‘ਨੋਟਬੰਦੀ ਤੋਂ 5 ਸਾਲ ਬਾਅਦ ਵੀ ਨਹੀਂ ਘਟੀ ਨਕਦੀ, ਸਿਸਟਮ ’ਚ ਰਿਕਾਰਡ ਕੈਸ਼ ਮੁਹੱਈਆ’

Saturday, Nov 06, 2021 - 10:40 AM (IST)

‘ਨੋਟਬੰਦੀ ਤੋਂ 5 ਸਾਲ ਬਾਅਦ ਵੀ ਨਹੀਂ ਘਟੀ ਨਕਦੀ, ਸਿਸਟਮ ’ਚ ਰਿਕਾਰਡ ਕੈਸ਼ ਮੁਹੱਈਆ’

ਨਵੀਂ ਦਿੱਲੀ (ਇੰਟ.) – ਕਰੀਬ 5 ਸਾਲ ਪਹਿਲਾਂ 8 ਨਵੰਬਰ 2016 ਨੂੰ ਮੋਦੀ ਸਰਕਾਰ ਨੇ ਅਚਾਨਕ 500 ਅਤੇ 1000 ਰੁਪਏ ਮੁੱਲ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ। ਸਰਕਾਰ ਨੇ ਲੋਕਾਂ ਨੂੰ ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਨੂੰ ਪ੍ਰੇਰਿਤ ਕੀਤਾ। ਸਰਕਾਰ ਮੁਤਾਬਕ ਨੋਟਬੰਦੀ ਦਾ ਇਕ ਅਹਿਮ ਟੀਚਾ ਸਿਸਟਮ ’ਚੋਂ ਨਕਦੀ ਘਟਾਉਣਾ ਸੀ। ਹਾਲਾਂਕਿ ਨੋਟਬੰਦੀ ਦੇ ਪੰਜ ਸਾਲ ਬਾਅਦ ਵੀ ਇਹ ਲਗਾਤਾਰ ਵਧ ਰਹੀ ਹੈ ਅਤੇ 8 ਅਕਤੂਬਰ 2021 ਨੂੰ ਖਤਮ ਹੋਣ ਵਾਲੇ ਫੋਰਟਨਾਈਟ (14 ਦਿਨਾਂ ਦੀ ਮਿਆਦ) ਵਿਚ ਲੋਕਾਂ ਕੋਲ ਰਿਕਾਰਡ ਨਕਦੀ ਰਹੀ।

ਇਹ ਵੀ ਪੜ੍ਹੋ : ‘ਬਾਜ਼ਾਰ ’ਚ ਰੌਣਕ ਵਧੀ, ਦੀਵਾਲੀ ਤੋਂ ਪਹਿਲਾਂ ਧਨਤੇਰਸ ਮੌਕੇ ਸੋਨੇ ਦੀ ਵਿਕਰੀ ਤੇਜ਼’

ਲੈਣ-ਦੇਣ ਲਈ ਨਕਦੀ ਆਮ ਲੋਕਾਂ ਦੀ ਪਸੰਦ ਬਣੀ ਹੋਈ ਹੈ। 8 ਅਕਤੂਬਰ ਨੂੰ ਸਮਾਪਤ ਹੋਣ ਵਾਲੇ ਫੋਰਟਨਾਈਟ ’ਚ ਲੋਕਾਂ ਕੋਲ 28.30 ਲੱਖ ਕਰੋੜ ਰੁਪਏ ਦਾ ਕੈਸ਼ ਸੀ ਜੋ ਕਿ 4 ਨਵੰਬਰ 2016 ਨੂੰ ਮੁਹੱਈਆ ਕੈਸ਼ ਦੇ ਮੁਕਾਬਲੇ 57.48 ਫੀਸਦੀ ਵੱਧ ਹੈ। ਇਸ ਦਾ ਮਤਲਬ ਹੋਇਆ ਕਿ ਲੋਕਾਂ ਕੋਲ 5 ਸਾਲ ’ਚ ਕੈਸ਼ 57.48 ਫੀਸਦੀ ਯਾਨੀ ਕਿ 10.33 ਲੱਖ ਕਰੋੜ ਰੁਪਏ ਵਧ ਗਿਆ। 4 ਨਵੰਬਰ 2016 ਨੂੰ ਲੋਕਾਂ ਕੋਲ 17.97 ਲੱਖ ਕਰੋੜ ਰੁਪਏ ਦੀ ਨਕਦੀ ਸੀ ਜੋ ਨੋਟਬੰਦੀ ਦਾ ਐਲਾਨ (8 ਨਵੰਬਰ 2016) ਹੋਣ ਤੋਂ ਬਾਅਦ 25 ਨਵੰਬਰ 2016 ਨੂੰ 9.11 ਲੱਖ ਕਰੋੜ ਰੁਪਏ ਰਹਿ ਗਈ। ਇਸ ਦਾ ਮਤਲਬ ਹੋਇਆ ਕਿ 25 ਨਵੰਬਰ 2016 ਦੇ ਪੱਧਰ ਤੋਂ 8 ਅਕਤੂਬਰ 2021 ਤੱਕ ਆਉਣ ’ਚ 211 ਫੀਸਦੀ ਨਕਦੀ ਵਧ ਗਈ। ਜਨਵਰੀ 2017 ’ਚ ਲੋਕਾਂ ਕੋਲ 7.8 ਲੱਖ ਕਰੋੜ ਰੁਪਏ ਦੀ ਨਕਦੀ ਸੀ।

