ਐਂਟ ਗਰੁੱਪ ਤੋਂ ਬਾਅਦ ਹੁਣ ਮੋਬਾਇਲ ਪੇਮੈਂਟ ਕੰਪਨੀਆਂ ’ਤੇ ਸ਼ਿਕੰਜਾ ਕੱਸੇਗਾ ਚੀਨ

Sunday, Jun 27, 2021 - 05:40 PM (IST)

ਬੀਜਿੰਗ - ਐਂਟ ਗਰੁੱਪ ਦੇ ਮਾਲਕ ਜੈੱਕ ਮਾ ’ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁੁਣ ਚੀਨ ਦੀ ਸੱਤਾ ’ਤੇ ਕਾਬਜ਼ ਕਮਿਊਨਿਸਟ ਪਾਰਟੀ ਨੇ ਮੋਬਾਇਲ ਪੇਮੈਂਟ ਕਰਵਾਉਣ ਵਾਲੀਆਂ ਵੱਡੀਆਂ ਵਿੱਤੀ ਆਈ. ਟੀ. ਕੰਪਨੀਆਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੀਨ ਆਈ. ਟੀ. ਕੰਪਨੀਆਂ ’ਤੇ ਕੰਟਰੋਲ ਲਈ ਨੀਤੀ ’ਚ ਬਦਲਾਅ ਕਰਨ ਜਾ ਰਿਹਾ ਹੈ ਅਤੇ ਨਵੀਂ ਨੀਤੀ ਦੇ ਤਹਿਤ ਵੱਡੀਆਂ ਆਈ. ਟੀ. ਕੰਪਨੀਆਂ ’ਚ ਸਰਕਾਰ ਦਾ ਇਕ ਪ੍ਰਤੀਨਿਧੀ ਕੰਪਨੀ ਦੇ ਬੋਰਡ ’ਚ ਸ਼ਾਮਲ ਹੋਵੇਗਾ ਜੋ ਕੰਪਨੀ ਦੀਆਂ ਵਿੱਤੀ ਗਤੀਵਿਧੀਆਂ ’ਤੇ ਨਜ਼ਰ ਰੱਖੇਗਾ।

ਜੈੱਕ ਮਾ ’ਤੇ ਸ਼ਿੰਕਜਾ ਕੱਸੇ ਜਾਣ ਤੋਂ ਬਾਅਦ ਚੀਨ ਦੀਆਂ ਵੱਡੀਆਂ ਆਈ. ਟੀ. ਕੰਪਨੀਆਂ ਜੇ. ਡੀ. ਡਿਟੀਟਸ, ਟੇਨਸੈਂਟ, ਬਾਇਡੂ ਅਤੇ ਲੁਫੈਕਸ ਨੂੰ ਵੀ ਵਿੱਤੀ ਤੌਰ ’ਤੇ ਨੁਕਸਾਨ ਹੋਇਆ ਹੈ ਕਿਉਂਕਿ ਹੁਣ ਇਹ ਕੰਪਨੀਆਂ ਵੀ ਸਿੱਧੇ ਸਰਕਾਰ ਦੀ ਨਿਗਰਾਨੀ ’ਚ ਆ ਰਹੀਆਂ ਹਨ ਅਤੇ ਕੰਨਪੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣਾ ਵਿੱਤੀ ਢਾਂਚਾ ਬਦਲਣਾ ਪਵੇਗਾ। ਇਸ ਦੇ ਨਾਲ ਹੀ ਕੰਪਨਆਂ ਦੇ ਵਿੱਤੀ ਲੈਣ-ਦੇਣ ਦੀ ਨਿਗਰਾਨੀ ਅਤੇ ਕੰਜ਼ਿਊਮਰ ਡਾਟਾ ’ਤੇ ਨਜ਼ਰ ਰੱਖਣ ਲਈ ਕੰਪਨੀਆਂ ’ਚ ਬੈਂਕ ਆਫ ਚਾਈਨਾ ਦੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ।

