ਹਾਜ਼ਰ ਬਾਜ਼ਾਰ 'ਚ ਮਹਿੰਗੇ ਹੋਏ ਛੋਲੇ, ਕੀਮਤਾਂ 'ਚ ਭਾਰੀ ਉਛਾਲ

07/18/2018 12:21:46 PM

ਮੁੰਬਈ— ਜਿੱਥੇ ਇਕ ਪਾਸੇ ਮਾਨਸੂਨ ਦੀ ਬਾਰਸ਼ ਕਾਰਨ ਕਈ ਖੇਤੀਬਾੜੀ ਪਾਦਰਥਾਂ ਦੇ ਮੁੱਲ ਨਰਮ ਪੈ ਗਏ, ਉੱਥੇ ਹੀ ਛੋਲਿਆਂ ਦੇ ਮੁੱਲ ਲਗਾਤਾਰ ਗਰਮ ਬਣੇ ਹੋਏ ਹਨ। ਮਾਨਸੂਨ ਦੇ ਆਗਮਨ ਦੇ ਨਾਲ ਛੋਲਿਆਂ 'ਚ ਸ਼ੁਰੂ ਹੋਇਆ ਤੇਜ਼ੀ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ 6 ਮਹੀਨਿਆਂ ਤਕ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਹੇਠਾਂ ਰਹਿਣ ਵਾਲੇ ਛੋਲੇ ਹੁਣ ਐੱਮ. ਐੱਸ. ਪੀ. ਦੇ ਬਰਾਬਰ ਪੁੱਜ ਗਏ ਹਨ। ਇੰਦੌਰ ਅਤੇ ਦਿੱਲੀ ਦੇ ਹਾਜ਼ਰ ਬਾਜ਼ਾਰ 'ਚ ਇਨ੍ਹਾਂ ਦਾ ਮੁੱਲ 4,400 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।
ਛੋਲਿਆਂ 'ਚ ਤੇਜ਼ੀ ਦੀ ਵਜ੍ਹਾ ਮੰਡੀਆਂ 'ਚ ਕਮਜ਼ੋਰ ਆਮਦ ਨੂੰ ਦੱਸਿਆ ਜਾ ਰਿਹਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਾਰਸ਼ ਕਾਰਨ ਆਮਦ ਘੱਟ ਹੈ, ਜਦੋਂ ਕਿ ਦਾਲ ਮਿੱਲਾਂ ਵੱਲੋਂ ਮੰਗ ਬਣੀ ਹੋਈ ਹੈ, ਜਿਸ ਕਾਰਨ ਕੀਮਤਾਂ ਵਧ ਰਹੀਆਂ ਹਨ। ਕਾਰੋਬਾਰੀਆਂ ਮੁਤਾਬਕ ਅਪ੍ਰੈਲ 'ਚ ਹਾਜ਼ਰ ਬਾਜ਼ਾਰ 'ਚ ਛੋਲੇ 2,800-3,000 ਰੁਪਏ ਪ੍ਰਤੀ ਕੁਇੰਟਲ ਤਕ ਵਿਕ ਰਹੇ ਸਨ, ਜਦੋਂ ਕਿ ਸਰਕਾਰ ਨੇ ਇਸ ਦਾ ਐੱਮ. ਐੱਸ. ਪੀ. 4,400 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ ਸੀ।
ਹੁਣ ਬਾਜ਼ਾਰ 'ਚ ਇਨ੍ਹਾਂ ਦੀ ਖਰੀਦ ਐੱਮ. ਐੱਸ. ਪੀ. ਦੇ ਬਰਾਬਰ ਹੋਣ ਨਾਲ ਮੰਡੀਆਂ 'ਚ ਛੋਲਿਆਂ ਦੀ ਆਮਦ ਵਧਣ ਦੀ ਉਮੀਦ ਹੈ। ਹਾਲਾਂਕਿ ਜੇਕਰ ਸਪਲਾਈ 'ਚ ਸੁਧਾਰ ਨਹੀਂ ਹੋਇਆ ਤਾਂ ਜਲਦ ਹੀ ਕੀਮਤਾਂ 5,000 ਰੁਪਏ ਪ੍ਰਤੀ ਕੁਇੰਟਲ ਤਕ ਵੀ ਪੁੱਜ ਸਕਦੀਆਂ ਹਨ। ਦਾਲ ਮਿੱਲਾਂ ਵੱਲੋਂ ਜ਼ੋਰਦਾਰ ਮੰਗ ਅਤੇ ਬਾਜ਼ਾਰ 'ਚ ਘੱਟ ਸਪਲਾਈ ਕਾਰਨ ਛੋਲਿਆਂ ਦੀਆਂ ਕੀਮਤਾਂ 'ਚ ਤੇਜ਼ੀ ਹੈ। ਇਸ ਦੇ ਇਲਾਵਾ ਸਰਕਾਰ ਨੇ ਦੇਸੀ ਛੋਲਿਆਂ ਦੀ ਬਰਾਮਦ (ਐਕਸਪੋਰਟ) ਲਈ 7 ਫੀਸਦੀ ਇਨਸੈਂਟਿਵ ਨੂੰ 20 ਸਤੰਬਰ ਤਕ ਵਧਾ ਦਿੱਤਾ ਹੈ। ਇਸ ਦਾ ਅਸਰ ਵੀ ਕੀਮਤਾਂ 'ਤੇ ਦਿਸ ਰਿਹਾ ਹੈ। ਹਾਜ਼ਰ ਬਾਜ਼ਾਰ 'ਚ ਕੀਮਤਾਂ ਵਧਣ ਦਾ ਮਤਲਬ ਹੈ ਕਿ ਪ੍ਰਚੂਨ 'ਚ ਇਨ੍ਹਾਂ ਦੀ ਕੀਮਤ ਹੋਰ ਵਧ ਸਕਦੀ ਹੈ।


Related News