ਇਹ ਵੀ ਪੜ੍ਹੋ : ਇੰਡੀਅਨ ਆਇਲ ਦਾ ਅਗਲੇ ਤਿੰਨ ਸਾਲਾਂ ਚ 10,000 EV ਚਾਰਜਿੰਗ ਸਟੇਸ਼ਨ ਲਗਾਉਣ ਦਾ ਟੀਚਾ

ਕੋਰੋਨਾ ਨੇ ਵਧਾਇਆ ਨਕਦੀ ਦਾ ਇਸਤੇਮਾਲ

ਸਰਕਾਰ ਅਤੇ ਆਰ. ਬੀ. ਆਈ. ‘ਲੈਸ ਕੈਸ਼ ਸੋਸਾਇਟੀ ਸਿਸਟਮ’ ਅਤੇ ਡਿਜੀਟਲ ਭੁਗਤਾਨ ਨੂੰ ਬੜ੍ਹਾਵਾ ਦੇ ਰਹੀ ਹੈ। ਇਸ ਤੋਂ ਇਲਾਵਾ ਨਕਦੀ ਦੇ ਲੈਣ-ਦੇਣ ਨੂੰ ਲੈ ਕੇ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਹਾਲਾਂਕਿ ਇਨ੍ਹਾਂ ਦੇ ਬਾਵਜੂਦ ਸਿਸਟਮ ’ਚ ਲਗਾਤਾਰ ਨਕਦੀ ਵਧ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ ਇਸ ’ਚ ਹੋਰ ਤੇਜ਼ੀ ਆਈ ਕਿਉਂਕਿ ਲਾਕਡਾਊਨ ਕਾਰਨ ਵੱਧ ਤੋਂ ਵੱਧ ਲੋਕ ਨਕਦੀ ਦੀ ਵਿਵਸਥਾ ਕਰਨ ਲੱਗੇ ਤਾਂ ਕਿ ਗ੍ਰਾਸਰੀ ਅਤੇ ਹੋਰ ਜ਼ਰੂਰੀ ਚੀਜ਼ਾਂ ਲਈ ਭੁਗਤਾਨ ਕੀਤਾ ਜਾ ਸਕੇ। ਹਾਲਾਂਕਿ ਇਕ ਬੈਂਕਰ ਮੁਤਾਬਕ ਵਧੇਰੇ ਨਕਦੀ ਨਾਲ ਸਹੀ ਤਸਵੀਰ ਨਹੀਂ ਪੇਸ਼ ਹੁੰਦੀ ਹੈ ਸਗੋਂ ਇਸ ਨੂੰ ਕਰੰਸੀ ਅਤੇ ਜੀ. ਡੀ. ਪੀ. ਦੇ ਰੇਸ਼ੋ ਨੂੰ ਦੇਖਣਾ ਚਾਹੀਦਾ ਹੈ ਜੋ ਨੋਟਬੰਦੀ ਤੋਂ ਬਾਅਦ ਹੇਠਾਂ ਆਇਆ ਹੈ ਪਰ ਇਹ ਰੇਸ਼ੋ ਵੀ ਵਧਿਆ ਹੈ। ਵਿੱਤੀ ਸਾਲ 2020 ਤੱਕ ਇਹ ਅਨੁਪਾਤ 10-12 ਫੀਸਦੀ ਸੀ ਜੋ ਕੋਰੋਨਾ ਮਹਾਮਾਰੀ ਤੋਂ ਬਾਅਦ ਵਧ ਗਿਆ ਅਤੇ ਅਨੁਮਾਨ ਹੈ ਕਿ ਵਿੱਤੀ ਸਾਲ 2025 ਤੱਕ 14 ਫੀਸਦੀ ਹੋ ਜਾਏਗਾ।