ਦਰਅਸਲ ਚੀਨ ਨੂੰ ਲੱਗ ਰਿਹਾ ਹੈ ਕਿ ਜਿਸ ਤਰੀਕੇ ਨਾਲ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਵਿੱਤੀ ਰੂਪ ਨਾਲ ਮਜ਼ਬੂਤ ਹੋਣ ਤੋਂ ਬਾਅਦ ਮਨਮਾਨੇ ਤਰੀਕੇ ਨਾਲ ਕੰਮ ਕਰਦੀਆਂ ਹਨ, ਉਸੇ ਤਰ੍ਹਾਂ ਚੀਨ ਦੀਆਂ ਵੱਡੀਆਂ ਆਈ. ਟੀ. ਕੰਪਨੀਆਂ ਵੀ ਮਨਮਾਨੀ ’ਤੇ ਉਤਰ ਸਕਦੀਅਾਂ ਹਨ। ਹਾਲਾਂਕਿ ਅਮਰੀਕਾ ਨੇ ਆਪਣੀਆਂ ਵੱਡੀਆਂ ਕੰਪਨੀਆਂ ’ਤੇ ਕੰਟਰੋਲ ਲਈ ਕੋਈ ਕਦਮ ਨਹੀਂ ਚੁੱਕਿਆ ਹੈ ਪਰ ਚੀਨ ਨੇ ਜੈੱਕ ਮਾ ਦੇ ਬਹਾਨੇ ਇਸ ਦਿਸ਼ਾ ’ਚ ਪਹਿਲ ਕਰ ਦਿੱਤੀ ਹੈ ਅਤੇ ਹੁਣ ਚੀਨ ਦੀਆਂ ਆਈ. ਟੀ. ਕੰਪਨੀਆਂ ’ਤੇ ਸਰਕਾਰੀ ਸ਼ਿਕੰਜਾ ਹੋਰ ਸਖਤ ਹੋਣ ਜਾ ਰਿਹਾ ਹੈ।

ਜੈੱਕ ਮਾ ਦੀ ਕੰਪਨੀ ਦੀ ਨਿਗਰਾਨੀ ਜਾਰੀ

ਚੀਨ ਦੀ ਸਰਕਾਰ ਨੇ ਪਿਛਲੇ ਸਾਲ ਅਕਤੂਬਰ ’ਚ ਐਂਟ ਗਰੁੱਪ ਦੇ ਮਾਲਕ ਜੈੱਕ ਮਾ ’ਤੇ ਸ਼ਿੰਕਜਾ ਕੱਸਣਾ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਅੱਠ ਮਹੀਨਿਆਂ ’ਚ ਜੈੱਕ ਮਾ ਦੀ ਕੰਪਨੀ ਨੂੰ ਕਰੀਬ 70 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਇਹ ਨੁਕਸਾਨ ਹਾਲੇ ਹੋਰ ਵਧਣ ਵਾਲਾ ਹੈ। ਕੰਪਨੀ ਫਿਲਹਾਲ ਪਿਛਲੇ ਅੱਠ ਮਹੀਨਿਆਂ ’ਚ ਹੋਏ ਨੁਕਸਾਨ ਦਾ ਮੁਲਾਂਕਣ ਕਰਨ ’ਚ ਜੁਟੀ ਹੈ। ਜੈੱਕ ਮਾ ਦੇ ਬੁਰੇ ਦਿਨ ਇੱਥੇ ਹੀ ਖਤਮ ਨਹੀਂ ਹੋਏ ਹਨ ਕਿਉਂਕਿ ਚੀਨ ਦੀ ਸਰਕਾਰ ਉਨ੍ਹਾਂ ਦੀ ਕੰਪਨੀ ’ਚ ਹੋਣ ਵਾਲੇ ਕਈ ਲੈਣ-ਦੇਣ ਦੀ ਨਿਗਰਾਨੀ ਲਈ ਵੱਡੇ ਵਿੱਤੀ ਸੰਸਥਾਨਾਂ ਦੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਹ ਸਾਰੀ ਕਾਰਵਾਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਅਤੇ ਉਨ੍ਹਾਂ ਦੇ ਸੱਜੇ ਹੱਥ ਸਮਝੇ ਜਾਣ ਵਾਲੇ ਲਿਯੂ ਹੀ ਦੇ ਹੁਕਮਾਂ ’ਤੇ ਹੋ ਰਿਹਾ ਹੈ।

ਚੀਨ ਨੇ ਰੋਕ ਦਿੱਤਾ ਸੀ ਜੈੱਕ ਮਾ ਦੀ ਕੰਪਨੀ ਦਾ ਆਈ. ਪੀ. ਓ.

