CII ਨੇ ਦੇਸ਼ ਦੀ ਬਰਾਮਦ ਵਧਾਉਣ ਲਈ 31 ਉਤਪਾਦਾਂ ਦੀ ਪਛਾਣ ਕੀਤੀ
Monday, Jul 22, 2019 - 10:29 AM (IST)
ਨਵੀਂ ਦਿੱਲੀ — ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨੇ ਅਜਿਹੇ 31 ਉਤਪਾਦਾਂ ਦੀ ਪਛਾਣ ਕੀਤੀ ਹੈ, ਜੋ ਦੇਸ਼ ਦੀ ਬਰਾਮਦ ਵਧਾਉਣ ’ਚ ਸਹਾਇਕ ਹੋ ਸਕਦੇ ਹਨ। ਸੀ. ਆਈ. ਆਈ. ਨੇ ਕਿਹਾ ਹੈ ਕਿ ਇਨ੍ਹਾਂ ’ਚ ਔਰਤਾਂ ਦੇ ਕੱਪੜੇ, ਦਵਾਈਆਂ ਅਤੇ ਸਾਈਕਲਿਕ ਹਾਈਡ੍ਰੋਕਾਰਬਨ ਸ਼ਾਮਲ ਹਨ, ਜੋ ਦੇਸ਼ ਨੂੰ ਇਨ੍ਹਾਂ ਉਤਪਾਦਾਂ ਦਾ ਚੋਟੀ ਦਾ ਬਰਾਮਦਕਾਰ ਬਣਾਉਣ ਦੀ ਸਮਰੱਥਾ ਰੱਖਦੇ ਹਨ। ਇਹ ਅਧਿਐਨ ਅਜਿਹੇ ਸਮੇਂ ਆਇਆ ਹੈ, ਜਦੋਂ ਜੂਨ ’ਚ ਦੇਸ਼ ਦੀ ਬਰਾਮਦ ਘਟੀ ਹੈ। ਜੂਨ ’ਚ ਬਰਾਮਦ 9.71 ਫੀਸਦੀ ਘਟ ਕੇ 25.01 ਅਰਬ ਡਾਲਰ ’ਤੇ ਆ ਗਈ ਹੈ।
ਸੀ. ਆਈ. ਆਈ. ਨੇ ਕਿਹਾ ਕਿ ਇਸ ਚੋਣਵੇਂ ਉਤਪਾਦਾਂ ਦੀ ਬਾਜ਼ਾਰ ਪਹੁੰਚ ਵਧਾਉਣ ਲਈ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਗੈਰ-ਟੈਰਿਫ ਰੁਕਾਵਟਾਂ ਨੂੰ ਚੁੱਕਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੀ. ਆਈ. ਆਈ. ਨੇ ਪ੍ਰਭਾਵੀ ਰਣਨੀਤੀਆਂ ਬਣਾਉਣ ਦਾ ਵੀ ਸੁਝਾਅ ਦਿੱਤਾ ਹੈ। ਇਸ ’ਚ ਚੋਟੀ ਦੇ ਕੌਮਾਂਤਰੀ ਬਾਜ਼ਾਰਾਂ ’ਚ ਕੇਂਦਰ ਬਣਾਉਣਾ, ਉਤਪਾਦ ਦਾ ਪ੍ਰਚਾਰ ਅਤੇ ਬ੍ਰਾਂਡ ਨਿਰਮਾਣ ਪਹਿਲ ਦਾ ਦੇਸ਼ ਦੇ ਕਮਰਸ਼ੀਅਲ ਮਿਸ਼ਨਾਂ ਨਾਲ ਏਕੀਕਰਨ ਸ਼ਾਮਲ ਹੈ।
ਸੀ. ਆਈ. ਆਈ. ਦੇ ਮਹਾਨਿਰਦੇਸ਼ਕ ਚੰਦਰਜੀਤ ਬਨਰਜੀ ਨੇ ਕਿਹਾ ਕਿ ਕੌਮਾਂਤਰੀ ਵਪਾਰ ਸਨੇਰੀਓ ’ਚ ਤੇਜ਼ੀ ਨਾਲ ਹੋ ਰਹੇ ਬਦਲਾਅ, ਕੌਮਾਂਤਰੀ ਮੁੱਲ ਲੜੀਆਂ ਦੇ ਤਬਾਦਲੇ ਅਤੇ ਨਵੇਂ ਵਪਾਰ ਸਮਝੌਤਿਆਂ ਦੇ ਮੱਦੇਨਜ਼ਰ ਇਕ ਬਰਾਮਦ ਰਣਨੀਤੀ ਕਾਫੀ ਮਹੱਤਵਪੂਰਨ ਹੋ ਜਾਂਦੀ ਹੈ।