ਬੈਂਕ ਧੋਖਾਧੜੀ ''ਚ CBI ਨੂੰ ਵੱਡੀ ਸਫਲਤਾ, ਨੀਰਵ ਮੋਦੀ ਦੇ ਕਰੀਬੀ ਸੁਭਾਸ਼ ਸ਼ੰਕਰ ਨੂੰ ਲਿਆਂਦਾ ਮੁੰਬਈ

Tuesday, Apr 12, 2022 - 03:59 PM (IST)

ਬੈਂਕ ਧੋਖਾਧੜੀ ''ਚ CBI ਨੂੰ ਵੱਡੀ ਸਫਲਤਾ, ਨੀਰਵ ਮੋਦੀ ਦੇ ਕਰੀਬੀ ਸੁਭਾਸ਼ ਸ਼ੰਕਰ ਨੂੰ ਲਿਆਂਦਾ ਮੁੰਬਈ

ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਦੇ ਮਾਮਲੇ ਵਿੱਚ ਸੀਬੀਆਈ ਨੂੰ ਵੱਡੀ ਸਫਲਤਾ ਮਿਲੀ ਹੈ। ਇੱਕ ਵੱਡੀ ਕਾਰਵਾਈ ਵਿੱਚ, ਸੀਬੀਆਈ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਕਰੀਬੀ ਸੁਭਾਸ਼ ਸ਼ੰਕਰ ਨੂੰ ਮਿਸਰ ਦੇ ਕਾਹਿਰਾ ਤੋਂ ਮੁੰਬਈ ਲਿਆਂਦਾ ਹੈ। ਸੀਬੀਆਈ ਨੇ ਉਸ ਨੂੰ ਨੀਰਵ ਮੋਦੀ ਨਾਲ ਜੁੜੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘਪਲੇ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਸੀਬੀਆਈ ਉਸ ​​ਨੂੰ ਦੇਸ਼ ਵਾਪਸ ਲਿਆਉਣ ਲਈ ਲੰਬੇ ਸਮੇਂ ਤੋਂ ਅਪਰੇਸ਼ਨ ਚਲਾ ਰਹੀ ਸੀ। ਜਾਣਕਾਰੀ ਮੁਤਾਬਕ 49 ਸਾਲਾ ਸੁਭਾਸ਼ ਸ਼ੰਕਰ 2018 'ਚ ਨੀਰਵ ਮੋਦੀ ਦੇ ਨਾਲ ਭਾਰਤ ਛੱਡ ਕੇ ਭੱਜ ਗਿਆ ਸੀ। ਉਸ ਨੂੰ ਨੀਰਵ ਮੋਦੀ ਦਾ ਸਭ ਤੋਂ ਨਜ਼ਦੀਕੀ ਮੰਨਿਆ ਜਾਂਦਾ ਹੈ। ਸੀਬੀਆਈ ਹੁਣ ਸੁਭਾਸ਼ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਵੇਗੀ।

ਇਹ ਵੀ ਪੜ੍ਹੋ : ਅਜੇ ਹੋਰ ਵਧਣਗੇ ਸੀਮੈਂਟ ਦੇ ਮੁੱਲ, ਘਰ ਬਣਾਉਣਾ ਹੋਵੇਗਾ ਮਹਿੰਗਾ

PNB ਧੋਖਾਧੜੀ ਦੇ ਦੋਸ਼ੀ ਹਨ ਸੁਭਾਸ਼ ਸ਼ੰਕਰ

ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਸੁਭਾਸ਼ ਸ਼ੰਕਰ ਪਰਬ ਫਾਇਰਸਟਾਰ ਡਾਇਮੰਡ ਦੇ ਡਿਪਟੀ ਜਨਰਲ ਮੈਨੇਜਰ (ਵਿੱਤ) ਸਨ ਅਤੇ ਉਹ ਨੀਰਵ ਮੋਦੀ ਦੇ 7,000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮੁੱਖ ਦੋਸ਼ੀ ਹਨ। ਉਨ੍ਹਾਂ ਕਿਹਾ, ਪਰਬ, ਜੋ ਕਥਿਤ ਤੌਰ 'ਤੇ ਕਾਹਿਰਾ ਵਿੱਚ ਲੁਕਿਆ ਹੋਇਆ ਸੀ, ਨੂੰ ਉਸ ਦੀ ਹਵਾਲਗੀ ਤੋਂ ਬਾਅਦ ਮੰਗਲਵਾਰ ਨੂੰ ਮੁੰਬਈ ਲਿਆਂਦਾ ਗਿਆ ਹੈ। ਅਧਿਕਾਰੀਆਂ ਮੁਤਾਬਕ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਚਾਚਾ ਮੇਹੁਲ ਚੋਕਸੀ ਨਾਲ ਦੁੜੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਹ ਫਰਾਰ ਚਲ ਰਿਹਾ ਸੀ।

