ਸਸਤੀ ਹੋਈ ਮਾਂਹ ਦੀ ਦਾਲ, ਕੀਮਤ ’ਚ 4.99 ਫੀਸਦੀ ਦੀ ਗਿਰਾਵਟ
Sunday, Feb 27, 2022 - 01:15 PM (IST)
ਜੈਤੋ (ਪਰਾਸ਼ਰ) – ਪਿਛਲੇ ਇਕ ਸਾਲ ’ਚ ਮਾਂਹ ਦੀ ਦਾਲ ਦੀ ਕੀਮਤ ’ਚ 4.99 ਫੀਸਦੀ ਦੀ ਗਿਰਾਵਟ ਆਈ ਹੈ। ਇਹ ਜਾਣਕਾਰੀ ਸਰਕਾਰ ਨੇ ਦਿੱਤੀ ਹੈ। ਇਕ ਸਰਕਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਘਰੇਲੂ ਉਪਲਬਧਤਾ ਨੂੰ ਬੜ੍ਹਾਵਾ ਦੇਣ ਅਤੇ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਸਰਕਾਰ ਨੇ ਕਈ ਉਪਾਅ ਕੀਤੇ ਹਨ।
ਕੇਂਦਰੀ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਮੁਤਾਬਕ ਮਾਂਹ ਦੀ ਦਾਲ ਦਾ ਔਸਤ ਥੋਕ ਮੁੱਲ 25 ਫਰਵਰੀ 2022 ਦੀ ਰਿਪੋਰਟ ਮੁਤਾਬਕ 9,410.58 ਰੁਪਏ ਪ੍ਰਤੀ ਕੁਇੰਟਲ ਹੈ ਜਦ ਕਿ 25 ਫਰਵਰੀ 2021 ਨੂੰ ਇਹ ਕੀਮਤ 9,904.39 ਰੁਪਏ ਪ੍ਰਤੀ ਕੁਇੰਟਲ ਸੀ। ਇਹ 4.99 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ 24 ਫਰਵਰੀ 2022 ਨੂੰ ਮਾਂਹ ਦੀ ਦਾਲ ਦਾ ਔਸਤ ਥੋਕ ਮੁੱਲ 9,444.06 ਰੁਪਏ ਪ੍ਰਤੀ ਕੁਇੰਟਲ ਰਿਹਾ ਜਦ ਕਿ 24 ਫਰਵਰੀ 2021 ਨੂੰ ਇਹ ਕੀਮਤ 9,896.95 ਰੁਪਏ ਪ੍ਰਤੀ ਕੁਇੰਟਲ ਸੀ।
ਚਾਰ ਦਾਲਾਂ ਦੇ ਭੰਡਾਰਨ ’ਤੇ ਸਟਾਕ ਲਿਮਿਟ
ਕੇਂਦਰ ਸਰਕਾਰ ਵਲੋਂ ਮਈ 2021 ’ਚ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜ਼ਰੂਰੀ ਖਾਣ-ਪੀਣ ਵਾਸੀਆਂ ਵਸਤਾਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਅਤੇ ਜ਼ਰੂਰੀ ਵਸਤਾਂ ਐਕਟ ਦੇ ਤਹਿਤ ਮਿੱਲ ਮਾਲਕਾਂ, ਦਰਾਮਦਕਾਰਾਂ ਅਤੇ ਵਪਾਰੀਆਂ ਵਲੋਂ ਰੱਖੇ ਗਏ ਦਾਲਾਂ ਦੇ ਸਟਾਕ ਦਾ ਖੁਲਾਸਾ ਯਕੀਨੀ ਕਰਨ ਲਈ ਸਲਾਹ ਜਾਰੀ ਕੀਤੀ ਗਈ ਸੀ। ਮੂੰਗ ਨੂੰ ਛੱਡ ਕੇ ਬਾਕੀ ਸਾਰੀਆਂ ਦਾਲਾਂ ’ਤੇ ਸਟਾਕ ਲਿਮਿਟ 2 ਜੁਲਾਈ 2021 ਨੂੰ ਨੋਟੀਫਾਈਡ ਕੀਤੀ ਗਈ ਸੀ। ਇਸ ਤੋਂ ਬਾਅਦ 19 ਜੁਲਾਈ 2021 ਨੂੰ ਇਕ ਸੋਧਿਆ ਆਦੇਸ਼ ਜਾਰੀ ਕੀਤਾ ਗਿਆ। ਇਸ ’ਚ ਚਾਰ ਦਾਲਾਂ-ਅਰਹਰ, ਮਾਂਹ, ਮਸਰ ਅਤੇ ਛੋਲਿਆਂ ’ਤੇ 31 ਅਕਤੂਬਰ 2021 ਤੱਕ ਦੀ ਮਿਆਦ ਲਈ ਸਟਾਕ ਲਿਮਿਟ ਲਾਗੂ ਕੀਤੀ ਗਈ।
ਫ੍ਰੀ ਇੰਪੋਰਟ ਸਿਸਟਮ
ਕੇਂਦਰ ਸਰਕਾਰ ਨੇ 15 ਮਈ 2021 ਤੋਂ 31 ਅਕਤੂਬਰ 2021 ਤੱਕ ‘ਮੁਕਤ ਸ਼੍ਰੇਣੀ’ ਤਹਿਤ ਅਰਹਰ, ਮਾਂਹ ਅਤੇ ਮੂੰਗੀ ਦੀ ਦਾਲ ਦੀ ਦਰਾਮਦ ਦੀ ਇਜਾਜ਼ਤ ਦਿੱਤੀ। ਇਸ ਤੋਂ ਬਾਅਦ ਅਰਹਰ ਅਤੇ ਮਾਂਹ ਦੀ ਦਰਾਮਦ ਦੇ ਸਬੰਧ ’ਚ ਫ੍ਰੀ ਇੰਪੋਰਟ ਸਿਸਟਮ ਨੂੰ 31 ਮਾਰਚ 2022 ਤੱਕ ਵਧਾ ਦਿੱਤਾ ਗਿਆ ਸੀ। ਦਰਾਮਦ ਨਾਲ ਜੁੜੇ ਨੀਤੀਗਤ ਉਪਾਅ ਦੇ ਨਤੀਜੇ ਵਜੋਂ ਪਿਛਲੇ 2 ਸਾਲਾਂ ਦੀ ਇਸ ਮਿਆਦ ਦੀ ਤੁਲਨਾ ’ਚ ਅਰਹਰ, ਮਾਂਹ ਅਤੇ ਮੂੰਗ ਦੀ ਦਰਾਮਦ ’ਚ ਲੋੜੀਂਦਾ ਵਾਧਾ ਹੋਇਆ ਹੈ।