ਕਣਕ, ਝੋਨੇ ਦੇ MSP ਨੂੰ ਲੈ ਕੇ ਕਿਸਾਨਾਂ ਦੀ ਚਿੰਤਾ 'ਤੇ ਬੋਲੇ ਖੇਤੀਬਾੜੀ ਮੰਤਰੀ

06/03/2020 10:18:54 PM

ਨਵੀਂ ਦਿੱਲੀ— ਸਰਕਾਰ ਨੇ ਕਿਸਾਨਾਂ ਦੀ ਭਵਿੱਖ 'ਚ ਕਣਕ ਤੇ ਝੋਨੇ ਦੇ ਐੱਮ. ਐੱਸ. ਪੀ. ਨੂੰ ਲੈ ਕੇ ਬਣ ਰਹੀ ਚਿੰਤਾ ਦੂਰ ਕਰ ਦਿੱਤੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਸਪੱਸ਼ਟ ਕਿਹਾ ਕਿ ਕੇਂਦਰ ਸਰਕਾਰ ਕਣਕ ਅਤੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨਿਰਧਾਰਤ ਕਰਨਾ ਜਾਰੀ ਰੱਖੇਗੀ ਅਤੇ ਇਸ ਨੂੰ ਖਤਮ ਨਹੀਂ ਕੀਤਾ ਜਾਵੇਗਾ। ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਮੰਤਰੀ ਮੰਡਲ ਨੇ ਕਣਕ ਅਤੇ ਝੋਨੇ ਲਈ ਐੱਮ. ਐੱਸ. ਪੀ. ਨੂੰ ਖਤਮ ਕਰਨ ਬਾਰੇ ਕੋਈ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਇਸ ਮੁੱਦੇ 'ਤੇ ਭੰਬਲਭੂਸਾ ਤੇ ਰਾਜਨੀਤੀ ਨਾ ਖੇਡਣੀ ਦੀ ਬੇਨਤੀ ਕੀਤੀ।


ਤੋਮਰ ਨੇ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋ ਦਿਨ ਪਹਿਲਾਂ ਸਰਕਾਰ ਨੇ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਝੋਨੇ ਦੇ ਫਸਲੀ ਸਾਲ 2020-21 (ਜੁਲਾਈ-ਜੂਨ) ਲਈ ਐੱਮ. ਐੱਸ. ਪੀ. ਦਾ ਐਲਾਨ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਐੱਮ. ਐੱਸ. ਪੀ. ਨਿਰਧਾਰਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਉਤਪਾਦਨ ਦੀ ਲਾਗਤ ਨਾਲੋਂ 50 ਫੀਸਦੀ ਵੱਧ ਹੈ। ਉਨ੍ਹਾਂ ਕਿਹਾ, ''ਐੱਮ. ਐੱਸ. ਪੀ. 'ਤੇ ਖਰੀਦ ਕੀਤੀ ਜਾ ਰਹੀ ਹੈ। ਇਹ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ। ਜੋ ਲੋਕ ਭੰਬਲਭੂਸਾ ਪੈਦਾ ਕਰਨ ਅਤੇ ਰਾਜਨੀਤੀ ਖੇਡਣਾ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਹੋਰ ਮੁੱਦਿਆਂ 'ਤੇ ਅਜਿਹਾ ਕਰਨ।'' ਤੋਮਰ ਨੇ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਕਿਸਾਨਾਂ ਨੂੰ ਬੇਇਨਸਾਫੀ ਝੱਲਣੀ ਪਈ ਤੇ ਜਦੋਂ ਮੌਜੂਦਾ ਸਰਕਾਰ ਇਨਸਾਫ ਦੇ ਰਹੀ ਹੈ ਤਾਂ“ਘੱਟੋ-ਘੱਟ ਰਾਜਨੀਤੀ ਨਾ ਕਰੋ।

ਝੋਨੇ ਦੇ ਖਰੀਦ ਮੁੱਲ 'ਚ 53 ਰੁਪਏ ਦਾ ਵਾਧਾ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 53 ਰੁਪਏ ਵਧਾ ਕੇ 1,868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਗਰੇਡ ਏ ਝੋਨੇ ਦੀ ਕਿਸਮ ਦਾ ਐੱਮ. ਐੱਸ. ਪੀ. ਪਿਛਲੇ ਸਾਲ ਦੇ 1,835 ਪ੍ਰਤੀ ਕੁਇੰਟਲ ਤੋਂ ਵਧਾ ਕੇ 1,888 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।

ਕਪਾਹ ਦਾ ਸਮਰਥਨ ਮੁੱਲ ਪਿਛਲੇ ਸਾਲ ਦੇ 5,255 ਰੁਪਏ ਪ੍ਰਤੀ ਕੁਇੰਟਲ ਤੋਂ 260 ਰੁਪਏ ਪ੍ਰਤੀ ਕੁਇੰਟਲ ਵਧਾ ਕੇ 5,515 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ, ਜਦੋਂ ਕਿ ਲੰਮੇ ਰੇਸ਼ੇ ਵਾਲੀ ਕਪਾਹ ਦਾ ਸਮਰਥਨ ਮੁੱਲ 5,825 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 5,550 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।


Sanjeev

Content Editor

Related News