ਬਦਲਿਆ ਸ਼ਾਪਿੰਗ ਦਾ ਟ੍ਰੈਂਡ, ਲੈਦਰ ਪ੍ਰੋਡਕਟਸ ਤੋਂ ਲੈ ਕੇ ਹੀਰਿਆਂ ਤੱਕ ਦੀ ਵਿਕਰੀ ਵਰਚੁਅਲ ਸ਼ੋਅਰੂਮ ’ਤੇ
Thursday, Apr 22, 2021 - 05:20 PM (IST)
ਨਵੀਂ ਦਿੱਲੀ (ਵਿਸ਼ੇਸ਼) – ਕੋਰੋਨਾ ਮਹਾਮਾਰੀ ’ਚ ਸ਼ਾਪਿੰਗ ਦਾ ਟ੍ਰੈਂਡ ਕਾਫੀ ਹੱਦ ਤੱਕ ਬਦਲ ਗਿਆ। ਲਗਜ਼ਰੀ ਮਾਲ ਕੰਪਨੀਆਂ ਨੇ ਆਪਣੇ ਅਮੀਰ ਗਾਹਕਾਂ ਨੂੰ ਲੁਭਾਉਣ ਲਈ ਸੋਸ਼ਲ ਮੀਡੀਆ, ਵੀਡੀਓ ਤੇ ਵਰਚੁਅਲ ਸ਼ੋਅਰੂਮ ਦੀ ਵਰਤੋਂ ਕਰਨ ਲਈ ਮਜਬੂਰ ਕੀਤਾ ਹੈ। ਖਾਸ ਤੌਰ ’ਤੇ ਉਸ ਹਾਲਤ ’ਚ ਜਦ ਸੈਲਾਨੀ ਦੇ ਤੌਰ ’ਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚੀਨੀ ਗਾਹਕ ਯੂਰਪ ’ਚੋਂ ਗਾਇਬ ਹਨ। ਇੰਨਾ ਹੀ ਨਹੀਂ ਸ਼ਾਪ ਆਨ ਵ੍ਹੀਲਸ ਤੱਕ ਸ਼ੁਰੂ ਹੋ ਗਈ ਹੈ, ਜੋ ਆਰਡਰ ਮਿਲਣ ’ਤੇ ਗਾਹਕ ਤੱਕ ਪਹੁੰਚ ਕਰਕੇ ਆਪਣੀ ਸੇਲ ਵਧਾਉਂਦੀ ਹੈ। ਲੈਦਰ ਪ੍ਰੋਡਕਟਸ ਤੋਂ ਲੈ ਕੇ ਹੀਰਿਆਂ ਦੀ ਵਿਕਰੀ ਤੱਕ ਆਨਲਾਈਨ ਤੇ ਵਰਚੁਅਲ ਸ਼ੋਅਰੂਮ ਜ਼ਰੀਏ ਹੋਣ ਲੱਗੀ ਹੈ।
ਮਿਸਾਲ ਲਈ ਇਟਲੀ ਦੇ ਇਕ ਪ੍ਰਮੁੱਖ ਸ਼ਹਿਰ ਜੇਨੋਆ ਦੇ ਜਿਊਲਰ ਜਿਸਮੋਂਡੀ 1754 ਨੂੰ ਆਪਣੇ ਇਕ ਅਮੀਰ ਸਵਿਸ ਗਾਹਕ ਨੂੰ 3,00,000 ਲੱਖ ਯੂਰੋ ਦੀ ਹੀਰੇ ਦੀ ਅੰਗੂਠੀ ਵੇਚਣ ਲਈ ਮੈਸੇਜਿੰਗ ਸਰਵਿਸ ਵਟਸਐਪ ਦਾ ਸਹਾਰਾ ਲੈਣਾ ਪਿਆ ਹੈ। ਜਿਸਮੋਂਡੀ ਇਕੱਲੇ ਅਜਿਹੇ ਕਾਰੋਬਾਰੀ ਨਹੀਂ, ਲਗਜ਼ਰੀ ਪਫਰ ਜੈਕੇਟ ਬ੍ਰਾਂਡ ਮੋਂਸਲਰ ਦੇ ਵਿਕਰੀ ਸਹਾਇਕ ਤਾਂ ਆਪਣੇ ਗਾਹਕਾਂ ਦੇ ਘਰਾਂ ’ਚ ਰਾਤ ਦੇ ਖਾਣੇ ਦੀ ਵਿਵਸਥਾ ਤੱਕ ਕਰਨ ’ਚ ਜੁਟੇ ਹੋਏ ਹਨ। ਖਾਣੇ ਦੇ ਮਜ਼ੇ ਦੇ ਨਾਲ ਗਾਹਕ ਇਸ ਬ੍ਰਾਂਡ ਦੇ ਨਵੇਂ ਸਾਮਾਨ ਦੀ ਵੀਡੀਓ ਸਟ੍ਰੀਮਿੰਗ ਵੀ ਦੇਖ ਸਕਦੇ ਹਨ।
ਖੁਦਰਾ ਵਿਕ੍ਰੇਤਾਵਾਂ ਨੂੰ ਲੰਘੇ ਸੋਮਵਾਰ ਨੂੰ ਬ੍ਰਿਟੇਨ ਤੇ ਜ਼ਿਆਦਾਤਰ ਇਟਲੀ ’ਚ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਪਰ ਫ੍ਰਾਂਸ ’ਚ ਰਿਟੇਲ ਸ਼ਾਪਸ ਬੰਦ ਹਨ ਤੇ ਜਰਮਨੀ ’ਚ ਪਾਬੰਦੀ ਲੱਗੀ ਹੋਈ ਹੈ। ਬਰਲਿਨ ’ਚ ਜ਼ਿਆਦਾਤਰ ਦੁਕਾਨਾਂ ’ਚ ਜਾਣ ਲਈ ਕੋਰੋਨਾ ਨੈਗੇਟਿਵ ਟੈਸਟ ਰਿਪੋਰਟ ਗਾਹਕ ਕੋਲ ਹੋਣੀ ਜ਼ਰੂਰੀ ਹੈ।
ਇੰਡਸਟ੍ਰੀ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਆਪਣੇ ਸਾਮਾਨ ਨੂੰ ਰਿਵਾਇਤੀ ਸਟੋਰ ਨੈੱਟਵਰਕ ਦੇ ਬਾਹਰ ਵੇਚਣ ਦਾ ਚਲਣ ਸ਼ੁਰੂ ਹੋ ਗਿਆ ਹੈ। ਮੋਂਸਲਰ ਦੇ ਬੌਸ ਰੇਮੋ ਰਫਿਨੀ ਨੇ ਕਿਹਾ ਕਿ ਅਸੀਂ ਸਿੱਖ ਰਹੇ ਹਾਂ ਕਿ ਅਸੀਂ ਘੱਟ ਫਿਜ਼ੀਕਲ ਕੰਟੈਕਟ ਲੈਵਲ ’ਚ ਉੱਚ ਪੱਧਰ ਦੀ ਸੇਵਾ ਵੀ ਕਰ ਸਕਦੇ ਹਾਂ। ਈ-ਕਾਮਰਸ ਤੇ ਰਿਵਾਇਤੀ ਸਟੋਰ ਵਿਚਾਲੇ ਡਿਸਟੈਂਟ ਸੇਲ ਇਕ ਨਵੀਂ ਹੱਦ ਹੈ।
ਇੰਡਸਟ੍ਰੀ ਨੂੰ ਇਕ ਸਾਲ ’ਚ ਮਿਲਿਆ ਦੋਗੁਣਾ ਰੈਵੇਨਿਊ
ਮਾਹਿਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਤੇ ‘ਹਾਲੀਸਟੇ’ ਦਾ ਮਤਲਬ ਹੈ ਕਿ ਅਮੀਰ ਯੂਰਪੀ ਲੋਕਾਂ ਕੋਲ ਪੈਸਾ ਹੈ ਪਰ ਉਹ ਫੈਂਸੀ ਹੋਟਲਾਂ ਜਾਂ ਮਿਸ਼ੇਲਿਨ ਰੈਸਟੋਰੈਂਟਾਂ ’ਚ ਜਾ ਕੇ ਪੈਸਾ ਘੱਟ ਖਰਚ ਕਰਦੇ ਹਨ। ਡਿਜ਼ਾਇਨਰ ਬ੍ਰਾਂਡ ਉਸ ਨਕਦੀ ’ਚੋਂ ਕੁਝ ਨੂੰ ਕੈਸ਼ ਕਰਨ ਲਈ ਉਤਸੁਕ ਹਨ। ਹਰਮੀਸ ਵਰਗੀਆਂ ਬ੍ਰਾਂਡਿਡ ਕੰਪਨੀਆਂ ਨੇ ਵੀ ਪੂਰੀ ਤਰ੍ਹਾਂ ਈ-ਕਾਮਰਸ ਦਾ ਰਾਹ ਅਪਣਾਇਆ ਹੈ। ਮਾਹਿਰਾਂ ਅਨੁਸਾਰ ਪਿਛਲੇ ਇਕ ਸਾਲ ’ਚ ਵਿਕਰੀ ’ਚ 20 ਫੀਸਦੀ ਉਛਾਲ ਦੇ ਨਾਲ ਇੰਡਸਟ੍ਰੀ ਦਾ ਆਨਲਾਈਨ ਰੈਵੇਨਿਊ ਦੋਗੁਣਾ ਹੋ ਗਿਆ ਹੈ। ਬੋਸਟਨ ਕੰਸਲਟਿੰਗ ਗਰੁੱਪ ਨੂੰ ਉਮੀਦ ਹੈ ਕਿ 2023 ਤੱਕ ਇਹ ਵਧ ਕੇ 25 ਫੀਸਦੀ ਹੋ ਜਾਵੇਗਾ।
ਵਿਕਰੀ ’ਚ ਗਿਰਾਵਟ ਨੂੰ ਘੱਟ ਕਰਨ ’ਚ ਮਿਲੀ ਮਦਦ
ਚੀਨ ’ਚ ਲਗਜ਼ਰੀ ਬ੍ਰਾਂਡਸ ਦੀ ਮਜ਼ਬੂਤ ਰਿਕਵਰੀ ਹੋਈ ਹੈ ਕਿਉਂਕਿ ਪਿਛਲੀ ਬਸੰਤ ’ਚ ਦੁਕਾਨਾਂ ਫਿਰ ਤੋਂ ਖੁੱਲ੍ਹਣ ਲੱਗੀਆਂ ਸਨ ਪਰ ਯੂਰਪ ਤੇ ਅਮਰੀਕਾ ’ਚ ਗਾਹਕਾਂ ਦੇ ਨਾਲ ਜੁੜਣ ਦੇ ਨਵੇਂ ਤਰੀਕੇ ਲੱਭਣ ਨਾਲ ਉਨ੍ਹਾਂ ਨੂੰ ਪਿਛਲੇ ਸਾਲ ਦੀ ਵਿਕਰੀ ’ਚ ਗਿਰਾਵਟ ਨੂੰ ਘੱਟ ਕਰਨ ’ਚ ਮਦਦ ਮਿਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਇਨ੍ਹਾਂ ਦੋਵੇਂ ਦੇਸ਼ਾਂ ’ਚ ਵਿਕਰੀ ’ਚ ਸੁਧਾਰ ਨਾਲ ਮਾਲਿਆ ਹਾਸਲ ਕਰਨ ’ਚ ਵੀ ਮਦਦ ਮਿਲੇਗੀ। ਕੰਸਲਟੈਂਸੀ ਬੈਨ ਨੇ ਕਿਹਾ ਕਿ ਯੂਰਪ ਤੇ ਅਮਰੀਕਾ ’ਚ ਵਿਕਰੀ 2019 ’ਚ ਕੁਲ 60 ਫੀਸਦੀ ਸੀ ਤੇ 2025 ਤੱਕ 50 ਫੀਸਦੀ ਦੇ ਨੇੜੇ ਹੋਣੀ ਚਾਹੀਦੀ ਹੈ।
ਪਹਿਲਾਂ ਵਰਗੇ ਮਾਹੌਲ ’ਚ ਮੁੜਣਾ ਚਾਹੁੰਦੇ ਹਨ ਲੋਕ