ਇੰਟਰਪੋਲ ਨੇ ਜਾਰੀ ਕੀਤਾ ਸੀ ਨੋਟਿਸ 

ਸਾਲ 2018 ਵਿੱਚ, ਇੰਟਰਪੋਲ ਨੇ ਪੀਐਨਬੀ ਬੈਂਕ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਬੇਨਤੀ 'ਤੇ ਨੀਰਵ ਮੋਦੀ, ਉਸਦੇ ਭਰਾ ਨਿਸ਼ਾਲ ਮੋਦੀ ਅਤੇ ਉਸਦੇ ਕਰਮਚਾਰੀ ਸੁਭਾਸ਼ ਸ਼ੰਕਰ ਦੇ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇੰਟਰਪੋਲ ਨੇ ਚਾਰ ਸਾਲ ਪਹਿਲਾਂ ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਅਤੇ ਵਿਸ਼ੇਸ਼ ਜੱਜ ਜੇਸੀ ਜਗਦਾਲੇ ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਦੇ ਆਧਾਰ ’ਤੇ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਰੈੱਡ ਕਾਰਨਰ ਨੋਟਿਸ (ਆਰਸੀਐਨ) ਜਾਰੀ ਕੀਤਾ ਸੀ।

ਕਰੀਬ 14,000 ਕਰੋੜ ਰੁਪਏ ਦਾ PNB ਘੁਟਾਲਾ

ਨੀਰਵ ਮੋਦੀ 'ਤੇ PNB ਨੂੰ 14,000 ਕਰੋੜ ਰੁਪਏ ਦੀ ਧੋਖਾਧੜੀ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਦੂਜੇ ਦੇਸ਼ਾਂ ਨੂੰ ਭੇਜਣ ਦਾ ਦੋਸ਼ ਹੈ। ਧੋਖਾਧੜੀ ਦਾ ਪਰਦਾਫਾਸ਼ ਹੋਣ ਤੋਂ ਬਾਅਦ 50 ਸਾਲਾ ਹੀਰਾ ਵਪਾਰੀ ਭਾਰਤ ਛੱਡ ਕੇ ਭੱਜ ਗਿਆ ਸੀ। ਇਸ ਤੋਂ ਬਾਅਦ ਮਾਰਚ 2019 'ਚ ਨੀਰਵ ਮੋਦੀ ਦੀ ਬ੍ਰਿਟੇਨ 'ਚ ਗ੍ਰਿਫਤਾਰੀ ਹੋਈ ਸੀ। ਨੀਰਵ ਮੋਦੀ ਲੰਡਨ ਦੀ ਵੈਂਡਸਵਰਥ ਜੇਲ 'ਚ ਬੰਦ ਹੈ। ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਨੇ ਭਾਰਤੀ ਏਜੰਸੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ। ਨੀਰਵ ਮੋਦੀ ਨੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਹੈ। ਨੀਰਵ ਮੋਦੀ ਨੇ ਮਾਨਸਿਕ ਸਿਹਤ ਅਤੇ ਮਨੁੱਖੀ ਅਧਿਕਾਰਾਂ ਦਾ ਹਵਾਲਾ ਦਿੱਤਾ ਹੈ।

ਇਹ ਵੀ ਪੜ੍ਹੋ : ਆਸਮਾਨ ਛੂਹ ਰਹੇ ਹਨ ਨਿੰਬੂ ਦੇ ਮੁੱਲ, ਹਰੀ ਮਿਰਚ ਅਤੇ ਸਬਜ਼ੀਆਂ ਵੀ ਵਿਖਾ ਰਹੀਆਂ ਤੇਵਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News