ਇਹ ਵੀ ਪੜ੍ਹੋ : 10 ਨਵੰਬਰ ਨੂੰ ਖੁੱਲ੍ਹੇਗਾ ਲੇਟੈਂਟ ਵਿਊ IPO, ਜਾਣੋ ਕਿੰਨੀ ਹੋਵੇਗੀ ਪ੍ਰਤੀ ਸ਼ੇਅਰ ਕੀਮਤ

ਕੈਸ਼ ਦੀ ਬਣੀ ਰਹੇਗੀ ਮਹੱਤਤਾ

ਆਰ. ਬੀ. ਆਈ. ਦਾ ਮੰਨਣਾ ਹੈ ਜੀ. ਡੀ. ਪੀ. ਿਵਚ ਨਾਮਾਤਰ ਵਾਧੇ ਨਾਲ ਸਿਸਟਮ ’ਚ ਨਕਦੀ ਵੀ ਵਧੇਗੀ। ਫੈਸਟਿਵ ਸੀਜ਼ਨ ’ਚ ਕੈਸ਼ ਦੀ ਮੰਗ ਵਧੇਰੇ ਬਣੀ ਰਹੀ ਕਿਉਂਕਿ ਜ਼ਿਆਦਾਤਰ ਦੁਕਾਨਦਾਰ ਐਂਡ-ਟੂ-ਐਂਡ ਟ੍ਰਾਂਜਿਕਸ਼ਨ ਲਈ ਕੈਸ਼ ਪੇਮੈਂਟਸ ’ਤੇ ਨਿਰਭਰ ਰਹੇ। ਲੈਣ-ਦੇਣ ਲਈ ਨਕਦੀ ਦੀ ਮਹੱਤਤਾ ਬਣੀ ਰਹਿਣ ਵਾਲੀ ਹੈ ਕਿਉਂਕਿ ਕਰੀਬ 15 ਕਰੋੜ ਲੋਕਾਂ ਕੋਲ ਬੈਂਕ ਖਾਤਾ ਨਹੀਂ ਹੈ ਅਤੇ ਟੀਅਰ-4 ਸ਼ਹਿਰਾਂ ’ਚ 90 ਫੀਸਦੀ ਤੋਂ ਵੱਧ ਈ-ਕਾਮਰਸ ਟ੍ਰਾਂਜੈਕਸ਼ਨ ਕੈਸ਼ ’ਚ ਹੁੰਦੇ ਹਨ ਜਦ ਕਿ ਟੀਅਰ-1 ਸ਼ਹਿਰਾਂ ’ਚ ਸਿਰਫ 50 ਫੀਸਦੀ ਹੀ ਟ੍ਰਾਂਜੈਕਸ਼ਨ ਕੈਸ਼ ਰਾਹੀਂ ਹੁੰਦੇ ਹਨ।

ਇਹ ਵੀ ਪੜ੍ਹੋ : ‘ਖਾਦੀ ਵਿਕਰੀ ਦੇ ਟੁੱਟੇ ਸਾਰੇ ਰਿਕਾਰਡ, ਸਿਰਫ ਇਕ ਸਟੋਰ ਤੋਂ 1 ਦਿਨ ’ਚ ਲੋਕਾਂ ਨੇ ਖਰੀਦੀ 1.29 ਕਰੋੜ ਦੀ ਖਾਦੀ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News