ਮਹਾਮਾਰੀ ਤੋਂ ਪਹਿਲਾਂ ਗਿਸਮੋਂਡੀ ਨੇ ਨਿੱਜੀ ਤੌਰ ’ਤੇ ਕਿਸੇ ਗਾਹਕ ਨੂੰ 10 ਕੈਰੇਟ ਦੀ ਅੰਗੂਠੀ ਬਿਨਾ ਦਿਖਾਏ 3,00,000 ਯੂਰੋ ’ਚ ਨਹੀਂ ਵੇਚੀ ਹੋਵੇਗੀ। ਆਭੂਸ਼ਣ ਗਰੁੱਪ ਦੇ ਮੁੱਖ ਕਾਰਜਕਾਰੀ ਮਾਸਿੱਮੋ ਜਿਸਮੋਂਦੀ ਨੇ ਕਿਹਾ,‘ਮੈਂ ਇਸ ਨੂੰ ਖ੍ਰੀਦਣ ਵਾਲੀ ਔਰਤ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ ਤੇ ਅਜਿਹਾ ਹੀਰਾ ਉਸ ਦੇ ਜੀਵਨ ਦਾ ਇਕ ਸੁਪਨਾ ਸੀ।’ ਉਸੇ ਸਮੇਂ ਔਰਤ ਨਾਲ ਵਟਸਐਪ ਤੇ ਵੀਡੀਓ ਕਾਲ ਰਾਹੀਂ ਅੰਗੂਠੀ ਦਾ ਸਹੀ ਡਿਜ਼ਾਇਨ ਫਾਈਨਲ ਹੋਇਆ, ਜੋ ਉਸ ਨੂੰ ਡਿਲੀਵਰ ਕੀਤੀ ਜਾਣੀ ਹੈ। ਜਿਸਮੋਂਦੀ ਨੇ ਦੱਸਿਆ ਕਿ ਲੋਕ ਜ਼ਿੰਦਗੀ ਦਾ ਆਨੰਦ ਲੈਣ ਤੇ ਖਰਚਣ ਲਈ ਪਹਿਲਾਂ ਵਰਗੇ ਮਾਹੌਲ ’ਚ ਵਾਪਸ ਮੁੜਣ ਲਈ ਤਰਸ ਰਹੇ ਹਨ।
ਵਿਕਰੀ ਸਹਾਇਕ ਤੇ ਗਾਹਕ ਵਿਚਾਲੇ ਮਜ਼ਬੂਤ ਸਬੰਧ
ਗੂਚੀ ਦੇ ਮਾਲਿਕ ਕੇਰਿੰਗ ਦੇ ਸੀ. ਈ. ਓ. ਫ੍ਰੈਂਕੋਈਸ-ਹੈਨਰੀ ਪਿਨਾਉਲ ਨੇ ਫਰਵਰੀ ’ਚ ਕਿਹਾ ਸੀ ਕਿ ‘ਡਿਸਟੈਂਟ ਸੇਲ’ ਜਾਂ ਗਲੋਬਲ ਸਟੋਰ ਨੈੱਟਵਰਕ ਦੇ ਬਾਹਰ ਵਿਕਰੀ ਨਾਲ ਉਨ੍ਹਾਂ ਦੇ ਗਰੁੱਪ ਦੀ ਆਮਦਨ ਪਿਛਲੇ ਸਾਲ ਤੇਜ਼ੀ ਨਾਲ ਵਧੀ ਸੀ। ਉਨ੍ਹਾਂ ਦੇ ਗਰੁੱਪ ਨੇ 16 ਦੇਸ਼ਾਂ ’ਚ ਆਪਣੇ 400 ਵਿਕਰੀ ਸਹਾਇਕਾਂ ਨੂੰ ਟ੍ਰੇਂਡ ਕੀਤਾ ਸੀ। ਇਤਾਲਵੀ ਲਗਜ਼ਰੀ ਫੈਸ਼ਨ ਲੇਬਲ ਦੇ ਇਕ ਸ੍ਰੋਤ ਨੇ ਕਿਹਾ ਕਿ ਆਮ ਤੌਰ ’ਤੇ ਇਕ ਬ੍ਰਾਂਡ ਦਾ ਮਾਰਕੀਟਿੰਗ ਵਿਭਾਗ ਗਾਹਕਾਂ ਨਾਲ ਸੰਪਰਕ ਕਰਨ ਦੀ ਇਕ ਸੂਚੀ ਤਿਆਰ ਕਰਦਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਉਨ੍ਹਾਂ ਤੋਂ ਖ੍ਰੀਦਦਾਰੀ ਕੀਤੀ ਸੀ। ਫਿਰ ਵਿਕਰੀ ਸਹਾਇਕ ਗਾਹਕਾਂ ਨੂੰ ਫੋਨ ਕਰਦੇ ਹਨ, ਵੀਡੀਓ ਚੈਟ ਰਾਹੀਂ ਨਵੇਂ ਪ੍ਰੋਡਕਟਸ ਦਿਖਾਉਂਦੇ ਹਨ ਤੇ ਉਨ੍ਹਾਂ ਨੂੰ ਕੱਪੜੇ, ਜੁੱਤੀਆਂ ਜਾਂ ਹੋਰ ਸਾਮਾਨ ਡਿਲੀਵਰ ਕਰਦੇ ਹਨ।
ਪ੍ਰਾਦਾ ਗਰੁੱਪ ਦੇ ਸੀ. ਈ. ਓ. ਪੇਟ੍ਰੀਜਿਓ ਬਰਟੇਲੀ ਨੇ ਦੱਸਿਆ,‘ਤੁਸੀਂ ਵਿਕਰੀ ਸਹਾਇਕਾਂ ਤੇ ਗਾਹਕਾਂ ਵਿਚਾਲੇ ਇਕ ਮਜ਼ਬੂਤ ਸਬੰਧ ਬਣਾਉਂਦੇ ਹੋ।’ ਉਨ੍ਹਾਂ ਕਿਹਾ ਕਿ ਪਹਿਲਾਂ ਸੇਲਸ ਅਸਿਸਟੈਂਟ ਗਾਹਕ ਨੂੰ ਉਤਪਾਦ ਦਿਖਾਉਂਦਾ ਸੀ ਤੇ ਥੋੜੀ-ਬਹੁਤ ਮਾਰਕੀਟਿੰਗ ਕਰਦਾ ਸੀ ਤੇ ਗਾਹਕ ਦੇ ਟੇਸਟ ਤੇ ਉਨ੍ਹਾਂ ਦੀਆਂ ਆਦਤਾਂ ਨੂੰ ਜਾਣਦਾ ਸੀ ਪਰ ਹੁਣ ਉਹ ਆਪਣੇ ਗਾਹਕਾਂ ਤੱਕ ਪਹੁੰਚਦਾ ਹੈ ਤੇ ਉਨ੍ਹਾਂ ਨੂੰ ਸਾਮਾਨ ਘਰ ਭੇਜਦਾ ਹੈ।
ਮਿਲਾਨ ਦੀ ਇਕ ਕੰਪਨੀ ਜੋ ਇਕ ਸਾਲ ’ਚ ਔਸਤਨ 40,000 ਯੂਰੋ ਪ੍ਰਾਦਾ ਸਟੋਰ ’ਚ ਖਰਚ ਕਰਦੀ ਹੈ ਦੇ ਪੀ. ਆਰ. ਐਗਜ਼ੀਕਿਉਟਿਵ ਨੇ ਕਿਹਾ ਕਿ ਪਿਛਲੇ ਸਾਲ ਤੋਂ ਪ੍ਰਾਦਾ ਨੇ ਨਿਯਮਿਤ ਤੌਰ ’ਤੇ ਆਪਣੇ ਕੱਪੜਿਆਂ ਬਾਰੇ ਆਪਣੇ ਵੀਡੀਓ ਭੇਜੇ ਹਨ। ਜੇ ਮੈਨੂੰ ਕੁਝ ਪਸੰਦ ਆਉਂਦਾ ਹੈ ਤਾਂ ਉਹ ਇਸ ਨੂੰ ਘਰ ਭੇਜ ਦਿੰਦੇ ਹਨ। ਉਹ ਮੇਰੇ ਸਾਈਜ਼ ਦੇ ਬਾਰੇ ਜਾਣਦੇ ਹਨ ਤੇ ਜੇ ਕੋਈ ਮੁਸ਼ਕਿਲ ਹੋਵੇ ਤਾਂ ਉਹ ਇਕ ਤੋਂ ਵੱਧ ਸਾਈਜ਼ ਦੇ ਕੱਪੜੇ ਭੇਜਦੇ ਹਨ। ਮੈਨੂੰ ਜੋ ਪਸੰਦ ਹੋਵੇ, ਮੈਂ ਖ੍ਰੀਦਦਾ ਹਾਂ।