ਦਰਅਸਲ ਐਂਟ ਗਰੁੱਪ ਦੇ ਮਾਲਕ ਜੈੱਕ ਮਾ ਨੇ ਅੱਠ ਮਹੀਨੇ ਪਹਿਲਾਂ ਜਨਤਕ ਮੰਚ ’ਤੇ ਚੀਨ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਚੀਨੀ ਵਿੱਤੀ ਸੰਸਥਾਵਾਂ ‘ਕਠਪੁਤਲੀ ਦੁਕਾਨਾਂ’ ਵਰਗੀਆਂ ਹੋ ਗਈਆਂ ਹਨ ਅਤੇ ਉਨ੍ਹਾਂ ਕੋਲ ਕੋਈ ਇਨੋਵੇਟਿਵ ਆਈਡੀਆ ਨਹੀਂ ਸੀ। ਜੈੱਕ ਮਾ ਦੇ ਇਸ ਬਿਆਨ ਤੋਂ ਬਾਅਦ ਚੀਨ ਨੇ ਉਨ੍ਹਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਅਤੇ ਚੀਨੀ ਵਿੱਤੀ ਰੈਗੂਲੇਟਰ ਆਈ. ਪੀ. ਓ. ਨੂੰ ਲਾਂਚ ਹੋਣ ਤੋਂ ਰੋਕ ਦਿੱਤਾ। ਇਨਵੈਸਟਰਸ ਗਰੁੱਪੋ ਹੋਰਮਿਗਾ ਸਕਿਓਰਿਟੀਜ਼ ਦੇ ਹਾਂਗਕਾਂਗ ਅਤੇ ਸ਼ੰਘਾਈ ਸਟਾਕ ਐਕਸਚੇਂਜਾਂ ’ਤੇ ਆਉਣ ਵਾਲੇ ਆਈ. ਪੀ. ਓ. ਨੂੰ ਖਰੀਦਣ ਦਾ ਇੰਤਜ਼ਾਰ ਕਰ ਰਹੇ ਸਨ। ਇਹ ਆਈ. ਪੀ. ਓ. ਕਰੀਬ 34.4 ਅਰਬ ਡਾਲਰ ਦਾ ਸੀ। ਕੁਝ ਵਿਸ਼ਲੇਸ਼ਕਾ ਇਸ ਨੂੰ ਬੀਜਿੰਗ ਦੇ ਐਂਟ ਗਰੁੱਪ ਵਰਗੇ ਵਿਸ਼ਾਲ ਸਮੂਹਾਂ ਅਤੇ ਖੁਦ ਮਾ ਦੀ ਗ੍ਰੋਥ ’ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਦੇ ਹਨ।

ਜੈੱਕ ਮਾ ਦੇ ਅਲੀ ਪੇਅ ਦਾ ਕਾਰੋਬਾਰ ਅੱਧਾ ਹੋਇਆ

ਚੀਨ ’ਚ ਜੈੱਕ ਮਾ ਦੀ ਕੰਪਨੀ ਐਂਟ ਗਰੁੱਪ ਵਲੋਂ ਸੰਚਾਲਿਤ ਅਲੀ ਪੇਅ ਮੋਬਾਇਲ ਲੋਨ ਮਾਰਕੀਟ ਦੀ ਸਰਤਾਜ਼ ਹੈ ਅਤੇ ਚੀਨ ਦੀ ਕੁਲ ਮੋਬਾਇਲ ਆਨਲਾਈਨ ਪੇਮੈਂਟ ’ਚ ਇਸ ਦੀ ਹਿੱਸੇਦਾਰੀ 55.6 ਫੀਸਦੀ ਹੈ ਜਦ ਕਿ ਵੁਈ ਚੈਟ ਦੇ ਮਾਧਿਅਮ ਰਾਹੀਂ 38.8 ਫੀਸਦੀ ਲੋਕ ਪੇਮੈਂਟ ਕਰਦੇ ਹਨ ਅਤੇ ਹੋਰ ਕੰਪਨੀਆਂ ਦੀ ਹਿੱਸੇਦਾਰੀ 5.6 ਫੀਸਦੀ ਹੈ। ਨਵੇਂ ਲਾਇਸੈਂਸਿੰਗ ਨਿਯਮਾਂ ਦੇ ਮੁਤਾਬਕ ਚੀਨ ਦੇ ਸਰਕਾਰੀ ਬੈਂਕਾਂ ਨੇ ਅਲੀ ਪੇਅ ਵਲੋਂ ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਲਿਮਿਟ 46.4 ਅਰਬ ਡਾਲਰ ਨਿਰਧਾਰਤ ਕਰ ਦਿੱਤੀ ਹੈ ਜਦ ਕਿ ਪਿਛਲੇ ਸਾਲ ਕੰਪਨੀ ਨੇ ਇਸ ਰਕਮ ਨਾਲ ਦੋ ਗੁਣਾ ਕਾਰੋਬਾਰ ਕੀਤਾ ਸੀ।


Harinder Kaur

Content Editor

Related News