੋਂ ਦਾ ਉਤਪਾਦਨ 109.5 ਲੱਖ ਟਨ ਹੋਣ ਦਾ ਅਨੁਮਾਨ ਹੈ। ਸਰ੍ਹੋਂ ਦੀ ਕਾਸ਼ਤ ਹੇਠ 87.44 ਲੱਖ ਹੈਕਟੇਅਰ ਰਕਬਾ ਹੋਣ ਦਾ ਅਨੁਮਾਨ ਹੈ ਜਦ ਕਿ ਔਸਤ ਉਪਜ 1,270 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : RBI ਨੇ ਉਧਾਰ ਦੇਣ ਵਾਲੀਆਂ ਛੋਟੀਆਂ ਕੰਪਨੀਆਂ 'ਤੇ ਕੱਸਿਆ ਸ਼ਿਕੰਜਾ , ਮਨਚਾਹੇ ਵਿਆਜ ਲੈਣ 'ਤੇ ਲਗਾਈ ਪਾਬੰਦੀ

ਸੀ. ਓ. ਓ. ਆਈ. ਟੀ. ਦੇ ਪ੍ਰਧਾਨ ਸੁਰੇਸ਼ ਨਾਗਪਾਲ ਨੇ ਕਿਹਾ ਕਿ ਅਸੀਂ ਪੂਰੇ ਭਾਰਤ ’ਚ ਵੱਖ-ਵੱਖ ਟੀਮਾਂ ਵਲੋਂ ਵਿਆਪਕ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਇਸ ਹਾੜੀ ਸੈਸ਼ਨ ’ਚ ਸਰੋਂ ਦੇ ਉਤਪਾਦਨ ਦੇ ਅਨੁਮਾਨ ਨੂੰ ਅੰਤਿਮ ਰੂਪ ਦਿੱਤਾ ਹੈ। ਸਰ੍ਹੋਂ ਦਾ ਉਤਪਾਦਨ ਰਿਕਾਰਡ 109.5 ਲੱਖ ਟਨ ਤੱਕ ਵਧਣ ਦੀ ਸੰਭਾਵਨਾ ਹੈ।

ਦੇਸ਼ ਦੇ ਕੁੱਲ ਖਾਣ ਵਾਲੇ ਤੇਲਾਂ ਦੀ ਦਰਾਮਦ ’ਚ ਆ ਸਕਦੀ ਹੈ ਕਮੀ

ਨਾਗਪਾਲ ਨੇ ਕਿਹਾ ਕਿ ਸਰ੍ਹੋਂ ਦੇ ਉਤਪਾਦਨ ’ਚ ਸੰਭਾਵਿਤ ਵਾਧੇ ਨੂੰ ਦੇਖਦੇ ਹੋਏ ਸਰ੍ਹੋਂ ਦੇ ਤੇਲ ਦਾ ਉਤਪਾਦਨ ਵੀ ਵਧੇਰੇ ਹੋਵੇਗਾ। ਇਸ ਨਾਲ ਦੇਸ਼ ਦੇ ਕੁੱਲ ਖਾਣ ਵਾਲੇ ਤੇਲਾਂ ਦੀ ਦਰਾਮਦ ’ਚ ਕਮੀ ਆ ਸਕਦੀ ਹੈ। ਕਿਸਾਨਾਂ ਨੇ ਇਸ ਹਾੜੀ ਸੈਸ਼ਨ ਦੌਰਾਨ ਸਰ੍ਹੋਂ ਦੀ ਫਸਲ ਦਾ ਰਕਬਾ ਵਧਾਇਆ ਹੈ ਕਿਉਂਕਿ ਉਨ੍ਹਾਂ ਨੂੰ ਪਿਛਲੇ ਸਾਲ ਦੀ ਫਸਲ ਤੋਂ ਬਿਹਤਰ ਕੀਮਤ ਮਿਲੀ ਹੈ। ਸਰ੍ਹੋਂ ਦਾਣਾ, ਹਾੜੀ ਦੇ ਮੌਸਮ ’ਚ ਹੀ ਬੀਜਿਆ ਜਾਂਦਾ ਹੈ। ਇਸ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਜਦ ਕਿ ਕਟਾਈ ਮਾਰਚ ’ਚ ਸ਼ੁਰੂ ਹੁੰਦੀ ਹੈ। ਸਰ੍ਹੋਂ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਇਕ ਅਹਿਮ ਨਕਦੀ ਫਸਲ ਹੈ।

ਇਹ ਵੀ ਪੜ੍ਹੋ : ਮੈਗੀ ਅਤੇ ਕੌਫੀ ਦੇ ਸ਼ੌਕੀਨਾਂ ਨੂੰ ਝਟਕਾ, ਮਿਲਕ ਪਾਊਡਰ ਅਤੇ ਗੈਰ-ਖੁਰਾਕੀ ਵਸਤਾਂ ਵੀ ਹੋਈਆਂ ਮਹਿੰਗੀਆਂ

