ਬਿਸਕੁਟ, ਸ਼ੈਂਪੂ, ਸਾਬਣ ਤੇ ਆਯੁਰਵੈਦਿਕ ਕੰਪਨੀਆਂ ਵੱਲੋਂ GST ਘਟਾਉਣ ਦੀ ਮੰਗ
Wednesday, May 27, 2020 - 12:16 PM (IST)
ਨਵੀਂ ਦਿੱਲੀ— ਬਿਸਕੁਟ, ਆਯੁਰਵੈਦਿਕ ਉਤਪਾਦ, ਸਾਬਣ ਤੇ ਸ਼ੈਂਪੂ ਬਣਾਉਣ ਵਾਲੀਆਂ ਕੰਪਨੀਆਂ ਨੇ ਸਰਕਾਰ ਤੋਂ ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਦਰਾਂ ਘਟਾਉਣ ਦੀ ਮੰਗ ਕੀਤੀ ਹੈ, ਤਾਂ ਕਿ ਸਾਮਾਨ ਸਸਤੇ ਹੋਣ ਨਾਲ ਲੋਕ ਖਰੀਦਦਾਰੀ ਲਈ ਉਤਸ਼ਾਹਤ ਹੋ ਸਕਣ। ਜੀ. ਐੱਸ. ਟੀ. ਕੌਂਸਲ ਦੀ ਅਗਲੇ ਮਹੀਨੇ ਬੈਠਕ ਹੋਣ ਦੀ ਉਮੀਦ ਹੈ। ਕੌਂਸਲ ਨੇ ਚਾਕਲੇਟ, ਟੁਥਪੇਸਟ, ਸ਼ੈਂਪੂ, ਵਾਸ਼ਿੰਗ ਪਾਊਡਰ ਅਤੇ ਸ਼ੇਵਿੰਗ ਕਰੀਮ ਸਮੇਤ 200 ਉਤਪਾਦਾਂ 'ਤੇ ਟੈਕਸ ਦੀਆਂ ਦਰਾਂ ਨੂੰ ਨਵੰਬਰ 2017 'ਚ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤਾ ਸੀ। ਇੰਡਸਟਰੀ ਦਾ ਕਹਿਣਾ ਹੈ ਕਿ ਇਸ 'ਚ ਹੋਰ ਕਮੀ ਦੀ ਜ਼ਰੂਰਤ ਹੈ।
ਦੇਸ਼ ਦੀ ਸਭ ਤੋਂ ਵੱਡੀ ਬਿਸਕੁਟ ਕੰਪਨੀ ਅਤੇ ਮੋਨਾਕੋ, ਹਾਇਡ ਐਂਡ ਸੀਕ ਤੇ ਮੈਰੀ ਕੂਕੀਜ਼ ਦੀ ਨਿਰਮਾਤਾ ਪਾਰਲੇ ਪ੍ਰਾਡਕਟਸ ਦੇ ਕਾਰਜਕਾਰੀ ਨਿਰਦੇਸ਼ਕ ਅਰੂਪ ਚੌਹਾਨ ਨੇ ਕਿਹਾ, ''ਲੋਕਾਂ ਕੋਲ ਪੈਸੇ ਦੀ ਤੰਗੀ ਹੋਣ ਕਾਰਨ ਜੀ. ਐੱਸ. ਟੀ. 'ਚ ਕਟੌਤੀ ਨਾਲ ਜ਼ਰੂਰੀ ਚੀਜ਼ਾਂ ਦੀ ਮੰਗ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ।''
ਇੰਡਸਟਰੀ ਦਾ ਕਹਿਣਾ ਹੈ ਕਿ 18 ਫੀਸਦੀ ਜੀ. ਐੱਸ. ਟੀ. ਦਰ 'ਚ ਹੋਰ ਕਮੀ ਹੋਣ ਨਾਲ ਮੰਗ ਉਤਸ਼ਾਹਤ ਹੋਵੇਗੀ, ਜੋ ਅਰਥਵਿਵਸਥਾ ਨੂੰ ਫਿਰ ਤੋਂ ਉਭਾਰਨ ਲਈ ਮਹੱਤਵਪੂਰਨ ਹੈ। ਇੰਡਸਟਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦਾ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਥੋੜ੍ਹੇ ਸਮੇਂ 'ਚ ਮੰਗ ਵਧਾਉਣ ਦੀ ਬਜਾਏ ਲੰਬੇ ਸਮੇਂ ਦੇ ਨਤੀਜਿਆਂ ਨਾਲ ਸਪਲਾਈ ਪੱਖ ਨੂੰ ਅੱਗੇ ਵਧਾਉਣ 'ਤੇ ਜ਼ਿਆਦਾ ਕੇਂਦਰਿਤ ਹੈ।
5 ਫੀਸਦੀ ਹੋਵੇ ਆਯੁਰਵੇਦ ਉਤਪਾਦਾਂ 'ਤੇ GST
ਕੋਰੋਨਾ ਵਾਇਰਸ ਮਹਾਂਮਾਰੀ 'ਚ ਇਮਿਊਨਿਟੀ ਵਧਾਉਣ ਲਈ ਲੋਕ ਆਯੁਰਵੈਦਿਕ ਉਤਪਾਦਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਵਿਚਕਾਰ ਇਹ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਕਿ ਡਾਬਰ ਤੇ ਬੈਦਿਆਨਾਥ ਨੇ ਇਨ੍ਹਾਂ 'ਤੇ ਜੀ. ਐੱਸ. ਟੀ. ਦਰ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਸਰਕਾਰ ਖੁਦ ਵੀ ਆਯੁਰਵੈਦਿਕ ਪਦਾਰਥਾਂ ਦੀ ਖਪਤ ਨੂੰ ਵਧਾਉਣ ਲਈ ਜ਼ੋਰ ਦੇ ਰਹੀ ਹੈ।
ਡਾਬਰ ਦੇ ਮੁੱਖ ਕਾਰਜਕਾਰੀ ਮੋਹਿਤ ਮਲਹੋਤਰਾ ਨੇ ਕਿਹਾ ਕਿ ਸਾਰੇ ਆਯੁਰਵੈਦਿਕ ਉਤਪਾਦਾਂ ਅਤੇ ਦਵਾਈਆਂ ਦੀ ਸ਼੍ਰੇਣੀ ਲਈ ਇਕਸਾਰ 5 ਫੀਸਦੀ ਜੀ. ਐੱਸ. ਟੀ. ਦਰ ਹੋਣ ਨਾਲ ਇਸ ਸਮੇਂ ਬਹੁਤ ਜ਼ਿਆਦਾ ਜ਼ਰੂਰੀ ਲੋੜੀਂਦੀ ਮੰਗ ਉਤਸ਼ਾਹਤ ਹੋਵੇਗੀ। ਇਸ ਸਮੇਂ ਕਲਾਸੀਕਲ ਆਯੁਰਵੈਦਿਕ ਦਵਾਈਆਂ 'ਤੇ 5 ਫੀਸਦੀ ਜੀ. ਐੱਸ. ਟੀ. ਲਗਾਇਆ ਜਾਂਦਾ ਹੈ, ਜੋ ਇਸ ਸ਼੍ਰੇਣੀ ਦਾ 20 ਫੀਸਦੀ ਬਣਦਾ ਹੈ, ਹੋਰ ਸਾਰੇ ਆਯੁਰਵੈਦਿਕ ਉਤਪਾਦਾਂ 'ਤੇ ਜੀ. ਐੱਸ. ਟੀ. 12 ਫੀਸਦੀ ਹੈ।