ਪਿਛਲੇ ਇਕ ਸਾਲ ਤੋਂ ਕਸ਼ਮੀਰੀ ਸਵੈਟਰ ਲੇਬਲ ਬਰੂਨੇਲੋ ਕੁੰ ਕਿਨੇਲੀ 30-40 ਗਾਹਕਾਂ ਦੇ ਨਾਲ ਵੀਡੀਓ ਕਾਲ ਦਾ ਆਯੋਜਨ ਕਰ ਰਿਹਾ ਹੈ, ਤਾਂਕਿ ਉਹ ਇਸ ਨੂੰ ਚਾਲੂ ਰੱਖ ਸਕਣ। ਬ੍ਰਾਂਡ ਦੀ ਡਿਪਟੀ ਸੀ. ਈ. ਓ. ਲੁਕਾ ਲਿਸੇਂਡ੍ਰੋਨੀ ਨੇ ਦੱਸਿਆ ਕਿ ਇਹ ਸਾਨੂੰ ਕਈ ਲੋਕਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜੇ ਅਸੀਂ ਫਿਜ਼ੀਕਲ ਅਪਵਾਇੰਟਮੈਂਟ ਦੀ ਵਿਵਸਥਾ ਕਰਨੀ ਹੋਵੇ ਤਾਂ ਸਾਨੂੰ ਸ਼ਾਇਦ 3-4 ਸਾਲ ਲੱਗਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰਾਂਡ ਨੂੰ ਆਪਣੇ ਮਾਲ ਨੂੰ ਵੇਚਣ ਦੀ ਕੋਸ਼ਿਸ਼ ’ਚ ਬਹੁਤ ਜ਼ਿਆਦਾ ਜ਼ਿੱਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਸੰਪਰਕ ਕਰਨਾ ਤੇ ਉਤੇਜਿਤ ਹੋਣਾ ਪਸੰਦ ਹੈ। ਹੋਰ ਲੋਕ ਬਹੁਤ ਜ਼ਿਆਦਾ ਬੇਨਤੀ ਨਹੀਂ ਕਰਨਾ ਚਾਹੁੰਦੇ ਹਨ।
ਸ਼ਾਪ ਆਨ ਵ੍ਹੀਲਸ ਕੰਪੇਨ : ਫ੍ਰਾਂਸਿਸੀ ਲਗਜ਼ਰੀ ਗਰੁੱਪ ਐੱਲ. ਵੀ. ਐੱਮ. ਐੱਚ. ਦੇ ਸਟਾਰ ਲੇਬਲ ਲੁਈ ਵੀਟਾਨ (ਐੱਲ. ਵੀ.) ਨੇ ਤਾਂ ਆਨਲਾਈਨ ਵਿਕਰੀ ਤੋਂ ਇਲਾਵਾ ਅਮਰੀਕਾ ’ਚ ਅਮੀਰ ਗਾਹਕਾਂ ਦੇ ਦਰਵਾਜ਼ਿਆਂ ਤੱਕ ਆਪਣੀਆਂ ਦੁਕਾਨਾਂ ਨੂੰ ਸ਼ੁਰੂ ਕਰ ਦਿੱਤਾ ਹੈ। ‘ਐੱਲ. ਵੀ. ਬਾਏ ਅਪਵਾਇੰਟਮੈਂਟ’ ਕੰਪੈਨ ਦੇ ਤਹਿਤ ਟੇਲਰ ਮੇਡ ਸ਼ਾਪ ਆਨ ਵ੍ਹੀਕਲਸ ਲੈਦਰ ਪ੍ਰੋਡਕਟਸ, ਘੜੀਆਂ ਤੇ ਪਰਫਿਊਮ ਦੀ ਵਿਕਰੀ ਲਈ ਗਾਹਕਾਂ ਤੱਕ ਪਹੁੰਚਦੀ ਹੈ।