‘ਕਾਰਬਾਮਾਜੇਪਿਨ, ਰੈਂਟੀਡਿਨ, ਈਬੂਪ੍ਰੋਫੇਨ ਦਵਾਈਆਂ 50 ਫੀਸਦੀ ਹੋਈਆਂ ਮਹਿੰਗੀਆਂ’
Saturday, Jul 03, 2021 - 02:50 PM (IST)
ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨ. ਪੀ. ਪੀ. ਏ.) ਨੇ ਕਿਹਾ ਕਿ ਉਸ ਨੇ ਤਿੰਨ ਦਵਾਈਆਂ ਕਾਰਬਾਮਾਜੇਪਿਨ, ਰੈਂਟੀਡਿਨ, ਈਬੂਪ੍ਰੋਫੇਨ ਦੇ 9 ਨਿਰਧਾਰਤ ਫਾਰਮੂਲੇਸ਼ਨ ਦੇ ਵੱਧ ਤੋਂ ਵੱਧ ਮੁੱਲ ’ਚ 50 ਫੀਸਦੀ ਦਾ ਯਕਮੁਸ਼ਤ ਵਾਧਾ ਕੀਤਾ ਹੈ। ਯਾਨੀ ਹੁਣ ਇਹ ਦਵਾਈਆਂ 50 ਫੀਸਦੀ ਮਹਿੰਗੀਆਂ ਮਿਲਣਗੀਆਂ। ਇਸ ਦਾ ਟੀਚਾ ਇਨ੍ਹਾਂ ਦਵਾਈਆਂ ਦੀ ਉਪਲਬਧਤਾ ਯਕੀਨੀ ਕਰਨਾ ਹੈ।
ਐੱਨ. ਪੀ. ਪੀ. ਏ. ਨੇ ਆਪਣੇ ਆਦੇਸ਼ ’ਚ ਕਿਹਾ ਕਿ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਸ਼ੁਰੂਆਤੀ ਇਲਾਜ ਲਈ ਕੀਤਾ ਜਾਂਦਾ ਹੈ ਅਤੇ ਇਹ ਦੇਸ਼ ਦੇ ਜਨਤਕ ਸਿਹਤ ਪ੍ਰੋਗਰਾਮਾਂ ਲਈ ਅਹਿਮ ਹਨ। ਐੱਨ. ਪੀ. ਪੀ. ਏ. ਨੇ 28 ਜੂਨ ਨੂੰ ਹੋਈ ਆਪਣੀ ਬੈਠਕ ’ਚ ਡੀ. ਪੀ. ਸੀ. ਓ. 2013 ਦੇ ਪੈਰਾਗ੍ਰਾਫ 19 ਦੇ ਤਹਿਤ ਇਨ੍ਹਾਂ ਦਵਾਈਆਂ ਦੇ ਫਾਰਮੂਲੇਸ਼ਨ ਲਈ ਮੁੱਲ ਵਾਧੇ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਨੋਟਿਸ ਲਿਆ ਕਿ ਇਹ ਨਿਰਧਾਰਤ ਫਾਰਮੂਲੇਸ਼ਨ ਘੱਟ ਕੀਮਤ ਵਾਲੀਆਂ ਹਨ ਅਤੇ ਉਨ੍ਹਾਂ ਦੀਆਂ ਕੀਮਤਾਂ ਨੂੰ ਵਾਰ-ਵਾਰ ਕੀਮਤ ਕੰਟਰੋਲ ’ਚ ਰੱਖਿਆ ਗਿਆ ਹੈ।