ਰਾਜਸਥਾਨ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ

ਰਾਜਸਥਾਨ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ ਹੈ। ਸਾਲ 2021-22 ਦੇ ਹਾੜੀ ਸੈਸ਼ਨ ਦੌਰਾਨ ਸਰ੍ਹੋਂ ਦਾ ਉਤਪਾਦਨ ਵਧ ਕੇ 49.50 ਲੱਖ ਟਨ ਹੋਣ ਦੀ ਉਮੀਦ ਹੈ ਜੋ ਪਿਛਲੇ ਸਾਲ 35 ਲੱਖ ਟਨ ਸੀ। ਉੱਤਰ ਪ੍ਰਦੇਸ਼ ’ਚ ਉਤਪਾਦਨ 13.5 ਲੱਖ ਟਨ ਤੋਂ ਵਧ ਕੇ 15 ਲੱਖ ਟਨ ਹੋਣ ਦਾ ਅਨੁਮਾਨ ਹੈ। ਮੱਧ ਪ੍ਰਦੇਸ਼ ’ਚ ਸਰ੍ਹੋਂ ਦਾ ਉਤਪਾਦਨ 8.5 ਲੱਖ ਟਨ ਤੋਂ ਵਧ ਕੇ 12.5 ਲੱਖ ਟਨ ਹੋਣ ਦੀ ਅਨੁਮਾਨ ਹੈ। ਪੰਜਾਬ ਅਤੇ ਹਰਿਆਣਾ ’ਚ ਸਰ੍ਹੋਂ ਦਾ ਉਤਪਾਦਨ 11.50 ਲੱਖ ਟਨ ਹੋਣ ਦੀ ਸੰਭਾਵਨਾ ਹੈ ਜੋ ਪਿਛਲੇ ਸਾਲ ਦੇ 9.5 ਲੱਖ ਟਨ ਤੋਂ ਵੱਧ ਹੈ। ਗੁਜਰਾਤ ’ਚ ਉਤਪਾਦਨ ਪਿਛਲੇ ਸਾਲ ਦੇ 4 ਲੱਖ ਟਨ ਦੇ ਮੁਕਾਬਲੇ ਵਧ ਕੇ 6.5 ਲੱਖ ਟਨ ਹੋਣ ਦੀ ਉਮੀਦ ਹੈ। ਪੱਛਮੀ ਬੰਗਾਲ, ਪੂਰਬੀ ਭਾਰਤ ਅਤੇ ਹੋਰ ਸੂਬਿਆਂ ’ਚ ਉਤਪਾਦਨ 14.5 ਲੱਖ ਟਨ ਦੇ ਪੱਧਰ ’ਤੇ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : IOC ਨੇ ਖ਼ਰੀਦਿਆ ਰਸ਼ੀਅਨ ਕੱਚਾ ਤੇਲ, ਪੱਛਮੀ ਪਾਬੰਦੀਆਂ ਰੁਪਏ ਦੇ ਅੰਤਰਰਾਸ਼ਟਰੀਕਰਨ ਦਾ ਮੌਕਾ - SBI

ਕੁੱਲ ਘਰੇਲੂ ਮੰਗ ਦਾ ਲਗਭਗ 60-65 ਫੀਸਦੀ ਹਿੱਸਾ ਦਰਾਮਦ ਕਰਦੈ ਭਾਰਤ

ਭਾਰਤ ਖਾਣ ਵਾਲੇ ਤੇਲਾਂ ਦੀ ਆਪਣੀ ਕੁੱਲ ਘਰੇਲੂ ਮੰਗ ਦਾ ਲਗਭਗ 60-65 ਫੀਸਦੀ ਦਰਾਮਦ ਕਰਦਾ ਹੈ। ਤੇਲ ਸਾਲ 2020-21 (ਨਵੰਬਰ-ਅਕਤੂਬਰ) ’ਚ ਦੇਸ਼ ਦੇ ਖਾਣ ਵਾਲੇ ਤੇਲ ਦੀ ਦਰਾਮਦ 1.3 ਕਰੋੜ ਟਨ ’ਤੇ ਸਥਿਰ ਰਹੀ। ਹਾਲਾਂਕਿ ਮੁੱਲ ਦੇ ਸੰਦਰਭ ’ਚ ਦਰਾਮਦ ਪਿਛਲੇ ਸਾਲ ਦੇ ਲਗਭਗ 72,000 ਕਰੋੜ ਤੋਂ ਵਧ ਕੇ 1.17 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। ਸੀ. ਓ. ਓ. ਆਈ. ਟੀ. ਨੇ ਸਰ੍ਹੋਂ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸਰ੍ਹੋਂ ਤੋਂ ਲਗਭਗ 38-43 ਫੀਸਦੀ ਤੇਲ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਨਾ ਸਿਰਫ ਭਾਰਤ ਦੇ ਖਾਣ ਵਾਲੇ ਤੇਲਾਂ ਦੀ ਦਰਾਮਦ ’ਚ ਕਟੌਤੀ ਹੋਵੇਗੀ ਸਗੋਂ ਛੋਟੀਆਂ ਮਿੱਲਾਂ ਨੂੰ ਉਨ੍ਹਾਂ ਦੀ ਸਥਾਪਿਤ ਸਮਰੱਥਾ ਦੇ ਇਸਤੇਮਾਲ ’ਚ ਵੀ ਮਦਦ ਮਿਲੇਗੀ। ਾਲ 1958 ’ਚ ਸਥਾਪਿਤ ਸੀ. ਓ. ਓ. ਆਈ. ਟੀ., ਚੋਟੀ ਦੀ ਨੈਸ਼ਨਲ ਸੰਸਥਾ ਹੈ ਜੋ ਦੇਸ਼ ’ਚ ਸੰਪੂਰਨ ਵਨਸਪਤੀ ਤੇਲ ਖੇਤਰ ਦੇ ਹਿੱਤਾਂ ਦੀ ਅਗਵਾਈ ਕਰਦੀ ਹੈ।

ਇਹ ਵੀ ਪੜ੍ਹੋ : ਰੂਸ-ਯੂਕਰੇਨ ਗੱਲਬਾਤ ਦਰਮਿਆਨ ਤੇਲ 2 ਹਫ਼ਤਿਆਂ ਦੇ ਹੇਠਲੇ ਪੱਧਰ 'ਤੇ ਡਿੱਗਿਆ, ਚੀਨ ਨੂੰ ਸਤਾ ਰਿਹੈ ਮੰਗ 'ਤੇ ਅਸਰ ਦਾ ਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News