ਚੀਨ ਦੇ ਬੈਂਕ ਦਾ ਵੱਡਾ ਕਦਮ, ਇਕਨਾਮੀ 'ਚ ਆਉਣਗੇ 109 ਅਰਬ ਡਾਲਰ

Monday, Oct 08, 2018 - 02:32 PM (IST)

ਚੀਨ ਦੇ ਬੈਂਕ ਦਾ ਵੱਡਾ ਕਦਮ, ਇਕਨਾਮੀ 'ਚ ਆਉਣਗੇ 109 ਅਰਬ ਡਾਲਰ

ਨਵੀਂ ਦਿੱਲੀ— ਅਮਰੀਕਾ ਨਾਲ ਛਿੜੇ ਵਾਪਰ ਯੁੱਧ ਨਾਲ ਨਜਿੱਠਣ ਲਈ ਚੀਨ ਨੇ ਨਵੀਂ ਰਣਨੀਤੀ ਬਣਾ ਲਈ ਹੈ। ਚੀਨ ਦੇ ਕੇਂਦਰੀ ਬੈਂਕ ਨੇ ਘਰੇਲੂ ਬਾਜ਼ਾਰ 'ਚ ਨਿਵੇਸ਼ ਅਤੇ ਖਰਚ ਦੀ ਰਫਤਾਰ ਨੂੰ ਬਣਾਈ ਰੱਖਣ ਲਈ ਬਾਜ਼ਾਰ 'ਚ ਕੈਸ਼ ਸਪਲਾਈ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਚੀਨ ਦੇ ਕੇਂਦਰੀ ਬੈਂਕ ਨੇ 'ਰਿਜ਼ਰਵ ਰਿਕੁਆਇਰਮੈਂਟ ਰੈਸ਼ੋ' (ਆਰ. ਆਰ. ਆਰ.) 'ਚ 1 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਫੈਸਲਾ 15 ਅਕਤੂਬਰ ਤੋਂ ਲਾਗੂ ਹੋਵੇਗਾ ਅਤੇ ਇਸ ਨਾਲ ਬੈਂਕਿੰਗ ਪ੍ਰਣਾਲੀ 'ਚ 109.2 ਅਰਬ ਡਾਲਰ ਦੀ ਨਕਦੀ ਆਵੇਗੀ। ਚਾਈਨਿਜ਼ ਪੀਪੁਲਜ਼ ਬੈਂਕ ਨੇ ਇਸ ਸਾਲ ਚੌਥੀ ਵਾਰ ਆਰ. ਆਰ. ਆਰ. 'ਚ ਕਟੌਤੀ ਕੀਤੀ ਹੈ।

ਚੀਨ ਦੇ ਕੇਂਦਰੀ ਬੈਂਕ ਨੇ ਬੀਤੇ ਦਿਨ ਐਤਵਾਰ ਨੂੰ ਇਸ ਕਟੌਤੀ ਦਾ ਐਲਾਨ ਕੀਤਾ। ਆਰ. ਆਰ. ਆਰ. ਉਹ ਟਰਮ ਹੈ, ਜਿਸ ਤਹਿਤ ਬੈਂਕਾਂ ਨੂੰ ਇਕ ਨਿਸ਼ਚਿਤ ਫੰਡ ਰਿਜ਼ਰਵ ਰੱਖਣਾ ਹੁੰਦਾ ਹੈ। ਮੌਜੂਦਾ ਸਮੇਂ ਵੱਡੇ ਵਪਾਰਕ ਬੈਂਕਾਂ ਲਈ ਆਰ. ਆਰ. ਆਰ. 15.5 ਫੀਸਦੀ ਅਤੇ ਛੋਟੇ ਬੈਂਕਾਂ ਲਈ 13.5 ਫੀਸਦੀ ਹੈ। 15 ਅਕਤੂਬਰ ਨੂੰ ਇਨ੍ਹਾਂ ਦਰਾਂ 'ਚ 1 ਫੀਸਦੀ ਦੀ ਕਟੌਤੀ ਹੋ ਜਾਵੇਗੀ, ਯਾਨੀ ਬੈਂਕਾਂ ਕੋਲ ਲੋਨ ਦੇਣ ਲਈ ਜ਼ਿਆਦਾ ਫੰਡ ਬਚੇਗਾ। ਚੀਨ ਦੇ ਕੇਂਦਰੀ ਬੈਂਕ ਮੁਤਾਬਕ, ਆਰ. ਆਰ. ਆਰ. 'ਚ ਕਟੌਤੀ ਨਾਲ ਬੈਂਕਿੰਗ ਸਿਸਟਮ 'ਚ 750 ਅਰਬ ਯੂਆਨ (109.2 ਅਰਬ ਡਾਲਰ) ਦੀ ਨਕਦੀ ਆਵੇਗੀ, ਜਿਸ ਨਾਲ ਬੈਂਕਾਂ ਕੋਲ ਕੁੱਲ ਮਿਲਾ ਕੇ ਲੋਨ ਜਾਰੀ ਕਰਨ ਲਈ 1.2 ਖਰਬ ਯੂਆਨ ਦਾ ਭੰਡਾਰ ਹੋਵੇਗਾ।


Related News