ਕੋਲ ਇੰਡੀਆ ਦਾ ਸ਼ੁੱਧ ਮੁਨਾਫਾ 52 ਫ਼ੀਸਦੀ ਵੱਧ ਕੇ 3,000 ਕਰੋੜ ਤੋਂ ਪਾਰ

Tuesday, Aug 10, 2021 - 06:28 PM (IST)

ਨਵੀਂ ਦਿੱਲੀ- ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਡ (ਸੀ. ਆਈ. ਐੱਲ.) ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਸਮੂਹਿਕ ਸ਼ੁੱਧ ਮੁਨਾਫਾ 52.4 ਫ਼ੀਸਦੀ ਵੱਧ ਕੇ 3,169.85 ਕਰੋੜ ਰੁਪਏ ਰਿਹਾ। ਸੰਚਾਲਨ ਆਮਦਨੀ ਵਧਣ ਨਾਲ ਕੰਪਨੀ ਦਾ ਮੁਨਾਫਾ ਵੱਧ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਇਸ ਨੇ 2,079.60 ਕਰੋੜ ਰੁਪਏ ਦਾ ਸਮੂਹਿਕ ਸ਼ੁੱਧ ਕਮਾਇਆ ਸੀ।

ਬੀ. ਐੱਸ. ਈ. ਨੂੰ ਭੇਜੀ ਸੂਚਨਾ ਵਿਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਸਮੂਹਿਕ ਸੰਚਾਲਨ ਆਮਦਨੀ ਵੱਧ ਕੇ 25,282.15 ਕਰੋੜ ਰੁਪਏ 'ਤੇ ਪਹੁੰਚ ਗਈ। ਉੱਥੇ ਹੀ, ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਇਹ 18,486.77 ਕਰੋੜ ਰੁਪਏ ਸੀ।

ਚਾਲੂ ਵਿੱਤੀ ਸਾਲ ਵਿਚ 30 ਜੂਨ ਨੂੰ ਸਮਾਪਤ ਤਿਮਾਹੀ ਦੌਰਾਨ ਕੰਪਨੀ ਦਾ ਖ਼ਰਚ ਵੱਧ ਕੇ 21,626.48 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਤਿਮਾਹੀ ਵਿਚ ਇਹ 16,470.64 ਕਰੋੜ ਰੁਪਏ ਸੀ।

ਤਿਮਾਹੀ ਦੌਰਾਨ ਜਨਤਕ ਖੇਤਰ ਦੀ ਕੰਪਨੀ ਦਾ ਕੋਲਾ ਉਤਪਾਦਨ ਵੱਧ ਕੇ 12.39 ਕਰੋੜ ਟਨ 'ਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ ਇਸ ਤਿਮਾਹੀ ਵਿਚ 12.10 ਕਰੋੜ ਟਨ ਸੀ। ਤਿਮਾਹੀ ਵਿਚ ਕੰਪਨੀ ਦੇ ਕੱਚੇ ਕੋਲੇ ਦੀ ਮੰਗ ਵੱਧ ਕੇ 16.04 ਕਰੋੜ ਟਨ 'ਤੇ ਪਹੁੰਚ ਗਈ, ਜੋ ਪਿਛਲੇ ਸਾਲ ਇਸ ਤਿਮਾਹੀ ਵਿਚ 12.08 ਕਰੋੜ ਟਨ ਰਹੀ ਸੀ। ਦੇਸ਼ ਦੇ ਕੋਲੇ ਉਤਪਾਦਨ ਵਿਚ ਕੋਲ ਇੰਡੀਆ ਦੀ ਹਿੱਸੇਦਾਰੀ 80 ਫ਼ੀਸਦੀ ਤੋਂ ਜ਼ਿਆਦਾ ਹੈ।


Sanjeev

Content Editor

Related News