ਸੈਮੀਕੰਡਕਟਰ ਦੀ ਕਮੀ ਕਾਰਨ ਮਾਰੂਤੀ ਨੂੰ ਉਤਪਾਦਨ ’ਤੇ ਮਾੜਾ ਅਸਰ ਪੈਣ ਦਾ ਖਦਸ਼ਾ
Sunday, Oct 31, 2021 - 11:40 AM (IST)
 
            
            ਨਵੀਂ ਦਿੱਲੀ,(ਭਾਸ਼ਾ)– ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਸ਼ਨੀਵਾਰ ਨੂੰ ਕਿਹਾ ਕਿ ਸੈਮੀਕੰਡਕਟਰ ਦੀ ਕਮੀ ਕਾਰਨ ਇਲੈਕਟ੍ਰਾਨਿਕ ਉਪਕਰਨਾਂ ਦੀ ਸਪਲਾਈ ’ਚ ਰੁਕਾਵਟ ਕਾਰਨ ਨਵੰਬਰ ’ਚ ਹਰਿਆਣਾ ’ਚ ਉਸ ਦੇ ਦੋ ਪਲਾਂਟਾਂ ਅਤੇ ਸੁਜ਼ੂਕੀ ਦੇ ਗੁਜਰਾਤ ਸਥਿਤ ਮੂਲ ਪਲਾਂਟ ’ਚ ਉਤਪਾਦਨ ’ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਰ ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਮੌਜੂਦਾ ਸਮੇਂ ਦੇ ਅਨੁਮਾਨ ਮੁਤਾਬਕ ਅਗਲੇ ਮਹੀਨੇ ਹਰਿਆਣਾ ’ਚ ਦੋਹਾਂ ਇਕਾਈਆਂ ’ਚ ਕੁੱਲ ਵਾਹਨ ਉਤਪਾਦਨ ਦੀ ਮਾਤਰਾ ਆਮ ਨਾਲੋਂ ਲਗਭਗ 85 ਫੀਸਦੀ ਤੱਕ ਰਹਿ ਸਕਦੀ ਹੈ।
ਕੰਪਨੀ ਨੇ ਕਿਹਾ ਕਿ ਸੈਮੀਕੰਡਕਟਰ ਸੰਕਟ ਕਾਰਨ ਇਲੈਕਟ੍ਰਾਨਿਕ ਆਟੋ ਪਾਰਟਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਨਾਲ ਨਵੰਬਰ ਮਹੀਨੇ ’ਚ ਹਰਿਆਣਾ ਦੇ ਪਲਾਂਟਾਂ ਤੋਂ ਇਲਾਵਾ ਉਸ ਦੀ ਠੇਕੇ ’ਤੇ ਨਿਰਮਾਣ ਕਰਨ ਵਾਲੀ ਕੰਪਨੀ ਸੁਜ਼ੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਟਿਡ (ਐੱਸ. ਐੱਮ. ਜੀ.) ਦੋਹਾਂ ’ਚ ਵਾਹਨ ਉਤਪਾਦਨ ’ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ। ਹਰਿਆਣਾ ’ਚ ਗੁੜਗਾਓਂ ਅਤੇ ਮਾਨੇਸਰ ਪਲਾਂਟਾਂ ’ਚ ਕੰਪਨੀ ਦੀ ਉਤਪਾਦਨ ਸਮਰੱਥਾ ਲਗਭਗ 15 ਲੱਖ ਇਕਾਈ ਸਾਲਾਨਾ ਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            